ਸਟੇਟ ਬਿਊਰੋ, ਮੁੰਬਈ : ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਤੁਲਨਾ ਤਾਲਿਬਾਨ ਨਾਲ ਕਰਨ 'ਤੇ ਮੁੰਬਈ ਦੇ ਇਕ ਵਕੀਲ ਨੇ ਲੇਖਕ-ਗੀਤਕਾਰ ਜਾਵੇਦ ਅਖ਼ਤਰ ਖ਼ਿਲਾਫ਼ ਮੈਜਿਸਟ੍ਰੇਟ ਅਦਾਲਤ 'ਚ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਅਦਾਲਤ ਇਸ ਮਾਮਲੇ 'ਚ 16 ਨਵੰਬਰ ਨੂੰ ਸ਼ਿਕਾਇਤਕਰਤਾ ਦਾ ਬਿਆਨ ਦਰਜ ਕਰੇਗੀ।

ਖ਼ੁਦ ਨੂੰ ਆਰਐੱਸਐੱਸ ਦਾ ਸਮਰਥਕ ਦੱਸਣ ਵਾਲੇ ਵਕੀਲ ਸੰਤੋਸ਼ ਦੁਬੇ ਨੇ ਪਿਛਲੇ ਮਹੀਨੇ ਹੀ ਜਾਵੇਦ ਅਖ਼ਤਰ ਨੂੰ ਨੋਟਿਸ ਭੇਜ ਕੇ ਉਨ੍ਹਾਂ ਵੱਲੋਂ ਦਿੱਤੇ ਬਿਆਨ 'ਤੇ ਮਾਫ਼ੀ ਮੰਗਣ ਲਈ ਕਿਹਾ ਸੀ। ਜਾਵੇਦ ਅਖ਼ਤਰ ਵੱਲੋਂ ਅਜਿਹਾ ਨਾ ਕੀਤੇ ਜਾਣ 'ਤੇ ਦੁਬੇ ਨੇ ਉਨ੍ਹਾਂ ਖ਼ਿਲਾਫ਼ ਮੁਲੁੰਡ ਦੇ ਮੈਜਿਸਟ੍ਰੇਟ ਅਦਾਲਤ 'ਚ ਆਈਪੀਸੀ ਦੀਆਂ ਧਾਰਾਵਾਂ 499 ਤੇ 500 (ਮਾਣਹਾਨੀ) ਤਹਿਤ ਅਪਰਾਧਿਕ ਮਾਮਲਾ ਦਰਜ ਕਰਵਾਇਆ ਹੈ। ਦੁਬੇ ਦਾ ਕਹਿਣਾ ਹੈ ਕਿ ਜਾਵੇਦ ਅਖ਼ਤਰ ਨੇ ਇਹ ਬਿਆਨ ਜਾਣਬੁੱਝ ਕੇ ਇਕ ਯੋਜਨਾ ਤਹਿਤ ਦਿੱਤਾ ਹੈ। ਉਹ ਅਜਿਹਾ ਕਰ ਕੇ ਸਿਆਸੀ ਲਾਹਾ ਲੈਣਾ ਚਾਹੁੰਦੇ ਹਨ। ਦੁਬੇ ਮੁਤਾਬਕ ਜਾਵੇਦ ਅਖ਼ਤਰ ਜਾਣਦੇ ਹਨ ਕਿ ਆਰਐੱਸਐੱਸ ਤੇ ਤਾਲਿਬਾਨ ਦੇ ਸੋਚ, ਵਿਚਾਰ ਤੇ ਕਾਰਜਸ਼ੈਲੀ 'ਚ ਕੋਈ ਸਮਾਨਤਾ ਨਹੀਂ ਹੈ। ਇਸ ਦੇ ਬਾਵਜੂਦ ਆਰਐੱਸਐੱਸ ਨੂੰ ਬਦਨਾਮ ਕਰਨ ਲਈ ਉਨ੍ਹਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ। ਦੱਸਣਯੋਗ ਹੈ ਕਿ ਆਰਐੱਸਐੱਸ ਨੂੰ ਤਾਲਿਬਾਨ ਜਿਹਾ ਦੱਸਣ ਵਾਲਾ ਬਿਆਨ ਜਾਵੇਦ ਅਖ਼ਤਰ ਨੇ ਪਿਛਲੇ ਮਹੀਨੇ ਇਕ ਟੈਲੀਵਿਜ਼ਨ ਚੈਨਲ ਨੂੰ ਇੰਟਰਵਿਊ ਦਿੰਦਿਆਂ ਦਿੱਤਾ ਸੀ। ਇਸ ਬਿਆਨ ਤੋਂ ਬਾਅਦ ਦੁਬੇ ਨੇ ਮੁਲੁੰਡ ਪੁਲਿਸ ਥਾਣੇ 'ਚ ਵੀ ਉਨ੍ਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।

Posted By: Jatinder Singh