ਨਵੀਂ ਦਿੱਲੀ, ਜੇਐਨਐਨ : ਦੇਸ਼ ਦੇ ਹਰ ਮੁੱਦੇ 'ਤੇ ਆਪਣੀ ਰਾਏ ਰੱਖਣ ਵਾਲੀ ਅਦਾਕਾਰਾ ਸਵਰਾ ਭਾਸਕਰ ਨੇ ਇਕ ਵਾਰ ਫਿਰ ਟਵੀਟ ਕਰ ਕੇ ਗੁੱਸਾ ਜ਼ਾਹਰ ਕੀਤਾ ਹੈ। ਸਵਰਾ ਭਾਸਕਰ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ 'ਚ ਨਮਾਜ਼ ਪੜ੍ਹ ਰਹੇ ਲੋਕਾਂ ਦੇ ਸਾਹਮਣੇ ਬਜਰੰਗ ਦਲ ਦੇ ਵਰਕਰਾਂ ਵਲੋਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਉਣ 'ਤੇ ਗੁੱਸੇ 'ਚ ਹੈ। ਉਸ ਨੇ ਘਟਨਾ ਦੀ ਵੀਡੀਓ ਕਲਿੱਪ ਟਵੀਟ ਕਰਕੇ ਕਿਹਾ ਕਿ ਉਹ ਹਿੰਦੂ ਹੋਣ 'ਤੇ ਸ਼ਰਮਿੰਦਾ ਹੈ।

ਨਮਾਜ਼ ਦੌਰਾਨ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਏ ਗਏ। ਦੱਸ ਦੇਈਏ ਕਿ ਸ਼ੁੱਕਰਵਾਰ (22 ਅਕਤੂਬਰ) ਨੂੰ ਜਦੋਂ ਮੁਸਲਿਮ ਭਾਈਚਾਰੇ ਦੇ ਕੁਝ ਮੈਂਬਰ ਗੁਰੂਗ੍ਰਾਮ ਦੇ ਸੈਕਟਰ 12-A 'ਚ ਇਕ ਨਿੱਜੀ ਸੰਪਤੀ 'ਚ ਸ਼ਾਂਤੀ ਨਾਲ ਨਮਾਜ਼ ਅਦਾ ਕਰ ਰਹੇ ਸਨ। ਇਕ ਗੁੱਸੇ ਭਰੀ ਭੀੜ ਜਿਸ 'ਚ ਕਥਿਤ ਤੌਰ 'ਤੇ ਬਜਰੰਗ ਦਲ ਦੇ ਵਰਕਰ ਸ਼ਾਮਲ ਸਨ, ਉੱਥੇ ਪਹੁੰਚ ਗਏ ਤੇ ਨਮਾਜ਼ ਅਦਾ ਕਰ ਰਹੇ ਲੋਕਾਂ ਦੇ ਸਾਹਮਣੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਨਾਲ ਇਲਾਕੇ 'ਚ ਤਣਾਅ ਪੈਦਾ ਹੋ ਗਿਆ।

ਸਵਰਾ ਦਾ ਇਤਰਾਜ਼ਯੋਗ ਵੀਡੀਓ ਵਾਇਰਲ ਹੋ ਰਿਹਾ ਹੈ

ਕੁਝ ਦਿਨ ਪਹਿਲਾਂ ਸਵਰਾ ਭਾਸਕਰ ਨੇ ਦਿੱਲੀ ਦੇ ਵਸੰਤ ਕੁੰਜ ਉੱਤਰੀ ਪੁਲਿਸ ਸਟੇਸ਼ਨ 'ਚ ਐਫਆਈਆਰ ਦਰਜ ਕਰਵਾਈ ਸੀ। ਸਵਰਾ ਭਾਸਕਰ ਨੇ ਦੋਸ਼ ਲਾਇਆ ਸੀ ਕਿ ਟਵਿੱਟਰ ਅਤੇ ਯੂ-ਟਿਊਬ 'ਤੇ ਸਰਗਰਮ ਇਕ ਵਿਅਕਤੀ ਸਵਰਾ ਦੀ ਫਿਲਮ ਦੇ ਇਕ ਸੀਨ ਨੂੰ ਸੋਸ਼ਲ ਮੀਡੀਆ 'ਤੇ ਫੈਲਾ ਕੇ ਉਸ ਦੀ ਇਮੇਜ਼ ਖਰਾਬ ਕੀਤੀ ਹੈ। ਪੁਲਿਸ ਨੇ ਆਈਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Ravneet Kaur