ਨਵੀਂ ਦਿੱਲੀ, ਜੇ.ਐੱਨ.ਐੱਨ IIFA Awards 2022: ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ (ਆਈਫਾ) ਐਵਾਰਡਸ 2022 ਇੱਕ ਰੰਗਾਰੰਗ ਪ੍ਰੋਗਰਾਮ ਤੋਂ ਬਾਅਦ ਸਮਾਪਤ ਹੋ ਗਿਆ। 2 ਜੂਨ ਤੋਂ ਸ਼ੁਰੂ ਹੋਏ ਇਸ ਸਮਾਗਮ ਦਾ ਆਖਰੀ ਦਿਨ 4 ਜੂਨ ਦਿਨ ਸ਼ਨੀਵਾਰ ਨੂੰ ਸੀ। ਯੈੱਸ ਆਈਲੈਂਡ, ਅਬੂ ਧਾਬੀ ਵਿਖੇ ਕਰਵਾਏ ਜਾ ਰਹੇ ਆਈਫਾ ਦੇ 22ਵੇਂ ਸੰਸਕਰਨ ਵਿੱਚ ਮਨੋਰੰਜਨ ਉਦਯੋਗ ਦੇ ਕਈ ਦਿੱਗਜਾਂ ਨੇ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ। ਐਵਾਰਡ ਸ਼੍ਰੇਣੀ ਦੀ ਗੱਲ ਕਰੀਏ ਤਾਂ ਸਭ ਦੀਆਂ ਨਜ਼ਰਾਂ ਬੈਸਟ ਐਕਟਰ ਤੇ ਬੈਸਟ ਐਕਟਰੈੱਸ ਦੇ ਪੁਰਸਕਾਰ 'ਤੇ ਸਨ।


ਇਸ ਸਾਲ ਸਰਬੋਤਮ ਅਦਾਕਾਰਾ ਲਈ ਆਈਫਾ 2022 ਐਵਾਰਡ ਅਭਿਨੇਤਰੀ ਕ੍ਰਿਤੀ ਸੈਨਨ ਨੂੰ ਉਸਦੀ ਫਿਲਮ ਮਿਮੀ ਲਈ ਦਿੱਤਾ ਗਿਆ। ਕ੍ਰਿਤੀ ਨੂੰ ਇਹ ਐਵਾਰਡ ਦੇਣ ਲਈ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਨੂੰ ਸਟੇਜ 'ਤੇ ਬੁਲਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਸਾਲ 2021 'ਚ OTT 'ਤੇ ਰਿਲੀਜ਼ ਹੋਈ ਫਿਲਮ ਮਿਮੀ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ 'ਚ ਕ੍ਰਿਤੀ ਦੇ ਕੰਮ ਦੀ ਵੀ ਕਾਫੀ ਤਾਰੀਫ ਹੋਈ ਸੀ।

ਅਦਾਕਾਰ ਵਿੱਕੀ ਕੌਸ਼ਲ ਨੇ ਆਪਣੀ ਫਿਲਮ ਸਰਦਾਰ ਊਧਮ ਲਈ ਇਸ ਸਾਲ ਦਾ ਬੈਸਟ ਐਕਟਰ ਦਾ ਪੁਰਸਕਾਰ ਜਿੱਤਿਆ। ਅਦਾਕਾਰਾ ਤਮੰਨਾ ਭਾਟੀਆ ਨੇ ਇਹ ਐਵਾਰਡ ਦਿੱਤਾ ਸੀ। ਵਿੱਕੀ ਨੇ ਆਪਣਾ ਐਵਾਰਡ ਮਰਹੂਮ ਅਦਾਕਾਰ ਇਰਫਾਨ ਖਾਨ ਨੂੰ ਸਮਰਪਿਤ ਕੀਤਾ। ਦਰਅਸਲ ਵਿੱਕੀ ਤੋਂ ਪਹਿਲਾਂ ਇਹ ਰੋਲ ਉਹ ਹੀ ਕਰਨ ਵਾਲਾ ਸੀ।

ਅਦਾਕਾਰਾ ਸਾਈ ਤਾਮਹਣਕਰ ਨੇ ਫਿਲਮ ਮਿਮੀ ਲਈ ਇੱਕ ਸਹਾਇਕ ਭੂਮਿਕਾ (ਮਹਿਲਾ) ਵਿੱਚ ਪ੍ਰਦਰਸ਼ਨ ਦਾ ਖਿਤਾਬ ਜਿੱਤਿਆ। ਜੇਨੇਲੀਆ ਦੇਸ਼ਮੁੱਖ, ਅਰਜੁਨ ਰਾਮਪਾਲ ਅਤੇ ਹਰਸ਼ ਜੈਨ ਐਵਾਰਡ ਪੇਸ਼ ਕਰਨ ਲਈ ਮੰਚ 'ਤੇ ਇਕੱਠੇ ਹੋਏ।

ਇਸ ਲਈ ਸਰਵੋਤਮ ਸਹਾਇਕ ਅਦਾਕਾਰ ਦਾ ਪੁਰਸਕਾਰ ਪੰਕਜ ਤ੍ਰਿਪਾਠੀ ਨੂੰ ਮਿਲਿਆ। ਉਨ੍ਹਾਂ ਨੂੰ ਇਹ ਐਵਾਰਡ ਲੂਡੋ ਵਿੱਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ। ਪੰਕਜ ਤ੍ਰਿਪਾਠੀ ਨੂੰ ਐਵਾਰਡ ਦੇਣ ਲਈ ਕ੍ਰਿਤੀ ਸੈਨਨ ਅਤੇ ਨਰਿੰਦਰ ਕੇਸਰ ਨੂੰ ਸਟੇਜ 'ਤੇ ਬੁਲਾਇਆ ਗਿਆ।

ਦੋ ਸਾਲ ਬਾਅਦ ਹੋ ਰਹੇ ਇਸ ਐਵਾਰਡ ਸਮਾਰੋਹ 'ਚ ਕਈ ਸਿਤਾਰਿਆਂ ਨੇ ਆਪਣੀ ਪਰਫਾਰਮੈਂਸ ਨਾਲ ਧਮਾਲਾਂ ਪਾਈਆਂ। ਇਸ ਦੌਰਾਨ ਥੋੜ੍ਹੇ ਸਮੇਂ 'ਚ ਹੀ ਆਪਣੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਅਨੰਨਿਆ ਪਾਂਡੇ ਨੇ ਵੀ ਆਈਫਾ ਦੇ ਮੰਚ 'ਤੇ ਆਪਣੀ ਪਹਿਲੀ ਪਰਫਾਰਮੈਂਸ ਨਾਲ ਆਪਣੀ ਪਛਾਣ ਬਣਾ ਲਈ ਹੈ।

Posted By: Ramanjit Kaur