ਜੇਐੱਨਐੱਨ, ਨਵੀਂ ਦਿੱਲੀ : 'ਟ੍ਰੈਜਡੀ ਕਿੰਗ' ਦੇ ਨਾਂ ਨਾਲ ਮਸ਼ਹੂਰ ਅਦਾਕਾਰ ਦਲੀਪ ਕੁਮਾਰ ਅੱਜ ਆਪਣਾ 97ਵਾਂ ਜਨਮਦਿਨ ਮਨਾ ਰਹੇ ਹਨ। 11 ਦਸੰਬਰ 1922...ਇਸੇ ਤਾਰੀਕ ਨੂੰ ਬਾਲੀਵੁੱਡ ਦੇ 'ਟ੍ਰੈਜਡੀ ਕਿੰਗ' ਦਾ ਜਨਮ ਹੋਇਆ ਸੀ। ਦਲੀਪ ਦਾ ਜਨਮ ਪਾਕਿਸਤਾਨ ਦੇ ਪਿਸ਼ਾਵਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਵੀ ਦਲੀਪ ਨਹੀਂ ਬਲਕਿ ਮੁਹੰਮਦ ਯੁਸੂਫ ਖ਼ਾਨ ਹੈ। ਉਨ੍ਹਾਂ ਦੇ ਪਿਤਾ ਲਾਲ ਗ਼ੁਲਾਮ ਸਰਵਰ ਅਲੀ ਖ਼ਾਨ ਇਕ ਜ਼ਿਮੀਂਦਾਰ ਸਨ ਤੇ ਮਾਂ ਆਇਸ਼ਾ ਬੇਗ਼ਮ ਘਰੇਲੂ ਔਰਤ ਸਨ।

ਦਲੀਪ ਦੇ ਫਿਲਮੀ ਕਰੀਅਰ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੂੰ ਇਕ ਤੋਂ ਵਧ ਕੇ ਇਕ ਫਿਲਮਾਂ ਦਿੱਤੀਆਂ। ਉੱਥੇ ਹੀ ਜੇਕਰ ਉਨ੍ਹਾਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਅਸਲ ਜ਼ਿੰਦਗੀ ਵੀ ਕਿਸੇ ਫਿਲਮ ਤੋਂ ਘੱਟ ਨਹੀਂ ਸੀ। ਮਧੂਬਾਲਾ ਨਾਲ ਇਸ਼ਕ ਤੇ ਸਾਇਰਾ ਬਾਨੋ ਨਾਲ ਵਿਆਹ, ਦਲੀਪ ਕੁਮਾਰ ਦੀ ਲਵ ਸਟੋਰੀ ਕਾਫ਼ੀ ਦਿਲਚਸਪ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀਂ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਦੀ ਲਵ ਸਟੋਰੀ ਬਾਰੇ...

ਇੰਝ ਸ਼ੁਰੂ ਹੋਇਆ ਮਧੂਬਾਲਾ ਨਾਲ ਇਸ਼ਕ

1951 ਦੀ ਫਿਲਮ 'ਤਰਾਨਾ' ਦੀ ਸ਼ੂਟਿੰਗ ਦੌਰਾਨ ਦਲੀਪ ਕੁਮਾਰ ਤੇ ਮਧੂਬਾਲਾ ਇਕ-ਦੂਸਰੇ ਦੇ ਕਰੀਬ ਆਏ। ਸੱਤ ਸਾਲ ਤਕ ਦੋਵੇਂ ਰਿਲੇਸ਼ਨਸ਼ਿਪ 'ਚ ਰਹੇ ਪਰ ਇਕ ਗ਼ਲਤਫਹਿਮੀ ਕਾਰਨ ਮਧੂਬਾਲਾ ