ਸਟੇਟ ਬਿਊਰੋ, ਮੁੰਬਈ : ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਐਵਾਰਡਜ਼ ਦਾ ਆਗਾਜ਼ ਸੋਮਵਾਰ ਨੂੰ ਮੁੰਬਈ 'ਚ 'ਆਈਫਾ ਰੌਕਸ' ਸਮਾਰੋਹ ਨਾਲ ਹੋਇਆ। ਇਸ ਦੌਰਾਨ ਇਸ ਸਾਲ ਦੇ ਆਈਫਾ ਟੈਕਨੀਕਲ ਐਵਾਰਡਜ਼ ਦਾ ਐਲਾਨ ਕੀਤਾ ਗਿਆ। ਰਾਧਿਕਾ ਆਪਟੇ ਤੇ ਅਲੀ ਫਜ਼ਲ ਨੇ ਪ੍ਰਰੋਗਰਾਮ ਦੀ ਮੇਜ਼ਬਾਨੀ ਕੀਤੀ। ਇਹ ਪਹਿਲੀ ਵਾਰ ਹੈ ਜਦੋਂ ਆਈਫਾ ਐਵਾਰਡਜ਼ ਦੇਸ਼ 'ਚ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਸਮਾਰੋਹ ਦੁਨੀਆ ਦੇ ਵੱਖ ਵੱਖ ਦੇਸ਼ਾਂ 'ਚ ਕਰਵਾਇਆ ਜਾਂਦਾ ਸੀ। ਪਿਛਲੇ ਸਾਲ ਇਹ ਬੈਂਕਾਕ 'ਚ ਕਰਵਾਇਆ ਗਿਆ ਸੀ।

ਸਮਾਰੋਹ 'ਚ ਹਾਲੀਆ ਹੀ 'ਚ ਤਿੰਨ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੀ ਫਿਲਮ 'ਅੰਧਾਧੁਨ' ਦਾ ਇਸ ਐਵਾਰਡ ਸਮਾਰੋਹ 'ਚ ਵੀ ਜਲਵਾ ਕਾਇਮ ਰਿਹਾ। ਇਸ ਫਿਲਮ ਨੇ ਬੈਸਟ ਸਕਰੀਨ ਪਲੇ, ਬੈਸਟ ਐਡੀਟਿੰਗ, ਬੈਸਟ ਸਾਊਂਡ ਮਿਕਸਿੰਗ ਤੇ ਬੈਸਟ ਬੈਕਗਰਾਊਂਡ ਸਕੋਰ ਸਮੇਤ ਚਾਰ ਐਵਾਰਡ ਜਿੱਤੇ। ਬੈਸਟ ਸਪੈਸ਼ਲ ਵਿਜ਼ੂਅਲ ਤੇ ਬੈਸਟ ਸਾਊਂਡ ਡਿਜ਼ਾਈਨ ਲਈ 'ਤੁੰਬਾਡ' ਫਿਲਮ ਨੂੰ ਐਵਾਰਡ ਦਿੱਤਾ ਗਿਆ। ਉੱਥੇ ਹੀ ਫਿਲਮ 'ਪਦਮਾਵਤ' ਨੂੰ ਬੈਸਟ ਸਿਨੇਮਾਟੋਗ੍ਰਾਫੀ ਤੇ ਫਿਲਮ ਦੇ 'ਘੂਮਰ' ਗਾਣੇ ਲਈ ਬੈਸਟ ਕੋਰੀਓਗ੍ਰਾਫੀ ਦਾ ਐਵਾਰਡ ਮਿਲਿਆ। 'ਬਧਾਈ ਹੋ' ਫਿਲਮ ਬੈਸਟ ਡਾਇਲਾਗ ਦਾ ਐਵਾਰਡ ਜਿੱਤਣ 'ਚ ਕਾਮਯਾਬ ਰਹੀ। ਸਮਾਰੋਹ 'ਚ ਕੈਟਰੀਨਾ ਕੈਫ, ਰਿਚਾ ਚੱਢਾ, ਵਿੱਕੀ ਕੌਸ਼ਲ ਤੇ ਅਮੀਸ਼ਾ ਪਟੇਲ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਸਟੇਜ 'ਤੇ ਨੇਹਾ ਕੱਕੜ, ਸਲੀਮ-ਸੁਲੇਮਾਨ, ਅਮਿਤ ਤਿ੍ਵੇਦੀ, ਜੱਸੀ ਗਿੱਲ ਤੇ ਤੁਲਸੀ ਕੁਮਾਰ ਨੇ ਆਪਣੀਆਂ ਸੰਗੀਤਮਈ ਪੇਸ਼ਕਾਰੀਆਂ ਨਾਲ ਸਮਾਂ ਬੰਨਿ੍ਹਆ। ਆਈਫਾ ਰੌਕਸ 'ਚ ਸ਼ਾਂਤਨੁ-ਨਿਖਿਲ ਦੀ ਜੋੜੀ ਤੇ ਮਾਸੂਮਾ ਨਾਮਜੋਸ਼ੀ ਦਾ ਇਕ ਫੈਸ਼ਨ ਸ਼ੋਅ ਵੀ ਕਰਵਾਇਆ ਗਿਆ ਸੀ, ਜਿਸ 'ਚ ਅਮੀਸ਼ਾ ਪਟੇਲ ਤੇ ਉਰਵਸ਼ੀ ਰੌਤੇਲਾ ਸਮੇਤ ਕਈ ਹਸਤੀਆਂ ਨੇ ਰੈਂਪ ਵਾਕ ਕੀਤਾ।