ਜੇਐੱਨਐੱਨ, ਨਵੀਂ ਦਿੱਲੀ : ਆਈਪੀਐੱਲ ਦੀਆਂ ਤਿਆਰੀਆਂ ਦੌਰਾਨ ਬੀਸੀਸੀਆਈ ਚੀਫ਼ ਸੌਰਵ ਗਾਂਗੁਲੀ ਬਾਲੀਵੁੱਡ ਅਦਕਾਰਾ ਨੇਹਾ ਧੂਪੀਆ ਦੇ ਆਨਲਾਈਨ ਸ਼ੋਅ 'ਨੋ ਫਿਲਟਰ ਨੇਹਾ' ਦੇ ਮਹਿਮਾਨ ਬਣੇ। ਨੇਹਾ ਆਪਣੇ ਸ਼ੋਅ 'ਚ ਵੱਖ-ਵੱਖ ਖੇਤਰਾਂ ਦੇ ਸੈਲੀਬ੍ਰਿਟੀਜ਼ ਨੂੰ ਬੁਲਾਉਂਦੀ ਹੈ ਤੇ ਉਨ੍ਹਾਂ ਨਾਲ ਦਿਲਚਸਪ ਗੱਲਾਂ ਕਰਦੀ ਹੈ। ਕਈ ਵਾਰ ਗੱਲਾਂ-ਗੱਲਾਂ 'ਚ ਖੁਲਾਸੇ ਵੀ ਹੋ ਜਾਂਦੇ ਹਨ। ਸੌਰਵ ਨੇ ਨੇਹਾ ਦੇ ਸਵਾਲਾਂ ਦੇ ਮਜ਼ੇਦਾਰ ਜਵਾਬ ਦਿੱਤੇ ਤੇ ਆਪਣੀ ਹਾਜ਼ਰ ਜਵਾਬੀ ਨਾਲ ਦਿਲ ਜਿੱਤ ਲਏ। ਨੇਹਾ ਨੇ ਜਦੋਂ ਸੌਰਵ ਤੋਂ ਉਨ੍ਹਾਂ ਦੀ ਬਾਇਓਪਿਕ 'ਚ ਰਿਤਿਕ ਰੌਸ਼ਨ ਕੋਲੋਂ ਲੀਡ ਰੋਲ ਨਿਭਾਉਣ ਦੀਆਂ ਖ਼ਬਰਾਂ ਬਾਰੇ ਪੁੱਛਿਆ ਤਾਂ ਦਾਦਾ ਨੇ ਮਜ਼ੇਦਾਰ ਜਵਾਬ ਦਿੱਤਾ।

ਨੇਹਾ ਨੇ ਇਸ ਦੀ ਝਲਕ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਨੇਹਾ ਸੌਰਵ ਨੂੰ ਪੁੱਛਦੀ ਹੈ ਕਿ ਕੀ ਉਨ੍ਹਾਂ ਦੀ ਬਾਇਓਪਿਕ ਬਣ ਰਹੀ ਹੈ? ਸੌਰਵ ਕਹਿੰਦਾ ਹੈ ਕਿ ਕੌਣ ਕਰ ਰਿਹਾ ਹੈ ਤਾਂ ਨੇਹਾ ਦੱਸਦੀ ਹੈ ਕਿ ਰਿਤਿਕ ਰੋਸ਼ਨ ਦੇ ਕਰਨ ਦੀ ਖ਼ਬਰ ਹੈ। ਇਸ 'ਤੇ ਸੌਰਵ ਕਹਿੰਦੇ ਹਨ ਕਿ ਰਿਤਿਕ ਨੂੰ ਇਸ ਲਈ ਮੇਰੇ ਜਿਹਾ ਸਰੀਰ ਬਣਾਉਣਾ ਪਵੇਗਾ। ਇਸ ਸ਼ੋਅ 'ਚ ਇਕ ਰੈਪਿਡ ਸਵਾਲ ਦੇ ਜਵਾਬ 'ਚ ਸੌਰਵ ਦੱਸਦੇ ਹਨ ਕਿ ਯੁਵਰਾਜ ਨੂੰ ਅਦਾਕਾਰੀ ਕਰਨੀ ਚਾਹੀਦੀ ਹੈ।

ਨੋ ਫਿਲਟਰ ਨੇਹਾ ਦਾ ਇਹ ਪੰਜਵਾਂ ਸੀਜ਼ਨ ਹੈ। ਨੇਹਾ ਮੌਜੂਦਾ ਕੋਰੋਨਾ ਵਾਇਰਸ ਹਾਲਾਤ ਦੇ ਚੱਲਦਿਆਂ ਘਰ ਤੋਂ ਸ਼ੋਅ ਕਰ ਰਹੀ ਹੈ। ਇਸ ਲਈ ਇਸ ਨੂੰ ਹੋਮ ਐਡਮਿਸ਼ਨ ਕਿਹਾ ਜਾ ਰਿਹਾ ਹੈ। ਸੌਰਵ 19 ਸਤੰਬਰ ਤੋਂ ਸ਼ੁਰੂ ਹੋ ਰਹੇ ਆਈਪੀਐੱਲ ਲਈ ਫਿਲਹਾਲ ਦੁਬਈ 'ਚ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਰਿਤਿਕ ਰੌਸ਼ਨ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀ ਰਹੇ ਸੌਰਵ ਦੀ ਬਾਇਓਪਿਕ 'ਚ ਕੰਮ ਕਰਨਗੇ। ਰਿਤਿਕ ਇਸ ਤੋਂ ਪਹਿਲਾਂ ਮੈਥਮੈਟੀਸ਼ੀਅਨ ਆਨੰਦ ਕੁਮਾਰ ਦੀ ਬਾਇਓਪਿਕ 'ਚ ਲੀਡ ਨਿਭਾ ਚੁੱਕੇ ਹਨ। ਇਸ ਫਿਲਮ 'ਚ ਰਿਤਿਕ ਦੇ ਕੰਮ ਦੀ ਕਾਫ਼ੀ ਤਾਰੀਫ਼ ਹੋਈ ਸੀ। ਰਿਤਿਕ ਆਪਣੀ ਹੋਮ ਪ੍ਰੋਡਕਸ਼ਨ ਕ੍ਰਿਸ਼-4 ਲਈ ਵੀ ਤਿਆਰੀ ਕਰ ਰਹੇ ਹਨ।

Posted By: Harjinder Sodhi