ਨਵੀਂ ਦਿੱਲੀ, ਜੇਐਨਐਨ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਾਵੇਦ ਅਖਤਰ ਵੱਲੋਂ ਦਾਇਰ ਮਾਣਹਾਨੀ ਕੇਸ ਨੂੰ ਲੈ ਕੇ ਲੰਬੇ ਸਮੇਂ ਤੋਂ ਮੁਸੀਬਤ 'ਚ ਹੈ। ਇਸ ਮਾਮਲੇ ਦੀ ਸੁਣਵਾਈ ਲਈ ਸੋਮਵਾਰ 20 ਸਤੰਬਰ ਨੂੰ ਅਦਾਕਾਰਾ ਅੰਧੇਰੀ ਅਦਾਲਤ 'ਚ ਪੇਸ਼ ਹੋਈ। ਇਸ ਤੋਂ ਪਹਿਲਾਂ ਕੰਗਨਾ ਰਣੌਤ ਅਦਾਲਤ ਦੇ ਆਦੇਸ਼ ਦੇ ਬਾਵਜੂਦ ਦਿੱਤੀ ਗਈ ਤਰੀਕ 'ਤੇ ਪੇਸ਼ ਨਹੀਂ ਹੋਈ ਸੀ। ਉਸ ਨੂੰ ਪਿਛਲੇ ਹਫਤੇ ਜਾਵੇਦ ਅਖਤਰ ਦੇ ਮਾਣਹਾਨੀ ਮਾਮਲੇ ਵਿਚ ਅਦਾਲਤ ਨੇ ਸੁਣਵਾਈ ਲਈ ਵੀ ਬੁਲਾਇਆ ਸੀ ਪਰ ਉਹ ਅਦਾਲਤ 'ਚ ਪੇਸ਼ ਨਹੀਂ ਹੋਈ ਸੀ।

ਜਿਸ ਦੇ ਚੱਲਦਿਆਂ ਕੋਰਟ ਨੇ ਅਦਾਕਾਰਾ ਨੂੰ ਫਟਕਾਰ ਲਗਾਈ। ਇੰਨਾ ਹੀ ਨਹੀਂ ਕੋਰਟ ਨੇ ਕੰਗਨਾ ਰਣੌਤ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਅਗਲੀ ਤਰੀਕ ਭਾਵ 20 ਸਤੰਬਰ ਨੂੰ ਅਦਾਲਤ ਵਿਚ ਪੇਸ਼ ਨਹੀਂ ਹੁੰਦੀ ਤਾਂ ਉਨ੍ਹਾਂ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ ਜਾਵੇਗਾ। ਜਿਸ ਦੇ ਚੱਲਦਿਆਂ ਕੰਗਨਾ ਰਣੌਤ ਸੋਮਵਾਰ ਨੂੰ ਸੁਣਵਾਈ ਲਈ ਅੰਧੇਰੀ ਅਦਾਲਤ ਪਹੁੰਚੀ। ਇਸ ਦੇ ਨਾਲ ਹੀ ਅਦਾਲਤ ਨੇ ਹੁਣ ਮਾਣਹਾਨੀ ਦੇ ਮਾਮਲੇ 'ਚ ਅਗਲੀ ਤਰੀਕ 15 ਨਵੰਬਰ ਦੇ ਦਿੱਤੀ ਹੈ।

ਨਿਊਜ਼ ਏਜੰਸੀ ਏਐਨਆਈ ਦੀ ਖ਼ਬਰ ਮੁਤਾਬਕ ਕੰਗਨਾ ਰਣੌਤ ਦੇ ਵਕੀਲ ਨੇ ਮਾਮਲੇ 'ਚ ਟਰਾਂਸਫਰ ਅਰਜ਼ੀ ਦਾਇਰ ਕੀਤੀ ਹੈ ਜਿਸ ਦੀ ਸੁਣਵਾਈ 1 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਕੰਗਨਾ ਰਣੌਤ ਨੂੰ ਬੰਬੇ ਹਾਈ ਕੋਰਟ ਤੋਂ ਝਟਕਾ ਲੱਗਾ ਸੀ। ਹਾਈ ਕੋਰਟ ਨੇ ਗੀਤਕਾਰ ਜਾਵੇਦ ਅਖਤਰ ਦੁਆਰਾ ਦਾਇਰ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਦੀ ਮੰਗ ਕਰਨ ਵਾਲੀ ਕੰਗਨਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ।

ਇਹ ਸਾਰਾ ਵਿਵਾਦ ਸਾਲ 2020 'ਚ ਸ਼ੁਰੂ ਹੋਇਆ ਸੀ ਜਿਸ ਨੂੰ ਹੁਣ ਕੰਗਨਾ ਰਣੌਤ ਕਿਸੇ ਵੀ ਹਾਲਤ 'ਚ ਖਤਮ ਕਰਨਾ ਚਾਹੁੰਦੀ ਹੈ ਪਰ ਜਾਵੇਦ ਅਖਤਰ ਅਜਿਹਾ ਨਹੀਂ ਚਾਹੁੰਦੇ। ਦਰਅਸਲ ਇਹ ਮਾਮਲਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸ਼ੁਰੂ ਹੋਇਆ ਸੀ। ਜਦੋਂ ਕੰਗਨਾ ਨੇ ਇਕ ਇੰਟਰਵਿਊ ਦੌਰਾਨ ਜਾਵੇਦ ਅਖਤਰ ਖਿਲਾਫ ਬਿਆਨ ਦਿੱਤਾ ਸੀ। ਇਸ ਦੇ ਨਾਲ ਹੀ ਜਾਵੇਦ ਅਖਤਰ ਅਜਿਹੇ ਬਿਆਨ ਤੋਂ ਗੁੱਸੇ ਵਿਚ ਆ ਗਏ ਤੇ ਉਨ੍ਹਾਂ ਨੇ ਕੰਗਨਾ 'ਤੇ ਅਕਸ ਖਰਾਬ ਕਰਨ ਦਾ ਦੋਸ਼ ਲਗਾਉਂਦੇ ਹੋਏ ਮਾਣਹਾਨੀ ਦਾ ਕੇਸ ਦਾਇਰ ਕੀਤਾ।

Posted By: Ravneet Kaur