ਜੇਐੱਨਐੱਨ, ਮਨਾਲੀ : ਹਿਮਾਚਲ ਪ੍ਰਦੇਸ਼ ਦੇ ਲਾਹੁਲ ਦੇ ਨੇੜੇ ਸਥਿਤ ਛਤਡੂ ਵਿਚ ਜਿਸ ਮਲਿਆਲਮ ਫਿਲਮ ਦੀ ਹੀਰੋਇਨ ਅਤੇ ਉਸ ਦੀ ਯੂਨਿਟ ਨੂੰ ਲੈਣ ਲਈ ਬਚਾਅ ਦਲ ਭੇਜਿਆ ਗਿਆ ਸੀ, ਉਹ ਪੂਰੀ ਯੂਨਿਟ ਹੀ ਬਿਨਾਂ ਪ੍ਰਸ਼ਾਸਨ ਦੀ ਇਜਾਜ਼ਤ ਤੋਂ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਮੰਤਰੀ ਡਾ. ਰਾਮਲਾਲ ਮਾਰਕੰਡੇ ਨੇ ਕਿਹਾ ਕਿ ਮਲਿਆਲਮ ਫਿਲਮਾਂ ਦੀ ਹੀਰੋਇਨ ਬੁੱਧਵਾਰ ਨੂੰ ਪਰਤ ਆਈ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਇਹ ਯੂਨਿਟ ਬਿਨਾਂ ਇਜਾਜ਼ਤ ਦੀ ਹੀ ਸ਼ੂਟਿੰਗ ਵਿਚ ਮਸਰੂਫ਼ ਸੀ।

ਜ਼ਿਕਰਯੋਗ ਹੈ ਕਿ ਲਾਹੁਲ ਦੇ ਨੇੜੇ ਸਥਿਤ ਛਤਡੂ ਵਿਚ ਭਾਰੀ ਬਾਰਿਸ਼ ਦੌਰਾਨ ਮਲਿਆਲਮ ਫਿਲਮਾਂ ਦੀ ਹੀਰੋਇਨ ਅਤੇ ਉਸ ਦੇ ਯੂਨਿਟ ਦੇ ਫਸੇ ਹੋਣ ਦੀ ਸੂਚਨਾ ਤੋਂ ਬਾਅਦ ਸਰਕਾਰ ਤਕ ਹਲਚਲ ਮਚ ਗਈ ਸੀ। ਲਾਹੁਲ ਸਪੀਤੀ ਪ੍ਰਸ਼ਾਸਨ ਦੀ ਟੀਮ ਮੰਗਲਵਾਰ ਨੂੰ ਬਚਾਅ ਕਰਨ ਗਈ ਸੀ ਪਰ ਯੂਨਿਟ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਗੱਲ ਦੀ ਜਾਣਕਾਰੀ ਹੀ ਨਹੀਂ ਸੀ ਕਿ ਇਹ ਫਿਲਮ ਯੂਨਿਟ ਬਿਨਾਂ ਇਜਾਜ਼ਤ ਦੇ ਇੱਥੇ ਸ਼ੂਟਿੰਗ ਕਰ ਰਹੀ ਸੀ। ਬੁੱਧਵਾਰ ਨੂੰ ਮਲਿਆਲਮ ਅਭਿਨੇਤਰੀ ਮੰਜੂ ਵਾਰੀਅਰ ਨਾਲ ਹੀ ਉਸ ਦਾ ਯੂਨਿਟ ਮਨਾਲੀ ਪਰਤ ਗਿਆ।