ਕਮਲ ਕਿਸ਼ੋਰ, ਜਲੰਧਰ : ਕ੍ਰਿਕਟ ਦੇ ਮੈਦਾਨ 'ਚ ਸੱਪ ਵਾਂਗ ਵਲ ਖਾਂਦੀਆਂ ਗੇਂਦਾਂ ਨਾਲ ਕਰੋੜਾਂ ਲੋਕਾਂ ਦਾ ਦਿਲ ਜਿੱਤ ਚੁੱਕੇ ਹਰਭਜਨ ਸਿੰਘ ਹੁਣ ਸਿਲਵਰ ਸਕਰੀਨ ਜ਼ਰੀਏ ਦਰਸ਼ਕਾਂ ਦੇ ਦਿਲਾਂ 'ਚ ਉਤਰਨ ਲਈ ਤਿਆਰ ਹਨ। ਟਰਬਨੇਟਰ ਦੇ ਨਾਂ ਨਾਲ ਜਾਣੇ ਜਾਂਦੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਤਮਿਲ ਫਿਲਮ 'ਦਿੱਕੀਲੂਨਾ' ਨਾਲ ਫਿਲਮਾਂ 'ਚ ਕਦਮ ਰੱਖਣ ਜਾ ਰਹੇ ਹਨ। ਫਿਲਮ ਦੀ ਸ਼ੂਟਿੰਗ ਦਸੰਬਰ 'ਚ ਸ਼ੁਰੂ ਹੋਣ ਜਾ ਰਹੀ ਹੈ।

ਇਹ ਗੱਲਾਂ ਹਰਭਜਨ ਸਿੰਘ ਨੇ ਜਾਗਰਣ ਗਰੁੱਪ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਾਂਝੀਆਂ ਕੀਤੀਆਂ। ਉਹ ਐਤਵਾਰ ਨੂੰ ਜਲੰਧਰ 'ਚ ਇਕ ਪ੍ਰਰੋਗਰਾਮ 'ਚ ਸ਼ਾਮਲ ਹੋਣ ਲਈ ਆਏ ਸਨ। ਭੱਜੀ ਇਸ ਤੋਂ ਪਹਿਲਾਂ ਪੰਜਾਬੀ ਫਿਲਮਾਂ ਦੇ ਨਾਲ-ਨਾਲ ਛੋਟੇ ਪਰਦੇ ਦੇ ਰਿਅਲਟੀ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾਅ ਚੁੱਕੇ ਹਨ। ਬੀਸੀਸੀਆਈ ਦੇ ਨਵੇਂ ਪ੍ਰਧਾਨ ਸੌਰਵ ਗਾਂਗੁਲੀ ਸਬੰਧੀ ਭੱਜੀ ਨੇ ਕਿਹਾ ਕਿ ਕ੍ਰਿਕਟ ਜਗਤ 'ਚ ਇਕ ਲੀਡਰ ਦੇ ਰੂਪ 'ਚ ਸੌਰਵ ਵਧੀਆ ਹਨ।

ਭੱਜੀ ਨੇ ਕਿਹਾ ਕਿ ਜਦੋਂ ਕ੍ਰਿਕਟ 'ਚ ਮੈਚ ਫਿਕਸਿੰਗ ਦੀਆਂ ਖ਼ਬਰਾਂ ਉੱਠ ਰਹੀਆਂ ਸਨ, ਤਦ ਕ੍ਰਿਕਟ ਨਾਲ ਲੋਕਾਂ ਨੂੰ ਜੋੜਨਾ ਮੁਸ਼ਕਲ ਹੋ ਰਿਹਾ ਸੀ। ਅਜਿਹੇ ਸਮੇਂ 'ਚ ਭਾਰਤੀ ਟੀਮ ਦੇ ਕਪਤਾਨ ਰਹੇ ਸੌਰਵ ਗਾਂਗੁਲੀ ਨੇ ਵਿਦੇਸ਼ੀ ਧਰਤੀ 'ਤੇ ਟੂਰਨਾਮੈਂਟ ਜਿੱਤ ਕੇ ਲੋਕਾਂ ਨੂੰ ਦੋਬਾਰਾ ਕ੍ਰਿਕਟ ਨਾਲ ਜੋੜਿਆ। ਸੌਰਵ ਕ੍ਰਿਕਟ ਦੀ ਬਿਹਤਰੀ ਲਈ ਕੰਮ ਕਰਨਗੇ, ਵਧੀਆ ਕਾਰਗੁਜ਼ਾਰੀ ਵਾਲੇ ਖਿਡਾਰੀ ਹੀ ਅੱਗੇ ਆ ਸਕਣਗੇ। ਟੈਸਟ ਮੈਚ 'ਚ ਰੋਹਿਤ ਸ਼ਰਮਾ ਦੇ ਪ੍ਰਦਰਸ਼ਨ ਬਾਰੇ ਉਨ੍ਹਾਂ ਕਿਹਾ ਕਿ ਰੋਹਿਤ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਿਖਾ ਦਿੱਤਾ ਹੈ ਕਿ ਉਹ ਕ੍ਰਿਕਟ ਦੇ ਹਰ ਫਾਰਮੈਟ 'ਚ ਫਿੱਟ ਹਨ।

ਗਾਇਕੀ ਵੀ ਕਰ ਚੁੱਕੇ ਹਨ ਭੱਜੀ

2018 'ਚ ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਦੇ ਸ਼ਹਾਦਤ ਦਿਵਸ ਤੋਂ ਪਹਿਲਾਂ ਐਲਬਮ ਸ਼ੂਟ ਕੀਤਾ ਸੀ, ਜਿਸ ਦਾ ਨਾਂ 'ਇਕ ਸੁਨੇਹਾ-2' ਸੀ। ਇਹ ਗੀਤ ਹਰਭਜਨ ਸਿੰਘ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਕੀਤਾ ਸੀ। ਉਨ੍ਹਾਂ ਆਪਣੇ ਗੀਤ ਜ਼ਰੀਏ ਨੌਜਵਾਨ ਪੀੜ੍ਹੀ ਨੂੰ ਸਭਿਆਚਾਰ ਨਾਲ ਜੁੜਨ ਤੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਦਾ ਸੁਨੇਹਾ ਦਿੱਤਾ ਸੀ। ਹਰਭਜਨ 'ਮੇਰੀ ਮਾਂ' ਗੀਤ ਜ਼ਰੀਏ ਵੀ ਆਪਣੀ ਆਵਾਜ਼ ਦਾ ਜਾਦੂ ਦਿਖਾ ਚੁੱਕੇ ਹਨ।