ਨਵੀਂ ਦਿੱਲੀ : ਪੰਜਾਬੀ ਪੌਪ ਸਿੰਗਰ ਮੀਕਾ ਸਿੰਘ 'ਤੇ ਪਾਕਿਸਤਾਨ 'ਚ ਪਰਫਾਰਮ ਕਰਨਾ ਭਾਰੀ ਪੈ ਗਿਆ ਹੈ। ਮੀਕਾ ਸਿੰਘ ਦੇ ਪਾਕਿਸਤਾਨ 'ਚ ਗਾਣਾ ਗਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਭਾਰਤ 'ਚ ਕਾਫ਼ੀ ਨਿਖੇਧੀ ਹੋਈ ਅਤੇ ਹੁਣ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਉਸ 'ਤੇ ਬੈਨ ਲਗਾ ਦਿੱਤਾ ਹੈ। ਅਸਲ ਵਿਚ ਮੀਕਾ ਸਿੰਘ ਦੀ ਵੀਡੀਓ ਉਸ ਵੇਲੇ ਸਾਹਮਣੇ ਆਈ ਜਦੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ-ਪਾਕਿ ਵਿਚਕਾਰ ਰਿਸ਼ਤਿਆਂ 'ਚ ਤਲਖ਼ੀ ਵਧ ਗਈ ਹੈ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਅਨੁਸਾਰ, ਐਸੋਸੀਏਸ਼ਨ ਵਲੋਂ ਜਾਰੀ ਕੀਤੀ ਗਈ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ ਉਹ ਕਿਸੇ ਨੂੰ ਵੀ ਮੀਕਾ ਸਿੰਘ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ। ਨਾਲ ਹੀ ਐਸੋਸੀਏਸ਼ਨ ਨੇ ਇਸ ਮਾਮਲੇ 'ਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੂੰ ਵੀ ਧਿਆਨ ਦੇਣ ਨੂੰ ਕਿਹਾ ਹੈ। ਐਸੋਸੀਏਸ਼ਨ ਨੇ ਮੀਕਾ ਸਿੰਘ 'ਤੇ ਬੈਨ ਲਗਾਉਣ ਦੇ ਨਾਲ ਹੀ ਉਸ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਗਾਇਕ ਨੇ ਇਸ ਵੇਲੇ ਪੈਸੇ ਲਈ ਇਹ ਕੰਮ ਕਰ ਕੇ ਗ਼ਲਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਮੀਕਾ ਸਿੰਘ 'ਤੇ ਦੋਸ਼ ਹੈ ਕਿ ਉਸ ਨੇ ਕਰਾਚੀ ਜਾ ਕੇ ਇਕ ਅਰਬਪਤੀ ਦੇ ਵਿਆਹ 'ਚ ਬਾਲੀਵੁੱਡ ਗਾਣਿਆਂ 'ਤੇ ਪਰਫਾਰਮ ਕੀਤਾ ਅਤੇ ਉਹ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਹਨ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਵੀਡੀਓ ਪਾਕਿਸਤਾਨ ਦੀ ਹੈ ਅਤੇ ਇਹ ਕਦੋਂ ਦੀ ਹੈ? ਉੱਥੇ ਸੋਸ਼ਲ ਮੀਡੀਆ 'ਤੇ ਵੀਡੀਓ ਆਉਣ ਤੋਂ ਬਾਅਦ ਲੋਕ ਮੀਕਾ ਸਿੰਘ 'ਚ ਕਾਫ਼ੀ ਭੜਕ ਰਹੇ ਹਨ।

Posted By: Seema Anand