Kangana Ranaut : ਕੰਗਨਾ ਰਣੌਤ ਨੇ ਇਕ ਵਾਰ ਫਿਰ ਦਿਲਜੀਤ ਦੁਸਾਂਝ 'ਤੇ ਨਿਸ਼ਾਨਾ ਸਾਧਿਆ ਹੈ। ਕੱਟੜਪੰਥੀ ਸਿੱਖ ਪ੍ਰਚਾਰਕ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿਚਕਾਰ ਕੰਗਨਾ ਨੇ ਅਦਾਕਾਰ ਤੇ ਗਾਇਕ ਦਿਲਜੀਤ ਲਈ ਸੋਸ਼ਲ ਮੀਡੀਆ 'ਤੇ ਇਕ ਚਿਤਾਵਨੀ ਵੀ ਪੋਸਟ ਕੀਤੀ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਇਕ ਮਸ਼ਹੂਰ ਮੀਮ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਲਿਖਿਆ, ਦਿਲਜੀਤ ਜੀ 'ਪੋਲਜ਼ ਆਗਾਈ ਪੋਲ'।

ਦਿਲਜੀਤ ਨੂੰ ਟੈਗ ਕਰ ਕੇ ਕੀਤਾ ਪੋਸਟ

ਕੰਗਨਾ ਨੇ ਟਵਿੱਟਰ ਅਤੇ ਇੰਸਟਾਗ੍ਰਾਮ ਸਟੋਰੀਜ਼ 'ਤੇ Swiggy India ਦੀ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿਚ ਕਈ ਤਰ੍ਹਾਂ ਦੀਆਂ ਦਾਲਾਂ ਦਿਖਾਈਆਂ ਗਈਆਂ ਸਨ ਜਿਨ੍ਹਾਂ ਉੱਤੇ ‘ਪਲਸ ਆਈ ਪਲਸ’ ਲਿਖਿਆ ਹੋਇਆ ਸੀ। ਉਨ੍ਹਾਂ ਨੇ ਆਪਣੇ ਟਵੀਟ 'ਚ ਦਿਲਜੀਤ ਨੂੰ ਟੈਗ ਕਰਦੇ ਹੋਏ ਲਿਖਿਆ 'ਬਸ ਕਹਿ ਰਹੀ ਹੂੰ'। ਉਨ੍ਹਾਂ ਇੰਸਟਾਗ੍ਰਾਮ ਸਟੋਰੀਜ਼ ਵਿੱਚ ਇੱਕ ਖਾਲਿਸਤਾਨੀ ਸਟਿੱਕਰ ਵੀ ਜੋੜਿਆ। ਜਿਸ ਵਿਚ ਕ੍ਰਾਸ ਲੱਗਾ ਹੋਇਆ ਸੀ। ਇਸ ਪੋਸਟ ਵਿੱਚ ਕੰਗਨਾ ਨੇ ਲਿਖਿਆ, "ਦਿਲਜੀਤ ਦੋਸਾਂਝ ਜੀ ਪੋਲਸ ਆਗਾਈ ਪੋਲ।"

'ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਅਗਲਾ ਨੰਬਰ ਯਾਦ ਹੈ?' - ਕੰਗਨਾ

ਦਿਲਜੀਤ ਦੋਸਾਂਝ ਵੱਲ ਇਸ਼ਾਰਾ ਕਰਦੇ ਹੋਏ ਕੰਗਨਾ ਨੇ ਇਕ ਹੋਰ ਕਹਾਣੀ ਸਾਂਝੀ ਕੀਤੀ ਹੈ ਜਿਸ ਵਿਚ ਲਿਖਿਆ ਸੀ, "ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ ਨੂੰ ਅਗਲਾ ਨੰਬਰ ਯਾਦ ਹੈ, ਤੇਰਾ ਹੈ, ਪੋਲ ਆ ਚੁੱਕੀ ਹੈ, ਇਹ ਉਹ ਵਕਤ ਨਹੀਂ ਹੈ ਜਦੋਂ ਕੋਈ ਵੀ ਕੁਝ ਵੀ ਕਰਦਾ ਸੀ, ਦੇਸ਼ ਦੇ ਨਾਲ ਗੱਦਾਰੀ ਜਾਂ ਟੁਕੜੇ ਕਰਨ ਦੀ ਕੋਸ਼ਿਸ਼ ਹੁਣ ਮਹਿੰਗੀ ਪਵੇਗੀ।'

