ਮੁੰਬਈ (ਪੀਟੀਆਈ) : ਸਵ. ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਦੀ ਮੌਤ ਮਾਮਲੇ 'ਚ ਸੀਬੀਆਈ ਜਾਂਚ ਨਹੀਂ ਕਰੇਗੀ। ਬੰਬੇ ਹਾਈ ਕੋਰਟ ਨੇ ਅਦਾਲਤ ਦੀ ਨਿਗਰਾਨੀ 'ਚ ਸੀਬੀਆਈ ਜਾਂਚ ਦੀ ਮੰਗ ਦੀ ਅਰਜ਼ੀ ਵੀਰਵਾਰ ਨੂੰ ਖਾਰਜ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਇਸ ਮਾਮਲੇ 'ਚ ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ ਲਈ ਆਜ਼ਾਦ ਹੈ।

ਚੀਫ ਜਸਟਿਸ ਦੀਪਾਂਕਰ ਦੱਤਾ ਤੇ ਜਸਟਿਸ ਜੀਐੱਸ ਕੁਲਕਰਨੀ ਦੇ ਬੈਂਚ ਨੇ ਕਿਹਾ ਕਿ ਪਟੀਸ਼ਨਰ (ਦਿੱਲੀ ਦੇ ਵਕੀਲ ਪੁਨੀਤ ਥਾਂਡਾ) ਨੂੰ ਇਸ ਮਾਮਲੇ 'ਚ ਪਟੀਸ਼ਨ ਦਾਖਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਕੋਰਟ ਨੇ ਕਿਹਾ, 'ਤੁਸੀਂ ਕੌਣ ਹੋ? ਜੇ ਦਿਸ਼ਾ ਸਾਲਿਆਨ ਦੀ ਮੌਤ ਨਾਲ ਕੁਝ ਗ਼ਲਤ ਹੋਇਆ ਹੈ ਤਾਂ ਉਸ ਦਾ ਪਰਿਵਾਰ ਕਾਨੂੰਨ ਦੇ ਹਿਸਾਬ ਨਾਲ ਕਦਮ ਉਠਾਏਗਾ।'

ਦੱਸਣਯੋਗ ਹੈ ਕਿ ਇਸ ਸਾਲ 8 ਜੂਨ ਨੂੰ ਮਲਾਡ 'ਚ 28 ਸਾਲਾ ਦਿਸ਼ਾ ਸਾਲਿਆਨ ਦੀ ਇਕ ਗ਼ੈਰ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਪੁਲਿਸ ਨੇ ਇਸ ਮਾਮਲੇ 'ਚ ਹਾਦਸੇ ਵਜੋਂ ਮੌਤ ਦੀ ਰਿਪੋਰਟ (ਏਡੀਆਰ) ਦਰਜ ਕੀਤੀ ਸੀ। ਦਿਸ਼ਾ ਦੀ ਮੌਤ ਦੇ ਛੇ ਦਿਨ ਬਾਅਦ ਹੀ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਵੀ ਆਪਣੇ ਫਲੈਟ 'ਚ ਫਾਹੇ 'ਤੇ ਲਟਕੇ ਮਿ੍ਤ ਮਿਲੇ ਸਨ।

ਹਾਈ ਕੋਰਟ ਨੇ ਥਾਂਡਾ ਦੀ ਪਟੀਸ਼ਨ ਖ਼ਾਰਜ ਕਰਦਿਆਂ ਕਿਹਾ ਕਿ ਮੁੰਬਈ ਪੁਲਿਸ ਨੇ 5 ਅਗਸਤ ਨੂੰ ਇਕ ਪ੍ਰਰੈੱਸ ਨੋਟ ਜਾਰੀ ਕਰ ਕੇ ਕਿਹਾ ਸੀ ਕਿ ਦਿਸ਼ਾ ਦੀ ਮੌਤ ਸਬੰਧੀ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ। ਰਿਕਾਰਡ 'ਚ ਅਜਿਹਾ ਕੁਝ ਨਹੀਂ ਹੈ ਕਿ ਪਟੀਸ਼ਨਰ ਨੇ ਪੁਲਿਸ ਨਾਲ ਸੰਪਰਕ ਕੀਤਾ। ਦਰਅਸਲ, ਪਟੀਸ਼ਨਰ ਸਿੱਧਾ ਸੁਪਰੀਮ ਕੋਰਟ ਪੁੱਜ ਗਿਆ।

ਬੀਤੇ ਮਹੀਨੇ ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਧਾਂਡਾ ਨੂੰ ਹਾਈ ਕੋਰਟ ਜਾਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਥਾਂਡਾ ਨੇ ਹਾਈ ਕੋਰਟ 'ਚ ਪਟੀਸ਼ਨ ਲਾਈ ਸੀ।

ਪਟੀਸ਼ਨਰ ਦੇ ਵਕੀਲ ਵਿਨੀਤ ਥਾਂਡਾ ਦੀ ਦਲੀਲ ਸੀ ਕਿ ਕਈ ਮੀਡੀਆ ਰਿਪੋਰਟ 'ਚ ਇਸ ਗੱਲ ਦਾ ਸੰਕੇਤ ਹੈ ਕਿ ਦਿਸ਼ਾ ਦੀ ਹੱਤਿਆ ਕੀਤੀ ਗਈ ਪਰ ਪੁਲਿਸ ਨੇ ਬਿਆਨ ਸਹੀ ਢੰਗ ਜਾਂਚੇ ਬਿਨਾਂ ਹੀ ਕੇਸ ਬੰਦ ਕਰ ਦਿੱਤਾ।