ਨਵੀਨ ਨਵਾਜ਼, ਸ੍ਰੀਨਗਰ : ਕਸ਼ਮੀਰ ਅਤੇ ਬਾਲੀਵੁੱਡ ਦਾ ਨਾਤਾ ਬਹੁਤ ਪੁਰਾਣਾ ਹੈ। ਇਸਲਾਮ ਦੇ ਨਾਂ 'ਤੇ ਮਾਸੂਮਾਂ ਦਾ ਖ਼ੂਨ ਵਹਾਉਣ ਅਤੇ ਕਸ਼ਮੀਰੀਆਂ ਨੂੰ ਆਜ਼ਾਦੀ ਦਾ ਸਬਜ਼ਬਾਗ਼ ਦਿਖਾਉਣ ਵਾਲਿਆਂ ਦੇ ਕਦਮ ਕਸ਼ਮੀਰ 'ਚ ਕੀ ਪਏ, ਇਹ ਰਿਸ਼ਤਾ ਵੀ ਟੁੱਟ ਜਿਹਾ ਗਿਆ ਪ੍ਰੰਤੂ ਜਦੋਂ 5 ਅਗਸਤ, 2019 ਨੂੰ ਵੱਖਵਾਦੀ ਅਤੇ ਅੱਤਵਾਦੀ ਏਜੰਡੇ ਦੀ ਨਾਕਾਮੀ ਦਾ ਐਲਾਨ ਹੋਇਆ ਤਾਂ ਇਹ ਟੀਸ ਵੀ ਉਭਰ ਕੇ ਸਾਹਮਣੇ ਆ ਗਈ। ਅਜਿਹੇ ਸਮੇਂ ਇਸ ਟੁੱਟੇ ਹੋਏ ਰਿਸ਼ਤੇ ਨੂੰ ਫਿਰ ਤੋਂ ਜੋੜਨ ਅਤੇ ਮਜ਼ਬੂਤ ਬਣਾਉਣ ਲਈ ਕਦਮ ਅੱਗੇ ਵਧੇ।

ਕਸ਼ਮੀਰ 'ਚ ਪਹਿਲਾ ਮਲਟੀਪਲਕਸ ਛੇਤੀ ਖੁੱਲ੍ਹਣ ਵਾਲਾ ਹੈ। ਬਾਕੀ ਸਿਨੇਮਾਘਰਾਂ 'ਚ ਰੰਗ-ਰੋਗਣ ਹੋ ਰਿਹਾ ਹੈ। ਫਿਲਮਾਂ ਦੀ ਸ਼ੂਟਿੰਗ ਦੀ ਨਵੀਂ ਲੋਕੇਸ਼ਨ ਦੀ ਚੋਣ ਕੀਤੀ ਜਾ ਰਹੀ ਹੈ। ਕੱਲ੍ਹ ਤਕ ਜੋ ਲੋਕ ਵਾਦੀ ਵਿਚ ਫਿਲਮ ਨਿਰਮਾਣ ਦੇ ਨਾਂ 'ਤੇ ਕੰਨੀ ਕਤਰਾ ਰਹੇ ਸਨ, ਅੱਜ ਖੁੱਲ੍ਹ ਕੇ ਕਹਿੰਦੇ ਹਨ ਕਿ ਇੱਥੇ ਸ਼ੂਟਿੰਗ ਦਾ ਮਤਲਬ-ਆਮ ਕਸ਼ਮੀਰੀਆਂ ਲਈ ਰੁਜ਼ਗਾਰ। ਫਿਲਮਾਂ 'ਚ ਕਰੀਅਰ ਬਣਾਉਣ ਦੀ ਇੱਛਾ ਨਾਲ ਮੁੰਬਈ ਜਾਣ ਵਾਲੇ ਕਸ਼ਮੀਰੀਆਂ ਨੂੰ ਘਰ ਵਿਚ ਮੌਕਾ ਮਿਲੇਗਾ। ਫਿਲਮ ਇੰਡਸਟਰੀ ਨਾਲ ਜੁੜੀਆਂ ਨਾਮੀ ਹਸਤੀਆਂ ਹੁਣ ਕਸ਼ਮੀਰ ਵਿਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਫਿਲਮ ਸਿਟੀ ਬਣਾਉਣ ਦੀ ਗੱਲ ਵੀ ਹੋ ਰਹੀ ਹੈ। ਇਹ ਇਕ ਸੁਪਨੇ ਵਰਗਾ ਲੱਗਦਾ ਹੈ।

