ਨਵੀਂ ਦਿੱਲੀ (ਪੀਟੀਆਈ) : ਮਸ਼ਹੂਰ ਸ਼ਾਇਰ ਅਤੇ ਗੀਤਕਾਰ ਕੈਫ਼ੀ ਆਜ਼ਮੀ ਦੇ 101ਵੇਂ ਜਨਮ ਦਿਨ 'ਤੇ ਮੰਗਲਵਾਰ ਨੂੰ ਗੂਗਲ ਨੇ ਉਨ੍ਹਾਂ ਦੀ ਯਾਦ ਵਿਚ ਸ਼ਾਨਦਾਰ ਡੂਡਲ ਬਣਾਇਆ। ਖ਼ੂਬਸੂਰਤ ਅਤੇ ਰੰਗੀਨ ਚਿੱਤਰ ਰਾਹੀਂ ਗੂਗਲ ਨੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਤੋਂ ਆਉਣ ਵਾਲੇ ਇਸ ਲੇਖਕ ਨੂੰ ਸ਼ਰਧਾਂਜਲੀ ਦਿੱਤੀ।

1919 'ਚ ਪੈਦਾ ਹੋਏ ਕੈਫ਼ੀ ਦਾ ਅਸਲੀ ਨਾਂ ਅਤਹਰ ਹੁਸੈਨ ਰਿਜ਼ਵੀ ਸੀ। ਪੜ੍ਹਨ ਲਿਖਣ ਦੇ ਸ਼ੌਕੀਨ ਕੈਫ਼ੀ ਨੇ ਪਹਿਲੀ ਗਜ਼ਲ ਸਿਰਫ਼ 11 ਸਾਲ ਦੀ ਉਮਰ ਵਿਚ ਲਿਖੀ ਸੀ। ਉਰਦੂ ਭਾਸ਼ਾ ਦੇ ਬੇਹਤਰੀਨ ਨਜ਼ਮਕਾਰ ਕੈਫ਼ੀ ਦਾ ਨਾਂ ਫਿਲਮ ਜਗਤ ਦੇ ਇਕ ਸ਼ਾਨਦਾਰ ਗੀਤਕਾਰ ਦੇ ਰੂਪ ਵਿਚ ਵੀ ਲਿਆ ਜਾਂਦਾ ਹੈ। 1973 ਦੀ ਫਿਲਮ ਗਰਮ ਹਵਾ ਦੀ ਕਹਾਣੀ, ਡਾਇਲਾਗ ਅਤੇ ਗੀਤਾਂ ਦੇ ਲੇਖਕ ਵਜੋਂ ਉਨ੍ਹਾਂ ਨੂੰ ਤਿੰਨ ਫਿਲਮ ਫੇਅਰ ਐਵਾਰਡ ਇਕੱਠੇ ਮਿਲੇ ਸਨ। ਇਸ ਦੇ ਇਲਾਵਾ ਸਾਹਿਤ ਦੇ ਖੇਤਰ ਵਿਚ ਕੈਫ਼ੀ ਦੇ ਅਮੁੱਲ ਯੋਗਦਾਨ ਲਈ ਉਨ੍ਹਾਂ ਨੂੰ ਮਾਣਮੱਤਾ ਸਾਹਿਤ ਅਕੈਡਮੀ ਪੁਰਸਕਾਰ ਵੀ ਦਿੱਤਾ ਗਿਆ ਸੀ। ਲਿਖਣ ਤੋਂ ਇਲਾਵਾ ਕੈਫ਼ੀ ਦੀ ਸਮਾਜਿਕ ਮੁੱਦਿਆਂ 'ਚ ਵੀ ਡੂੰਘੀ ਦਿਲਚਸਪੀ ਸੀ। 1942 'ਚ ਭਾਰਤ ਛੱਡੋ ਅੰਦੋਲਨ ਤੋਂ ਪ੍ਰਭਾਵਿਤ ਕੈਫ਼ੀ ਦੀ 1943 'ਚ ਝਣਕਾਰ ਨਾਂ ਨਾਲ ਪਹਿਲਾ ਕਵਿਤਾ ਸੰਗ੍ਹਿ ਪ੍ਰਕਾਸ਼ਿਤ ਹੋਇਆ ਸੀ। ਇਸ ਪਿੱਛੋਂ ਉਨ੍ਹਾਂ ਨੂੰ ਸਮਾਜਿਕ ਸੁਧਾਰ ਦੇ ਪੈਰੋਕਾਰ ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਦੀ ਮੈਂਬਰੀ ਵੀ ਮਿਲੀ ਸੀ। ਹਿੰਦੀ ਫਿਲਮਾਂ ਦੀ ਚਰਚਿਤ ਅਭਿਨੇਤਰੀ ਸ਼ਬਾਨਾ ਆਜ਼ਮੀ ਦੇ ਪਿਤਾ ਕੈਫ਼ੀ ਆਜ਼ਮੀ ਦੀ ਮੌਤ 10 ਮਈ, 2002 ਨੂੰ ਹੋਈ।

Posted By: Rajnish Kaur