ਨਵੀਂ ਦਿੱਲੀ : ਜੰਮੂ-ਕਸ਼ਮੀਰ (Jammu and Kashmir) ਤੋਂ ਧਾਰਾ 370 (Article 370) ਹਟਾਉਣ ਦੇ ਭਾਰਤ ਸਰਕਾਰ ਦੇ ਐਲਾਨ ਦੇ ਬਾਅਦ ਤੋਂ ਹੀ ਪਾਕਿਸਤਾਨ ਘਬਰਾਇਆ ਹੋਇਆ ਹੈ। ਇਸ ਸਬੰਧੀ ਉੱਥੋਂ ਦੇ ਲੋਕ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਹੁਣ ਇਕ ਮਸ਼ਹੂਰ ਅਦਾਕਾਰਾ ਨੇ ਕੌਮਾਂਤਰੀ ਮੰਚ 'ਤੇ ਬਾਲੀਵੁੱਡ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪਾਕਿਸਤਾਨ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ।

ਅਦਾਕਾਰਾ ਮੇਹਵਿਸ਼ ਹਯਾਤ (Mehwish Hayat) ਨੇ ਓਸਲੋ 'ਚ ਇਕ ਪ੍ਰੋਗਰਾਮ ਦੌਰਾਨ ਬਾਲੀਵੁੱਡ 'ਤੇ ਆਪਣੀਆਂ ਫਿਲਮਾਂ ਜ਼ਰੀਏ ਇਸਲਾਮ ਤੇ ਪਾਕਿਸਤਾਨ ਨੂੰ ਬਦਨਾਮ ਕਰਨ ਦਾ ਦੋਸ਼ ਲਗਾਇਆ। ਮੇਹਵਿਸ਼ ਨੇ ਕਸ਼ਮੀਰ ਸਬੰਧੀ ਦੋਨਾਂ ਮੁਲਕਾਂ ਵਿਚਕਾਰ ਚੱਲ ਰਹੀ ਖਿੱਚੋਤਾਣ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸਾਡੇ ਗੁਆਂਢੀ ਕੋਲ ਵੱਡੀ ਫਿਲਮ ਇੰਡਸਟਰੀ ਹੈ। ਇਸ ਜ਼ਰੀਏ ਉਹ ਲੋਕਾਂ ਨੂੰ ਇਕਜੁੱਟ ਕਰਨ ਦੀ ਤਾਕਤ ਰੱਖਦਾ ਹੈ ਪਰ ਉਹ ਕਰਦਾ ਕੀ ਹੈ? ਉਹ ਪਾਕਿਸਤਾਨੀਆਂ ਨੂੰ ਖ਼ਲਨਾਇਕ ਦਿਖਾਉਂਦੇ ਹੋਏ ਅਣਗਿਣਤ ਫਿਲਮਾਂ ਬਣਾਉਂਦਾ ਹੈ। ਪਿਛਲੇ ਸਾਲ ਹੀ ਅਜਿਹੀਆਂ ਕਈ ਫਿਲਮਾਂ ਆਈਆਂ ਹਨ ਜਿਨ੍ਹਾਂ ਵਿਚ ਪਾਕਿਸਤਾਨ ਨੂੰ ਖ਼ਰਾਬ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।

ਮੇਹਵਿਸ਼ ਨੇ ਅੱਗੇ ਕਿਹਾ, 'ਮੈਂ ਇਹ ਸਮਝਦੀ ਹਾਂ ਕਿ ਸਾਡੇ ਇਤਿਹਾਸ ਅਤੇ ਅਤੀਤ ਨੂੰ ਦੇਖਦੇ ਹੋਏ ਉਦਾਸੀਨ ਰਹਿਣਾ ਬੇਹੱਦ ਮੁਸ਼ਕਲ ਹੈ। ਪਰ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਸੁਰੱਖਿਅਤ ਭਵਿੱਖ ਚਾਹੁੰਦੇ ਹਾਂ ਤਾਂ ਕਲਾਕਾਰ ਹੋਣ ਦੇ ਨਾਤੇ ਸਾਨੂੰ ਵੀ ਸਟੈਂਡ ਲੈਣਾ ਪਵੇਗਾ। ਸਾਡੇ ਗੁਆਂਢੀਆਂ ਨੂੰ ਇਹ ਤੈਅ ਕਰਨਾ ਪਵੇਗਾ ਕਿ ਉਹ ਕੀ ਚਾਹੁੰਦੇ ਹਨ- ਸ਼ਾਂਤੀਮਈ ਭਵਿੱਖ ਅਤੇ ਰਾਸ਼ਟਰਵਾਦ ਦਾ ਉਨਮਾਦ।

Posted By: Seema Anand