Happy Birthday Sonu Nigam : ਬਾਲੀਵੁੱਡ ਦੇ ਪਾਪੂਲਰ ਸਿੰਗਰ ਸੋਨੂੰ ਨਿਗਮ 30 ਜੁਲਾਈ ਨੂੰ ਆਪਣਾ ਜਨਮ ਦਿਨ ਮਨਾ ਰਹੇ ਹਨ। ਆਪਣੀ ਆਵਾਜ਼ ਨਾਲ ਲੱਖਾਂ ਲੋਕਾਂ ਨੂੰ ਆਪਣਾ ਦਿਵਾਨਾ ਬਣਾਉਣ ਵਾਲੇ ਸੋਨੂੰ ਨਿਗਮ ਬਾਲੀਵੁੱਡ ਦੇ ਟਾਪ ਸਿੰਗਰਜ਼ 'ਚੋਂ ਇਕ ਹਨ। ਮੁਹੰਮਦ ਰਫ਼ੀ ਦੇ ਗਾਣੇ ਗਾ ਕੇ ਫੇਮਸ ਹੋਏ ਸੋਨੂੰ ਨੂੰ ਰਫੀ ਕਲੋਨ ਵੀ ਕਹਿ ਜਾਂਦਾ ਹੈ। ਨੈਸ਼ਨਲ ਅਤੇ ਫਿਲਮਫੇਅਰ ਸਮੇਤ ਕਈ ਐਵਾਰਡ ਜਿੱਤ ਚੁੱਕੇ ਸੋਨੂੰ ਨਿਗਮ ਆਪਣੇ ਫੈਸ਼ਨ ਸੈਂਸ ਤੇ ਸਟਾਈਲ ਕਾਰਨ ਵੀ ਸੁਰਖੀਆਂ 'ਚ ਰਹੇ ਹਨ।

ਸੋਨੂੰ ਨਿਗਮ ਦਾ ਜਨਮ 30 ਜੁਲਾਈ 1973 ਨੂੰ ਫ਼ਰੀਦਾਬਾਦ 'ਚ ਹੋਇਆ ਸੀ। ਕਈ ਸੁਪਰਹਿੱਟ ਸੌਂਗ ਨੂੰ ਆਵਾਜ਼ ਦੇਣ ਵਾਲੇ ਸੋਨੂੰ ਨੇ ਹਿੰਦੀ ਤੋਂ ਇਲਾਵਾ ਉੜੀਆ, ਤਾਮਿਲ, ਪੰਜਾਬੀ, ਬੰਗਾਲੀ, ਅਸਾਮੀ, ਮਲਿਆਲਮ, ਤੇਲਗੂ ਅਤੇ ਨੇਪਾਲੀ ਵਰਗੀਆਂ ਵੱਖ-ਵੱਖ ਭਾਸ਼ਾਵਾਂ 'ਚ ਵੀ ਗਾਣੇ ਗਾਏ ਹਨ।

ਸੋਨੂੰ ਨਿਗਮ ਨੇ ਮਹਿਜ਼ 4 ਸਾਲ ਦੀ ਉਮਰ 'ਚ ਆਪਣਾ ਸੰਗੀਤ ਕਰੀਅਰ ਸ਼ੁਰੂ ਕੀਤਾ ਸੀ। ਉਹ ਸਟੇਜ ਪ੍ਰੋਗਰਾਮ 'ਚ ਅਕਸਰ ਮੁਹੰਮਦ ਰਫ਼ੀ ਦੇ ਗਾਏ ਗਾਣੇ ਗਾਉਂਦੇ ਸਨ। ਸੋਨੂੰ ਨੇ ਆਪਣੇ ਸ਼ੁਰੂਆਤੀ ਦਿਨਾਂ 'ਚ 'ਕਯਾ ਹੂਆ ਤੇਰਾ ਵਾਦਾ' ਗਾਣਾ ਕਈ ਵਾਰ ਗਾਇਆ। ਘਟ ਸਮੇਂ 'ਚ ਹੀ ਸੋਨੂੰ ਨਿਗਮ ਦੀ ਆਵਾਜ਼ 'ਚ ਇਹ ਗਾਣਾ ਕਾਫ਼ੀ ਪਸੰਦ ਕੀਤਾ ਜਾਣ ਲੱਗਿਆ ਅਤੇ ਉਹ ਮਸ਼ਹੂਰ ਹੋ ਗਏ।

