ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਇੱਕ ਵਾਰ ਫਿਰ ਗਰਭਵਤੀ ਹੋਈ ਹੈ। ਯਾਨੀ ਸੈਫ ਅਤੇ ਕਰੀਨਾ ਕਪੂਰ ਦੇ ਘਰ ਫਿਰ ਕਿਲਕਾਰੀਆਂ ਗੂੰਜਣ ਜਾ ਰਹੀਆਂ ਹਨ। ਇੰਡੀਆ ਟੂਡੇ ਦੀ ਇਕ ਖ਼ਬਰ ਦੇ ਅਨੁਸਾਰ ਕਰੀਨਾ ਅਤੇ ਸੈਫ ਨੇ ਇਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਦੋਵੇਂ ਦੁਬਾਰਾ ਮਾਪੇ ਬਣਨ ਜਾ ਰਹੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ, ‘ਸਾਨੂੰ ਇਹ ਦੱਸਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਇੱਕ ਹੋਰ ਮੈਂਬਰ ਸ਼ਾਮਲ ਕਰਨ ਜਾ ਰਹੇ ਹਾਂ। ਤੁਹਾਡੇ ਸਾਰੀਆਂ ਦੇ ਪਿਆਰ ਅਤੇ ਸਪੋਰਟ ਲਈ ਧੰਨਵਾਦ।' ਉਂਝ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਸਨ, ਪਰ ਅਜੇ ਤੱਕ ਇਸ ਖ਼ਬਰ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਸੀ ਪਰ ਹੁਣ ਸੈਫ ਅਤੇ ਕਰੀਨਾ ਨੇ ਖੁਦ ਇਸ 'ਤੇ ਮੋਹਰ ਲਗਾਈ ਹੈ।

ਇਸ ਤੋਂ ਪਹਿਲਾਂ, ਜਦੋਂ ਟਾਈਮਜ਼ ਆਫ ਇੰਡੀਆ ਨੇ ਰਣਧੀਰ ਕਪੂਰ ਨਾਲ ਇਸ ਖ਼ਬਰ ਬਾਰੇ ਗੱਲ ਕੀਤੀ ਸੀ, ਤਾਂ ਉਸਨੇ ਇਸ ਤੋਂ ਇਨਕਾਰ ਨਹੀਂ ਕੀਤਾ ਸੀ, ਹਾਲਾਂਕਿ ਇਸ ਦੀ ਪੁਸ਼ਟੀ ਵੀ ਨਹੀਂ ਕੀਤੀ ਸੀ। ਗੱਲਬਾਤ ਵਿੱਚ ਉਸਨੇ ਕਿਹਾ ਸੀ, ‘ਮੈਂ ਉਮੀਦ ਕਰਦਾ ਹਾਂ ਕਿ ਇਹ ਖ਼ਬਰ ਸੱਚੀ ਹੋਵੇਗੀ। ਮੈਂਨੂੰ ਇਸ ਨਾਲ ਬਹੁਤ ਖੁਸ਼ੀ ਹੋਵੇਗੀ। ਦੋ ਬੱਚੇ ਤਾਂ ਹੋਣੇ ਹੀ ਚਾਹੀਦੇ ਹਨ, ਇਕ ਦੂਜੇ ਨੂੰ ਕੰਪਨੀ ਦੇਣ ਲਈ।'

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਅਤੇ ਸੈਫ ਦਾ ਵਿਆਹ 16 ਅਕਤੂਬਰ 2012 ਨੂੰ ਹੋਇਆ ਸੀ। ਵਿਆਹ ਦੇ ਚਾਰ ਸਾਲ ਬਾਅਦ ਦਸੰਬਰ 2016 ਵਿੱਚ ਤੈਮੂਰ ਦਾ ਜਨਮ ਹੋਇਆ ਸੀ। ਤੈਮੂਰ ਦੀਆਂ ਖੂਬਸੂਰਤ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਭਿਨੇਤਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਰੀਨਾ ਪਿਛਲੇ ਸਾਲ ਅਕਸ਼ੇ ਕੁਮਾਰ ਨਾਲ ਫਿਲਮ 'ਗੁੱਡ ਨਿਊਜ਼' 'ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਉਹ ਆਮਿਰ ਖਾਨ ਨਾਲ 'ਲਾਲ ਸਿੰਘ ਚੱਢਾ' ਅਤੇ ਕਰਨ ਜੌਹਰ ਦੀ ਫਿਲਮ 'ਤਖਤ' 'ਚ ਨਜ਼ਰ ਆਵੇਗੀ।

Posted By: Sunil Thapa