ਵੱਖਵਾਦੀਆਂ ਨੇ ਭੜਕਾਈਆਂ ਧਾਰਮਿਕ ਭਾਵਨਾਵਾਂ

ਵੱਖਵਾਦੀਆਂ ਅਤੇ ਅੱਤਵਾਦੀਆਂ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਸਭ ਤੋਂ ਪਹਿਲੇ ਕਸ਼ਮੀਰੀਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ। ਗੀਤ-ਸੰਗੀਤ ਅਤੇ ਫਿਲਮਾਂ ਨੂੰ ਇਸਲਾਮ ਵਿਰੋਧੀ ਕਰਾਰ ਦਿੰਦੇ ਹੋਏ ਵਾਦੀ ਵਿਚ ਸਿਨੇਮਾਘਰਾਂ ਨੂੰ ਜਬਰੀ ਬੰਦ ਕਰਵਾਇਆ। ਕਈ ਨੂੰ ਤਾਂ ਅੱਗ ਲਗਾ ਦਿੱਤੀ ਗਈ ਤੇ ਕਈ ਨੂੰ ਬੰਬ ਨਾਲ ਉੱਡਾ ਦਿੱਤਾ। ਵਾਦੀ 'ਚ ਦੋ ਦਰਜਨ ਸਿਨੇਮਾ ਘਰ ਸਨ ਜੋ ਹੌਲੀ-ਹੌਲੀ ਬੰਦ ਹੋ ਗਏ। ਕਈ ਸਿਨੇਮਾਘਰ ਬਾਅਦ ਵਿਚ ਸ਼ਾਪਿੰਗ ਕੰਪਲੈਕਸ ਬਣ ਗਏ ਤੇ ਕੁਝ 'ਚ ਹਸਪਤਾਲ ਖੁੱਲ੍ਹ ਗਏ। ਕੁਝ ਖੰਡਰ ਹੋ ਗਏ ਜਾਂ ਫਿਰ ਸੁਰੱਖਿਆ ਬਲਾਂ ਦੇ ਕੈਂਪ ਬਣ ਗਏ। ਫਿਲਮਾਂ ਦੀ ਸ਼ੂਟਿੰਗ ਵੀ ਲਗਪਗ ਠੱਪ ਹੋ ਗਈ। ਸਖ਼ਤ ਸੁਰੱਖਿਆ ਵਿਚ ਕਿਸੇ ਸੁਰੱਖਿਅਤ ਥਾਂ 'ਤੇ ਇਕ-ਦੋ ਸੀਨ ਫਿਲਮਾ ਕੇ ਡਾਇਰੈਕਟਰ ਮੁੰਬਈ ਪਰਤ ਜਾਂਦੇ। ਨਤੀਜਾ ਇਹ ਹੋਇਆ ਕਿ ਕਸ਼ਮੀਰ ਦੀ ਥਾਂ ਫਿਲਮਾਂ ਨੂੰ ਯੂਰਪੀ ਦੇਸ਼ ਨਜ਼ਰ ਆਉਣ ਲੱਗੇ। ਇਸ ਦਾ ਨੁਕਸਾਨ ਕਸ਼ਮੀਰ ਦੇ ਸੈਰਸਪਾਟੇ 'ਤੇ ਹੀ ਨਹੀਂ, ਫਿਲਮ ਉਦਯੋਗ ਨਾਲ ਜੁੜੇ ਸਥਾਨਕ ਲੋਕਾਂ ਨੂੰ ਹੋਇਆ।

