ਐਂਟਰਟੇਨਮੈਂਟ ਬਿਊਰੋ, ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਸਿਨੇਮਾ 'ਚ ਪਰਿਵਾਰਵਾਦ ਬਾਰੇ ਬਹਿਸ ਛਿੜੀ ਹੈ। ਬੁੱਧਵਾਰ ਨੂੰ ਮਹੇਸ਼ ਭੱਟ ਦੀ ਧੀ ਪੂਜਾ ਭੱਟ ਨੇ ਟਵੀਟ ਕਰ ਕੇ ਆਪਣਾ ਪੱਖ ਰੱਖਿਆ। ਇਸ 'ਤੇ ਕੰਗਨਾ ਰਣੌਤ ਭੜਕ ਗਈ। ਪੂਜਾ ਨੇ ਕੰਗਨਾ ਨੂੰ ਬਿਹਤਰ ਕਲਾਕਾਰ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨੇ ਕਈ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ। ਕੰਗਨਾ ਉਨ੍ਹਾਂ 'ਚੋਂ ਇਕ ਹੈ। ਪੂਜਾ 'ਤੇ ਜਵਾਬੀ ਹਮਲਾ ਕਰਦਿਆਂ ਕੰਗਨਾ ਦੀ ਟੀਮ ਨੇ ਜਵਾਬ 'ਚ ਲਿਖਿਆ, 'ਕੰਗਨਾ ਦੀ ਪ੍ਰਤਿਭਾ ਲੱਭਣ ਪਿੱਛੇ ਅਨੁਰਾਗ ਬਸੁ ਦੀ ਪਾਰਖੀ ਨਜ਼ਰ ਸੀ। ਸਭ ਜਾਣਦੇ ਹਨ ਕਿ ਮੁਕੇਸ਼ ਭੱਟ ਕਲਾਕਾਰਾਂ ਨੂੰ ਭੁਗਤਾਨ ਕਰਨਾ ਪਸੰਦ ਨਹੀਂ ਕਰਦੇ। ਕੁਝ ਸਟੂਡੀਓ ਪ੍ਰਤਿਭਾਸ਼ਾਲੀ ਲੋਕਾਂ ਨੂੰ ਕੰਮ ਦਿੰਦੇ ਹਨ। ਪਰ ਇਹ ਤੁਹਾਡੇ ਪਿਤਾ (ਮਹੇਸ਼ ਭੱਟ) ਨੂੰ ਉਨ੍ਹਾਂ (ਕੰਗਨਾ) 'ਤੇ ਚੱਪਲ ਸੁੱਟਣ, ਪਾਗਲ ਕਹਿਣ ਤੇ ਅਪਮਾਨਿਤ ਕਰਨ ਦਾ ਲਾਇਸੈਂਸ ਨਹੀਂ ਦਿੰਦਾ।' ਟੀਮ ਨੇ ਅੱਗੇ ਲਿਖਿਆ, 'ਉਨ੍ਹਾਂ ਨੇ ਕੰਗਨਾ ਦੇ ਦੁਖਦ ਅੰਤ ਦਾ ਐਲਾਨ ਵੀ ਕਰ ਦਿੱਤਾ ਸੀ। ਉਹ ਰਿਆ ਚੱਕਰਵਰਤੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਸਬੰਧਾਂ 'ਚ ਏਨੀ ਦਿਲਚਸਪੀ ਕਿਉਂ ਲੈ ਰਹੇ ਸਨ? ਉਨ੍ਹਾਂ ਨੇ ਸੁਸ਼ਾਂਤ ਦੇ ਕਰੀਅਰ ਦੇ ਅੰਤ ਦਾ ਐਲਾਨ ਕਿਉਂ ਕਰ ਦਿੱਤਾ ਸੀ? ਅਜਿਹੇ ਕੁਝ ਸਵਾਲ ਤੁਹਾਨੂੰ ਆਪਣੇ ਪਿਤਾ ਤੋਂ ਜ਼ਰੂਰ ਪੁੱਛਣੇ ਚਾਹੀਦੇ ਹਨ।'

ਜ਼ਿਕਰਯੋਗ ਹੈ ਕਿ ਕੰਗਨਾ ਨੇ ਸਾਲ 2006 'ਚ ਮਹੇਸ਼ ਭੱਟ ਦੇ ਪ੍ਰੋਡਕਸ਼ਨ ਹਾਊਸ ਵਿਸ਼ੇਸ਼ ਫਿਲਮਜ਼ ਦੇ ਬੈਨਰ ਹੇਠ ਬਣੀ ਗੈਂਗਸਟਰ ਤੋਂ ਬਤੌਰ ਅਭਿਨੇਤਰੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਟੀਮ ਨੇ ਇਕ ਹੋਰ ਟਵੀਟ 'ਚ ਦੱਸਿਆ ਕਿ ਕੰਗਨਾ ਨੇ ਗੈਂਗਸਟਰ ਨਾਲ ਦੱਖਣ ਦੀ ਫਿਲਮ ਪੋਕਿਰੀ ਦਾ ਵੀ ਆਡੀਸ਼ਨ ਦਿੱਤਾ ਸੀ ਤੇ ਉਹ ਦੋਵਾਂ ਲਈ ਚੁਣੀ ਗਈ ਸੀ। ਪਰ ਸ਼ੂਟਿੰਗ ਸ਼ੁਰੂ ਕਰਨ ਕਾਰਨ ਉਨ੍ਹਾਂ ਨੇ ਗੈਂਗਸਟਰ 'ਚ ਹੀ ਕੰਮ ਕੀਤਾ। ਮਹੇਸ਼ ਬਾਬੂ ਦੀ ਅਦਾਕਾਰੀ ਵਾਲੀ ਤੇਲਗੂ ਫਿਲਮ ਪੋਕਿਰੀ ਸੁਪਹਿੱਟ ਸਾਬਿਤ ਹੋਈ ਸੀ।

ਜ਼ਿਕਰਯੋਗ ਹੈ ਕਿ ਸੁਸ਼ਾਂਤ ਦੇ ਦੇਹਾਂਤ ਤੋਂ ਬਾਅਦ ਮਹੇਸ਼ ਭੱਟ ਦੇ ਭਰਾ ਤੇ ਨਿਰਮਾਤਾ ਮੁਕੇਸ਼ ਭੱਟ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੋਣ ਲੱਗਿਆ ਸੀ ਕਿ ਸੁਸ਼ਾਂਤ ਪਰਵੀਨ ਬੌਬੀ ਵਾਂਗ ਕਰਨ ਲੱਗੇ ਸਨ। ਕੰਗਨਾ ਨੇ ਮੁਕੇਸ਼ ਦੇ ਇਸ ਬਿਆਨ 'ਤੇ ਵੀ ਖਰੀ-ਖੋਟੀ ਸੁਣਾਈ ਸੀ।