ਪੰਜ ਵਾਰ ਰਾਸ਼ਟਰੀ ਫਿਲਮ ਪੁਰਸਕਾਰ, ਪਦਮਸ਼੍ਰੀ ਅਤੇ ਪਦਮ ਭੂਸ਼ਣ ਪੁਰਸਕਾਰਾਂ ਨਾਲ ਸਨਮਾਨਿਤ ਲੇਖਕ ਤੇ ਗੀਤਕਾਰ ਜਾਵੇਦ ਅਖ਼ਤਰ ਮੌਜੂਦਾ ਦੌਰ ਦੀਆਂ ਫਿਲਮਾਂ ਵਿਚ ਗੀਤਾਂ ਨੂੰ ਹਟਾਏ ਜਾਣ ਨੂੰ ਲੈ ਕੇ ਖ਼ੁਸ਼ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੀਤ ਬਾਲੀਵੁੱਡ ਦੀਆਂ ਫਿਲਮਾਂ ਦੀ ਪਛਾਣ ਹਨ ਅਤੇ ਵਰਤਮਾਨ ਫਿਲਮਕਾਰ ਆਪਣੀ ਪਛਾਣ ਤੋਂ ਹੀ ਦੂਰੀ ਬਣਾ ਰਹੇ ਹਨ। ਮੁੰਬਈ 'ਚ ਇਕ ਸਮਾਗਮ ਵਿਚ ਅੱਜਕੱਲ੍ਹ ਦੇ ਸਕਰੀਨਪਲੇਅ ਲੇਖਣ 'ਤੇ ਗੱਲਬਾਦ ਕਰਦਿਆਂ ਉਨ੍ਹਾਂ ਕਿਹਾ ਕਿ 'ਫਿਲਮ 'ਦੀਵਾਰ' ਦਾ ਸਕਰੀਨਪਲੇਅ ਉਨ੍ਹਾਂ ਸਲੀਮ ਜੀ ਨੇ ਸਿਰਫ਼ 18 ਦਿਨਾਂ ਵਿਚ ਲਿਖਿਆ ਸੀ। ਇਸ ਫਿਲਮ ਦੇ ਡਾਇਲਾਗ ਵੀ ਅਸੀਂ 20 ਦਿਨਾਂ ਦੇ ਅੰਦਰ ਲਿਖੇ ਸਨ। ਉਸ ਵੇਲੇ ਅਸੀਂ ਸਕਰੀਨ ਰਾਈਟਿੰਗ ਦੇ ਦੂਜੇ ਵਰਜਨ ਤੋਂ ਪੂਰੀ ਤਰ੍ਹਾਂ ਅਣਜਾਨ ਸੀ। ਅਸੀਂ ਇਕ ਵਾਰ ਜੋ ਲਿਖ ਦਿੱਤਾ, ਉਹੀ ਸਾਡੀ ਆਖ਼ਰੀ ਲਾਈਨ ਹੁੰਦੀ ਸੀ। ਫਿਲਮ 'ਤਿ੍ਸ਼ੂਲ' ਤੋਂ ਪਹਿਲਾਂ ਸਾਨੂੰ ਇਹ ਨਹੀਂ ਪਤਾ ਸੀ ਕਿ ਅਸੀਂ ਸਕਰੀਨਪਲੇਅ ਵਿਚ ਬਦਲਾਅ ਵੀ ਕਰ ਸਕਦੇ ਹਾਂ। ਅਸੀਂ ਬਚਪਨ ਤੋਂ ਹੀ ਮਹਾਭਾਰਤ ਤੇ ਰਮਾਇਣ ਵਰਗੇ ਗ੍ੰਥਾਂ ਨੂੰ ਸੁਣਦੇ ਆਏ ਹਾਂ। ਇਨ੍ਹਾਂ ਦਾ ਅਸਰ ਸਾਡੇ ਸੱਭਿਆਚਾਰ ਅਤੇ ਲੇਖਣ 'ਤੇ ਹੁੰਦਾ ਹੈ। ਕਿਸੇ ਨਾਵਲ ਨੂੰ ਲਿਖਣ ਲਈ ਦੋ-ਤਿੰਨ ਸਾਲ ਦਾ ਸਮਾਂ ਲੱਗਦਾ ਹੈ। ਫਿਲਮ ਦਾ ਸਕਰੀਨਪਲੇਅ ਲਿਖਣਾ ਇਕ ਨਾਵਲ ਲਿਖਣ ਵਾਂਗ ਹੀ ਹੁੰਦਾ ਹੈ। ਅੱਜ ਦਾ ਸਿਨੇਮਾ ਸ਼ਾਰਟ ਸਟੋਰੀਜ਼ ਵੱਲ ਰੁਖ਼ ਕਰ ਰਿਹਾ ਹੈ ਅਤੇ ਫਿਲਮਕਾਰ ਫਿਲਮਾਂ ਵਿਚ ਗੀਤਾਂ ਨੂੰ ਨਕਾਰ ਰਹੇ ਹਨ। ਇਸ ਦਾ ਮੈਨੂੰ ਦੁੱਖ ਹੈ। ਵਿਮਲ ਰਾਏ, ਰਾਜ ਕਪੂਰ ਅਤੇ ਗੁਰੂਦੱਤ ਵਰਗੇ ਫਿਲਮਕਾਰਾਂ ਨੇ ਜਿਸ ਤਰ੍ਹਾਂ ਨਾਲ ਮੈਲੋ ਡਰਾਮਾ ਅਤੇ ਗੀਤਾਂ ਨੂੰ ਮਿਲਾ ਕੇ ਰਵਾਇਤੀ ਸਿਨੇਮਾ ਦਾ ਨਿਰਮਾਣ ਕੀਤਾ ਸੀ, ਅਸੀਂ ਉਸ ਤੋਂ ਦੂਰ ਕਿਉਂ ਜਾ ਰਹੇ ਹਾਂ।