ਜੇਐੱਨਐੱਨ, ਨਵੀਂ ਦਿੱਲੀ - ਕੰਗਨਾ ਰਣੌਤ ਨੇ ਹੁਣ ਓਟੀਟੀ ਕੰਟੈਂਟ ਤੇ ਇਸ ਨੂੰ ਪੇਸ਼ ਕਰਨ ਵਾਲੇ ਪਲੈਟਫਾਰਮ 'ਤੇ ਹਮਲਾ ਬੋਲਿਆ ਹੈ। ਕੰਗਨਾ ਨੇ ਕੰਟੈਂਟ ਦੀ ਗੁਣਵੱਤਾ 'ਤੇ ਸਵਾਲ ਉਠਾਉਂਦਿਆਂ ਇਸ ਦੀ ਤੁਲਨਾ ਅਸ਼ਲੀਲ ਸਾਈਟ ਨਾਲ ਕਰ ਦਿੱਤੀ। ਕੰਗਨਾ ਨੇ ਇਸ ਤਰਤੀਬ 'ਚ ਸਿਨੇਮਾਘਰਾਂ 'ਚ ਫਿਲਮਾਂ ਰਿਲੀਜ਼ ਕਰਨ ਦਾ ਸਮੱਰਥਨ ਵੀ ਕੀਤਾ। ਓਟੀਟੀ ਪਲੈਟਫਾਰਮ ਨੂੰ ਲੈ ਕੇ ਕੰਗਨਾ ਦੇ ਤਾਜ਼ਾ ਟਵੀਟ ਦੀ ਵਜ੍ਹਾ ਸਟ੍ਰੀਮਿੰਗ ਪਲੈਟਫਾਰਮ Eros Now ਦੀਆਂ ਕੁਝ ਪੋਸਟਾਂ ਬਣੀਆਂ, ਜਿਨ੍ਹਾਂ 'ਚ ਹਿੰਦੀ ਫਿਲਮਾਂ ਦੇ ਕਲਾਕਾਰਾਂ ਤੇ ਨਾਵਾਂ ਜ਼ਰੀਏ ਨਰਾਤਿਆਂ ਦੇ ਤਿਉਹਾਰ ਨਾਲ ਜੁੜੀ ਰਵਾਇਤ 'ਤੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਗਈਆਂ ਸਨ। ਇਨ੍ਹਾਂ ਪੋਸਟਾਂ ਦੀ ਵਜ੍ਹਾ ਨਾਲ #BoycottErosNow ਟਰੈਂਡ ਵੀ ਹੋ ਰਿਹਾ ਹੈ। ਹਾਲਾਂਕਿ ਸਟ੍ਰੀਮਿੰਗ ਪਲੈਟਫਾਰਮ ਨੇ ਭਾਰੀ ਵਿਰੋਧ ਤੋਂ ਬਾਅਦ ਮਾਫ਼ੀ ਮੰਗਦਿਆਂ ਪੋਸਟ ਡਿਲੀਟ ਕਰ ਦਿੱਤੀ।

ਤਸਵੀਰਾਂ 'ਚ ਰਣਵੀਰ ਸਿੰਘ, ਸਲਮਾਨ ਖ਼ਾਨ ਤੇ ਕਟਰੀਨਾ ਕੈਫ ਦੇ ਅਕਸ ਦਾ ਇਸਤੇਮਾਲ ਕਰਦਿਆਂ ਨਰਾਤਿਆਂ ਤੇ ਡਾਂਡੀਆ ਨੂੰ ਲੈ ਕੇ ਮੀਮਜ਼ ਬਣਾਏ ਗਏ ਸਨ। ਕੰਗਨਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ ਕਿ ਸਾਨੂੰ ਸਿਨੇਮੇ ਦੀ ਸੁਰੱਖਿਆ ਇਕ ਵਿਜ਼ੂਅਲ ਮਾਧਿਅਮ ਵਜੋਂ ਸੰਭਾਲਣੀ ਚਾਹੀਦੀ ਹੈ। ਨਿੱਜੀ ਤੌਰ 'ਤੇ ਦੇਖਣ ਲਈ ਕੰਟੈਂਟ ਨੂੰ ਕਾਮੁਕ ਬਣਾਉਣਾ ਤੇ ਕਲਾ ਦਾ ਡਿਜੀਟਲਾਈਜ਼ੇਸ਼ਨ ਕਰਨਾ, ਸਿਨੇਮਾਘਰਾਂ 'ਚ ਵੱਡੀ ਤਾਦਾਦ 'ਚ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਤੋਂ ਜ਼ਿਆਦਾ ਸੌਖਾ ਹੈ। ਸਾਰੇ ਸਟ੍ਰੀਮਿੰਗ ਮਾਧਿਅਮ ਅਸ਼ਲੀਲ ਸਾਈਟਾਂ ਤੋਂ ਜ਼ਿਆਦਾ ਕੁਝ ਨਹੀਂ। ਸ਼ਰਮਨਾਕ।


ਓਟੀਟੀ ਕੰਟੈਂਟ ਨੂੰ ਲੈ ਕੇ ਕੰਗਨਾ ਅੱਗੇ ਟਿੱਪਣੀ ਕਰਦੀ ਹੈ ਕਿ ਇਥੋਂ ਤਕ ਕਿ ਅੰਤਰਰਾਸ਼ਟਰੀ ਪਲੈਟਫਾਰਮ 'ਤੇ ਕੰਟੈਂਟ ਉਤੇਜਿਤ ਕਰਨ ਵਾਲਾ ਹੈ। ਉਨ੍ਹਾਂ ਲਈ ਕਾਮੁਕ, ਹਿੰਸਕ ਤੇ ਦਰਸ਼ਕਾਂ ਦੀ ਕਾਮੁਕਤਾ ਨੂੰ ਵਧਾਉਣ ਵਾਲਾ ਕੰਟੈਂਟ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਦੀਆਂ ਟੀਮਾਂ ਤੋਂ ਸਾਫ਼-ਸੁਥਰਾ ਕੰਟੈਂਟ ਸਵੀਕਾਰਨਾ ਬਹੁਤ ਔਖਾ ਹੈ ਤੇ ਇਹ ਸਿਰਫ਼ ਸਟ੍ਰੀਮਿੰਗ ਮਾਧਿਅਮਾਂ ਦਾ ਦੋਸ਼ ਨਹੀਂ ਹੈ। ਜਦੋਂ ਤੁਸੀਂ ਇਕਾਂਤ 'ਚ ਹੈੱਡਫੋਨ ਲਾ ਕੇ ਕੰਟੈਂਟ ਦੇਖਦੇ ਹੋ ਤਾਂ ਤੁਹਾਨੂੰ ਸਿਰਫ਼ ਵਕਤੀ ਜਿਹੀ ਸੰਤੁਸ਼ਟੀ ਚਾਹੀਦੀ ਹੁੰਦੀ ਹੈ। ਫਿਲਮਾਂ ਨੂੰ ਪੂਰੇ ਪਰਿਵਾਰ, ਬੱਚਿਆਂ ਤੇ ਦੋਸਤਾਂ ਨਾਲ ਦੇਖਣਾ ਜ਼ਰੂਰੀ ਹੈ। ਬੁਨਿਆਦੀ ਤੌਰ 'ਤੇ ਇਹ ਸਮੂਹਿਕ ਤਜਰਬਾ ਹੋਣਾ ਚਾਹੀਦਾ ਹੈ।

Posted By: Harjinder Sodhi