ਨਵੀਂ ਦਿੱਲੀ: ਜੰਮੂ ਕਸ਼ਮੀਰ ਦੇ ਕਠੂਆ 'ਚ ਅੱਠ ਸਾਲ ਦੀ ਬੱਚੀ ਨਾਲ ਯੌਨ ਸ਼ੋਸ਼ਣ ਅਤੇ ਫਿਰ ਉਸ ਦੀ ਹੱਤਿਆ ਦੇ ਮਾਮਲੇ 'ਚ ਪਠਾਨਕੋਟ ਦੀ ਇਕ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਛੇ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਛੇ ਦੋਸ਼ੀਆਂ 'ਚੋਂ ਸਾਂਜੀ ਰਾਮ, ਦੀਪਕ ਖਜੂਰੀਆ ਅਤੇ ਪ੍ਰਵੇਸ਼ ਕੁਮਾਰ ਨੂੰ ਅਦਾਲਤ ਨੇ ਉਮਰਕੈਦ ਦੀ ਸਜ਼ਾ ਸੁਣਾਈ ਹੈ, ਜਦਕਿ ਬਾਕੀ ਤਿੰਨ ਦੋਸ਼ੀਆਂ ਤਿਲਕ ਰਾਜ, ਆਨੰਦ ਦੱਤਾ ਅਤੇ ਸੁਰੇਂਦਰ ਵਰਮਾ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਦੋਸ਼ੀਆਂ ਨੂੰ ਘੱਟ ਸਜ਼ਾ ਦਿੱਤੇ ਜਾਣ 'ਤੇ ਬਹਿਸ ਛਿੜੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ, ਉਨ੍ਹਾਂ ਨੂੰ ਘੱਟ ਸਜ਼ਾ ਦਿੱਤੀ ਗਈ ਹੈ। ਇਸ ਸਭ ਵਿਚਾਲੇ ਮਸ਼ਹੂਰ ਲੇਖਕ ਜਾਵੇਦ ਅਖ਼ਤਰ ਦਾ ਵੀ ਬਿਆਨ ਸਾਹਮਣੇ ਆਇਆ ਹੈ।

ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ 'ਤੇ ਜਾਵੇਦ ਅਖ਼ਤਰ ਨੇ ਕਿਹਾ, ਮੌਤ ਦੀ ਸਜ਼ਾ ਸਬੰਧੀ ਉਨ੍ਹਾਂ ਦੇ ਸਪੱਸ਼ਟ ਵਿਚਾਰ ਨਹੀਂ ਹਨ ਕਿ ਇਹ ਸਹੀ ਹੈ ਜਾਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਦੇਣਾ ਸਥਾਈ ਹੱਲ ਨਹੀਂ ਹੈ ਕਿਉਂਕਿ ਕਈ ਦੇਸ਼ਾਂ 'ਚ ਮੌਤ ਦੀ ਸਜ਼ਾ 'ਤੇ ਰੋਕ ਹੈ ਪਰ ਉੱਤੇ ਅਪਰਾਧ ਦੀ ਗਿਣਤੀ ਵਧੀ ਨਹੀਂ ਹੈ। ਉੱਥੇ ਹੀ ਕਈ ਦੇਸ਼ਾਂ 'ਚ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਦੇਸ਼ਾਂ 'ਚ ਅਪਰਾਧਾਂ 'ਚ ਕੋਈ ਕਟੌਤੀ ਨਹੀਂ ਦਰਜ ਕੀਤੀ ਗਈ ਹੈ। ਜਾਵੇਦ ਅਖ਼ਤਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਹੈ ਕਿ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ।

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕਠੂਆ ਦੀ ਹੀਰਾਨਗਰ ਤਹਿਸੀਲ 'ਚ ਇਕ ਪਿੰਡ 'ਚ 10 ਜਨਵਰੀ ਨੂੰ ਅੱਠ ਸਾਲ ਦੀ ਬੱਚੀ ਪਸ਼ੂ ਚਾਰਦੀ ਗਾਇਬ ਹੋ ਗਈ ਸੀ। ਤਿੰਨ ਦਿਨਾਂ ਬਾਅਦ ਉਸ ਦੀ ਲਾਸ਼ ਇਕ ਧਾਰਮਿਕ ਸਥਾਨ ਲਾਗੇ ਮਿਲੀ ਸੀ।

ਅਖ਼ਤਰ ਅਨੁਸਾਰ ਉਮਰਕੈਦ ਦੀ ਸਜ਼ਾ ਦੇ ਬਾਵਜੂਦ ਦੇਖਿਆ ਗਿਆ ਹੈ ਕਿ ਅਜਿਹੇ ਲੋਕ ਦੋ-ਤਿੰਨ ਸਾਲ ਜੇਲ੍ਹ 'ਚੋਂ ਬਾਹਰ ਘੁੰਮਣ ਲਗਦੇ ਹਨ। ਜਦਕਿ ਉਮਰਕੈਦ ਕਾਫ਼ੀ ਸਖ਼ਤ ਸਜ਼ਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਇੰਨੀ ਆਸਾਨੀ ਨਾਲ ਬਾਹਰ ਜਾਣ ਨਹੀਂ ਦਿੱਤਾ ਜਾਣਾ ਚਾਹੀਦਾ। ਇਹ ਕਾਨੂੰਨੀ ਖ਼ਾਮੀ ਹੈ, ਅਜਿਹੇ 'ਚ ਜੇਕਰ ਇਸ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਤਾਂ ਅਪਰਾਧਾਂ ਦੀ ਗਿਣਤੀ 'ਚ ਕਟੌਤੀ ਆ ਸਕਦੀ ਹੈ।

Posted By: Akash Deep