ਨਵੀਂ ਦਿੱਲੀ, ਜੇਐੱਨਐੱਨ : ਅਭਿਨੇਤਰੀ ਨੀਨਾ ਗੁਪਤਾ ਨੇ ਇਕ ਵਾਰ ਫਿਰ ਆਪਣੇ ਅਭਿਨੈ ਨਾਲ ਬੁਲੰਦੀਆਂ ਦੇ ਝੰਡੇ ਗੱਡ ਦਿੱਤੇ ਹਨ। ਨੀਨਾ ਨੂੰ ਇੰਡੀਅਨ ਫਿਲਮ ਫੈਸਟੀਵਲ ਬੋਸਟਨ 'ਚ ਸਰਵਸ੍ਰੇਸ਼ਟ ਫਿਲਮ ਅਭਿਨੇਤਰੀ ਸਮੇਤ ਦੋ ਐਵਾਰਡ ਮਿਲੇ ਹਨ। ਨੀਨਾ ਨੂੰ ਇਹ ਐਵਾਰਡ ਉਨ੍ਹਾਂ ਦੀ ਫਿਲਮ 'ਦ ਲਾਸਟ ਕਲਰ' ਲਈ ਮਿਲਿਆ ਹੈ। ਨਾਲ ਹੀ ਇਸ ਸਮਾਰੋਹ 'ਚ ਇਸ ਫਿਲਮ ਨੂੰ ਵੀ ਸਰਵਸ੍ਰੇਸ਼ਟ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ ਹੈ। ਇਹ ਫਿਲਮ ਵ੍ਰਿੰਦਾਵਨ ਅਤੇ ਵਾਰਾਨਸੀ 'ਚ ਰਹਿਣ ਵਾਲੀਆਂ ਵਿਧਵਾਵਾਂ 'ਤੇ ਆਧਾਰਿਤ ਸੀ।


ਕਈ ਫਿਲਮ ਫੈਸਟੀਵਲ 'ਚ ਦਿਖਾਈ ਗਈ ਫਿਲਮ

'ਦ ਲਾਸਟ ਕਲਰ' ਦਾ ਫਸਟ ਲੁੱਕ ਕਾਨ ਫਿਲਮ ਫੈਸਟੀਵਲ 'ਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਦੁਨੀਆ ਭਰ ਦੇ ਕਈ ਫਿਲਮ ਫੈਸਟੀਵਲ 'ਚ ਦਿਖਾਈ ਗਈ। ਇਸ 'ਚ ਨਿਊਯਾਰਕ ਇੰਡੀਅਨ ਫਿਲਮ ਫੈਸਟੀਵਲ ਅਤੇ ਇੰਡੀ ਮੇਮ ਫਿਲਮ ਫੈਸਟੀਵਲ ਵੀ ਸ਼ਾਮਲ ਹੈ। ਨੀਨਾ ਨੇ ਇੰਸਟਾ 'ਤੇ ਇਸ ਫਿਲਮ ਦਾ ਪੋਸਟ ਸ਼ੇਅਰ ਕਰ ਕੇ ਆਪਣੇ ਪ੍ਰਸ਼ੰਸਕਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਹਾਲ ਹੀ ਵਿੱਚ ਨੀਨਾ ਨੂੰ ਆਯੂਸ਼ਮਾਨ ਖੁਰਾਣਾ ਦੀ ਫਿਲਮ 'ਬਧਾਈ ਹੋ' ਲਈ ਵੀ ਕਾਫ਼ੀ ਤਾਰੀਫ਼ਾਂ ਮਿਲੀਆਂ ਸਨ।


ਹਮੇਸ਼ਾ ਮਿਲਦਾ ਹੈ ਮਜ਼ਬੂਤ ਔਰਤਾਂ ਦਾ ਕਿਰਦਾਰ

ਨੀਨਾ ਨੇ ਦੱਸਿਆ ਕਿ ਉਹ ਹਮੇਸ਼ਾ ਮਜ਼ਬੂਤ ਔਰਤਾਂ ਦਾ ਕਿਰਦਾਰ ਅਦਾ ਕਰਦੀ ਹੈ ਪਰ ਉਹ ਨਾਲ ਹੀ ਮੁਸ਼ਕਿਲ 'ਚ ਫਸੀਆਂ ਔਰਤਾਂ ਦੀ ਵੀ ਭੂਮਿਕਾ ਵੀ ਨਿਭਾਉਣਾ ਚਾਹੁੰਦੀ ਹੈ। ਨੀਨਾ ਨੇ ਕਿਹਾ, ਮੈਨੂੰ ਸ਼ੁਰੂ ਤੋਂ ਹੀ ਮਜ਼ਬੂਤ ਔਰਤਾਂ ਦੇ ਕਿਰਦਾਰ ਮਿਲੇ। ਮੀਡੀਆ 'ਚ ਮੇਰਾ ਅਕਸ ਵੀ ਮਜ਼ਬੂਤ ਔਰਤ ਦਾ ਬਣਾ ਦਿੱਤਾ ਗਿਆ। ਇਸ ਦਾ ਕਾਰਨ ਮੇਰੀ ਨਿੱਜੀ ਜ਼ਿੰਦਗੀ ਸੀ। ਮੈਂ ਸੰਕਟ 'ਚ ਫਸੀਆਂ ਲੜਕੀਆਂ ਦੇ ਕਿਰਦਾਰ ਵੀ ਕਰਨਾ ਚਾਹੁੰਦੀ ਸੀ, ਪਰ ਮੈਨੂੰ ਇਸ ਦਾ ਮੌਕਾ ਹੀ ਨਹੀਂ ਮਿਲਿਆ।

ਨੀਨਾ ਦੱਸਦੀ ਹੈ ਕਿ ਅਕਸਰ ਆਡੀਸ਼ਨ ਤੋਂ ਬਾਅਦ ਉਨ੍ਹਾਂ ਨੂੰ ਰੋਲ ਨਹੀਂ ਮਿਲਦਾ। ਬਧਾਈ ਹੋ ਦੀ ਸਕਰਿਪਟ ਪੜ੍ਹਨ ਤੋਂ ਬਾਅਦ ਵੀ ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਇਹ ਰੋਲ ਕਿਸੇ ਹੋਰ ਨੂੰ ਨਾ ਮਿਲ ਜਾਵੇ। ਇਸ ਲਈ ਉਨ੍ਹਾਂ ਨੇ ਡਾਇਰੈਕਟਰ ਅਮਿਤ ਸ਼ਰਮਾ ਨੂੰ ਮਿਲ ਕੇ ਕਿਹਾ ਕਿ ਉਨ੍ਹਾਂ ਨੂੰ ਇਹ ਰੋਲ ਚਾਹੀਦਾ ਹੈ।

Posted By: Jagjit Singh