ਸਾਲ 1943 ਦੀ ਗੱਲ ਹੈ। ਫਿਲਮ ਦੇ ਨਿਰਦੇਸ਼ਕ ਕੇ ਆਸਿਫ ਨੇ ਬਾਦਸ਼ਾਹ ਅਕਬਰ 'ਤੇ ਅਧਾਰਤ ਇਕ ਨਾਟਕ ਵੇਖ ਕੇ 'ਮੁਗ਼ਲ-ਏ-ਆਜ਼ਮ' ਬਣਾਉਣ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਨੇ ਫਿਲਮ 'ਚ ਚੰਦਰ ਮੋਹਨ, ਡੀਕੇ ਸਪਰੂ ਤੇ ਨਰਗਿਸ ਨੂੰ ਮੁੱਖ ਭੂਮਿਕਾਵਾਂ 'ਚ ਰੱਖਿਆ। ਫਿਰ ਭਾਰਤ-ਪਾਕਿ ਵੰਡ ਕਾਰਨ ਫਿਲਮ ਦੇ ਨਿਰਮਾਤਾ ਪਾਕਿਸਤਾਨ ਚਲੇ ਗਏ ਤੇ ਉਨ੍ਹਾਂ ਨੇ ਆਸਿਫ ਨੂੰ ਉਡੀਕ ਕਰਨ ਲਈ ਕਿਹਾ। ਫਿਰ ਉਨ੍ਹਾਂ ਨੇ 1951 'ਚ ਫਿਲਮ ਸ਼ੁਰੂ ਕਰਵਾਈ। ਪਰ ਇਸ ਵਾਰ ਕਲਾਕਾਰ ਬਦਲ ਗਏ ਸਨ। ਮੁੱਖ ਕਲਾਕਾਰਾਂ 'ਚ ਪਿ੍ਰਥਵੀਰਾਜ ਕਪੂਰ, ਦਿਲੀਪ ਕੁਮਾਰ ਤੇ ਮਧੁਬਾਲਾ ਸਨ। ਇਹ ਫਿਲਮ ਪੂਰੇ 17 ਸਾਲ ਬਾਅਦ 1960 'ਚ ਰਿਲੀਜ਼ ਹੋਈ ਸੀ। ਇਕ ਵਾਰ ਫਿਰ ਇਹੀ ਕਹਾਣੀ ਆਮਿਰ ਖ਼ਾਨ ਦੀ ਫਿਲਮ 'ਲਾਲ ਸਿੰਘ ਚੱਢਾ' ਨਾਲ ਹੋਈ ਹੈ, ਜੋ ਹਾਲੀਵੁੱਡ ਦੀ ਫਿਲਮ 'ਦ ਫਾਰੈਸਟ ਗੰਪ' ਦੀ ਹਿੰਦੀ ਰੀਮੇਕ ਹੈ। ਅਸਲ 'ਚ 1989 'ਚ ਨਿਰਮਾਤਾ ਕੁੰਦਨ ਸ਼ਾਹ ਨੇ ਫਿਲਮ 'ਈਸ਼ਵਰ' ਵਿਚ ਅਨਿਲ ਕਪੂਰ ਦੀ ਪੇਸ਼ਕਾਰੀ ਵੇਖੀ ਸੀ ਤੇ ਉਨ੍ਹਾਂ ਨੂੰ 'ਦ ਫਾਰੈਸਟ ਗੰਪ' ਦੀ ਰੀਮੇਕ ਲਈ ਸਾਈਨ ਕਰ ਲਿਆ। ਬਾਅਦ 'ਚ ਉਨ੍ਹਾਂ ਨੇ 1995 'ਚ ਆਈ 'ਕਭੀ ਹਾਂ ਕਭੀ ਨਾ' ਦੇ ਸਟਾਰ ਸ਼ਾਹਰੁਖ਼ ਨੂੰ ਫਿਲਮ 'ਚ ਲੈ ਲਿਆ। ਪਰ ਸ਼ਾਹਰਖੁ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਤੋਂ ਸੁਪਰ ਸਟਾਰ ਬਣ ਗਏ ਤੇ ਇਹ ਫਿਲਮ ਵਿਚਾਲੇ ਲਟਕ ਗਈ। ਫਿਰ ਦਸ ਸਾਲਾਂ ਬਾਅਦ 'ਰੰਗ ਦੇ ਬਸੰਤੀ' ਵਿਚ ਆਮਿਰ ਖ਼ਾਨ ਦੇ ਸਹਿ ਕਲਾਕਾਰ ਰਹੇ ਅਤੁਲ ਕੁਲਕਰਨੀ ਨੇ ਇਸ ਫਿਲਮ ਨੂੰ ਮੁੜ ਤੋਂ ਲਿਖਣਾ ਸ਼ੁਰੂ ਕੀਤਾ। ਅਤੁਲ ਨੇ ਇਹ ਸਕ੍ਰਿਪਟ ਆਮਿਰ ਨੂੰ ਪੜ੍ਹਨ ਲਈ ਦਿੱਤੀ ਤੇ ਆਮਿਰ ਨੂੰ ਇਹ ਸਕ੍ਰਿਪਟ ਪਸੰਦ ਆ ਗਈ। ਅਤੁਲ ਨੇ ਨਿਰਮਾਤਾਵਾਂ ਤੋਂ ਇਸ ਫਿਲਮ ਦੇ ਰਾਈਟਸ ਖ਼ਰੀਦ ਲਏ ਤੇ ਹੁਣ ਇਸ ਫਿਲਮ 'ਚ ਆਮਿਰ ਖ਼ਾਨ ਮੁੱਖ ਭੂਮਿਕਾ ਨਿਭਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ ਅਗਲੇ ਸਾਲ ਯਾਨੀ 2020 'ਚ ਕ੍ਰਿਸਮਸ ਮੌਕੇ ਰਿਲੀਜ਼ ਹੋਵੇਗੀ। ਖ਼ਬਰ ਇਹ ਵੀ ਹੈ ਕਿ 'ਲਾਲ ਸਿੰਘ ਚੱਢਾ' ਵਿਚ ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਪਿਛਲੇ ਕੁਝ ਸਾਲਾਂ ਤੋਂ ਜੁਨੈਦ ਥੀਏਟਰ ਕਰ ਰਹੇ ਹਨ।

Posted By: Susheel Khanna