ਪੰਜਾਬ ਪੁਲਿਸ ਦੀ ਕਾਰਵਾਈ ਤੋਂ ਬਾਅਦ ਕੰਗਨਾ ਨੇ ਕੀਤੀ ਪੋਸਟ

ਕੰਗਨਾ ਰਣੌਤ ਨੇ ਸ਼ਨੀਵਾਰ ਨੂੰ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ ਇਹ ਪੋਸਟ ਕੀਤੀ। ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਪੁਲਿਸ ਨੇ ਕਿਹਾ ਕਿ ਇਸ ਮਾਮਲੇ 'ਚ ਹੁਣ ਤਕ ਕੁੱਲ 114 ਗ੍ਰਿਫ਼ਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਵਿੱਚ ਆਈਐਸਆਈ ਐਂਗਲ ਅਤੇ ਵਿਦੇਸ਼ੀ ਫੰਡਿੰਗ ਦਾ ਪੱਕਾ ਸ਼ੱਕ ਹੈ।

ਕਾਂਗਰਸੀ ਸੰਸਦ ਮੈਂਬਰ ਨੇ ਲਾਇਆ ਸੀ ਦੋਸ਼

2020 'ਚ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਿਲਜੀਤ 'ਤੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ। ਦਿਲਜੀਤ ਨੇ ਜਵਾਬ ਦਿੱਤਾ, 'ਮੈਂ ਇਕ ਭਾਰਤੀ ਟੈਕਸਦਾਤਾ ਹਾਂ, ਜੋ ਹਮੇਸ਼ਾ ਲੋੜ ਦੇ ਸਮੇਂ ਦੇਸ਼ ਅਤੇ ਪੰਜਾਬ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਹੈ।'

ਕੰਗਨਾ ਪਹਿਲਾਂ ਵੀ ਦਿਲਜੀਤ ਨਾਲ ਲੈ ਚੁੱਕੀ ਹੈ ਪੰਗਾ

ਕੰਗਨਾ ਦੀ 2020 'ਚ ਦਿਲਜੀਤ ਨਾਲ ਸੋਸ਼ਲ ਮੀਡੀਆ 'ਤੇ ਜੰਗ ਹੋ ਚੁੱਕੀ ਹੈ। ਵਿਵਾਦ ਉਸ ਵੱਲੋਂ ਪੋਸਟ ਕੀਤੇ ਗਏ ਇਕ ਟਵੀਟ ਦਾ ਹਵਾਲਾ ਦਿੰਦੇ ਹੋਏ ਸ਼ੁਰੂ ਹੋਇਆ, ਜਿਸ ਵਿੱਚ ਉਸਨੇ ਇੱਕ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਚਿਹਰੇ ਵਜੋਂ ਗਲਤ ਪਛਾਣ ਲਿਆ। ਇਸ ਤੋਂ ਬਾਅਦ ਦਿਲਜੀਤ ਨੇ ਕੰਗਨਾ ਦੀ ਪੋਸਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦੱਸਿਆ ਕਿ ਉਹ ਖਾਲਿਸਤਾਨੀ ਨਹੀਂ ਹੈ। ਦਿਲਜੀਤ ਨੇ ਇਸ ਨੂੰ ਕੰਗਣਾ ਦਾ 'ਡਰਾਮਾ' ਕਿਹਾ ਹੈ।

Posted By: Seema Anand