19 ਸਾਲ ਦੀ ਉਮਰ 'ਚ ਸੋਨੂੰ ਨਿਗਮ ਮੁੰਬਈ ਆਏ ਸਨ। ਬਾਲੀਵੁੱਡ 'ਚ ਕੰਮ ਮਿਲਣ ਤੋਂ ਪਹਿਲਾਂ ਸੋਨੂੰ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਆਪਣਾ ਖਰਚ ਚਲਾਉਣ ਲਈ ਸੋਨੂੰ ਨਿਗਮ ਨੇ ਸਟੇਜ ਪਰਫਾਰਮੈਂਸ ਵੀ ਦਿੱਤੀ। ਸੋਨੂੰ ਨੂੰ ਪਛਾਣ ਉਦੋਂ ਮਿਲੀ ਜਦੋਂ ਟੀ-ਸਿਰੀਜ਼ ਨੇ ਉਨ੍ਹਾਂ ਦੀ ਆਵਾਜ਼ 'ਚ ਮੁਹੰਮਦ ਰਫ਼ੀ ਦੇ ਗਾਏ ਗਾਣੇ 'ਰਫ਼ੀ ਦੀਆਂ ਯਾਦਾਂ' ਲਾਂਚ ਕੀਤਾ।

ਸਾਲ 1995 'ਚ ਸੋਨੂੰ ਨੇ ਟੀਵੀ ਸ਼ੋਅ 'ਸਾਰੇਗਾਮਾ' ਹੋਸਟ ਕੀਤਾ ਸੀ। ਇਸ ਸ਼ੋਅ ਤੋਂ ਬਾਅਦ ਹੀ ਸੋਨੂੰ ਦੇ ਕਰੀਅਰ 'ਚ ਉਛਾਲ ਆਇਆ ਤੇ ਟੀ-ਸੀਰੀਜ਼ ਦੇ ਮਾਲਿਕ ਗੁਲਸ਼ਨ ਕੁਮਾਰ ਨੇ ਸੋਨੂੰ ਨੂੰ 'ਬੇਵਫ਼ਾ ਸਨਮ' 'ਚ ਗਾਉਣ ਦਾ ਮੌਕਾ ਦਿੱਤਾ। ਫਿਲਮ 'ਚ ਉਨ੍ਹਾਂ ਦਾ ਗਾਇਆ ਗੀਤ 'ਅੱਛਾ ਸਿਲ੍ਹਾ ਦੀਆ ਤੂਨੇ ਮੇਰੇ ਪਿਆਰ ਕਾ' ਸੁਪਰਹਿੱਟ ਰਿਹਾ।

ਸੋਨੂੰ ਨੇ ਐਕਟਿੰਗ 'ਚ ਵੀ ਹੱਥ ਅਜਮਾਇਆ। ਉਨ੍ਹਾਂ ਸਾਲ 1983 ਦੀ ਫਿਲਮ ਬੇਤਾਬ 'ਚ ਬਤੌਰ ਚਾਈਲਡ ਐਕਟਰ ਕੰਮ ਕੀਤਾ ਸੀ। ਇਸ ਤੋਂ ਬਾਅਦ ਸੋਨੂੰ ਨਿਗਮ ਨੇ ਫਿਲਮ ਲਵ ਇਨ ਨੇਪਾਲ, ਜਾਨੀ ਦੁਸ਼ਮਣ- ਇਕ ਅਨੋਖੀ ਕਹਾਣੀ ਤੇ ਕਾਸ਼ ਆਪ ਹਮਾਰੇ ਹੋਤੇ ਵਰਗੀਆਂ ਫਿਲਮਾਂ 'ਚ ਅਹਿਮ ਭੂਮਿਕਾ ਨਿਭਾਈ। ਅਦਾਕਾਰ ਦੇ ਤੌਰ 'ਤੇ ਲੋਕਾਂ ਨੇ ਸੋਨੂੰ ਨੂੰ ਕਬੂਲ ਨਹੀਂ ਕੀਤਾ।

Posted By: Seema Anand