ਗੀਤ-ਸੰਗੀਤ, ਫਿਲਮਾਂ ਦੇ ਸ਼ੌਕੀਨ ਹਨ ਕਸ਼ਮੀਰੀ

ਚਾਰੋ ਪਾਸੇ ਹਿੰਸਾ, ਕੁੱਟਮਾਰ ਅਤੇ ਦਬਾਅ ਦਾ ਵਾਤਾਵਰਨ। ਮਨੋਰੰਜਨ ਦਾ ਕੋਈ ਸਾਧਨ ਨਹੀਂ। ਇਸ ਨਾਲ ਕਸ਼ਮੀਰੀਆਂ 'ਚ ਡਿਪਰੈਸ਼ਨ ਵਧਿਆ। ਕਈ ਲੋਕ ਤਰਕ ਦਿੰਦੇ ਹਨ ਕਿ ਕਸ਼ਮੀਰੀ ਲੋਕਾਂ ਨੇ ਇਸਲਾਮ ਦੀਆਂ ਮਾਨਤਾਵਾਂ ਦੇ ਆਧਾਰ 'ਤੇ ਖ਼ੁਦ ਨੂੰ ਸਿਨੇਮਾ ਅਤੇ ਗੀਤ-ਸੰਗੀਤ ਤੋਂ ਦੂਰ ਕੀਤਾ ਪ੍ਰੰਤੂ ਉਨ੍ਹਾਂ ਦਾ ਇਹ ਤਰਕ ਉਸ ਸਮੇਂ ਗ਼ਲਤ ਸਾਬਿਤ ਹੋ ਜਾਂਦਾ ਹੈ ਜਦੋਂ ਲਾਲ ਚੌਕ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਥਿਤ ਵੀਡੀਓ ਲਾਇਬ੍ਰੇਰੀਆਂ, ਸੀਡੀ/ਡੀਵੀਡੀ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਸਵੇਰ ਤੋਂ ਸ਼ਾਮ ਤਕ ਇਕੱਠੀ ਹੋਈ ਲੋਕਾਂ ਦੀ ਭੀੜ ਦਾ ਜ਼ਿਕਰ ਹੁੰਦਾ ਹੈ। ਸਥਾਨਕ ਫਿਲਮ ਨਿਰਮਾਤਾਵਾਂ ਵੱਲੋਂ ਤਿਆਰ ਕਸ਼ਮੀਰੀ ਫਿਲਮਾਂ ਜੋ ਸਿਰਫ਼ ਸੀਡੀ/ਡੀਵੀਡੀ 'ਤੇ ਹੀ ਉਪਲੱਬਧ ਹੁੰਦੀਆਂ ਹਨ ਅਤੇ ਇਹ ਧੜੱਲੇ ਨਾਲ ਵਿੱਕਦੀਆਂ ਹਨ। ਕਸ਼ਮੀਰ ਵਿਚ ਮੁੰਡੇ-ਕੁੜੀਆਂ ਦੇ ਕਸ਼ਮੀਰੀ ਭਾਸ਼ਾ 'ਚ ਮਿਊਜ਼ੀਕਲ ਅਤੇ ਵੀਡੀਓ ਐਲਬਮ ਖ਼ੂਬ ਹਨ। ਇਸ ਤੋਂ ਸਮਝ ਆਉਂਦਾ ਹੈ ਕਿ ਕਸ਼ਮੀਰੀ ਆਪਣੀ ਮਰਜ਼ੀ ਨਾਲ ਫਿਲਮਾਂ ਤੋਂ ਦੂਰ ਨਹੀਂ ਹੋਏ ਹਨ।

ਫਿਲਮ ਇੰਡਸਟਰੀ 'ਤੇ ਜ਼ੋਰ

ਧਾਰਾ 370 ਦੀ ਸਮਾਪਤੀ ਅਤੇ ਜੰਮੂ-ਕਸ਼ਮੀਰ ਪੁਨਰਗਨਠ ਐਕਟ ਲਾਗੂ ਕੀਤੇ ਜਾਣ ਪਿੱਛੋਂ ਜੰਮੂ-ਕਸ਼ਮੀਰ ਦੇ ਆਰਥਿਕ ਵਿਕਾਸ ਦਾ ਜੋ ਰੋਡਮੈਪ ਤਿਆਰ ਕੀਤਾ ਗਿਆ ਉਸ ਵਿਚ ਫਿਲਮ ਇੰਡਸਟਰੀ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਮੁੰਬਈ ਹੀ ਨਹੀਂ ਦੱਖਣੀ ਭਾਰਤ, ਪੰਜਾਬ ਅਤੇ ਬੰਗਾਲ ਦੀ ਫਿਲਮ ਇੰਡਸਟਰੀ ਨੂੰ ਕਸ਼ਮੀਰ ਵਿਚ ਸ਼ੂਟਿੰਗ ਲਈ ਪ੍ਰਰੋਤਸਾਹਿਤ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਬੀਤੇ ਇਕ ਸਾਲ ਵਿਚ ਕਸ਼ਮੀਰ ਦਾ ਦੌਰਾ ਕਰ ਚੁੱਕੀਆਂ ਹਨ ਤੇ ਦਰਜਨ ਭਰ ਫਿਲਮਾਂ ਦੀ ਇੱਥੇ ਸ਼ੂਟਿੰਗ ਵੀ ਹੋ ਚੁੱਕੀ ਹੈ। ਕਸ਼ਮੀਰ 'ਚ ਫਿਲਮ ਸਿਟੀ ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ।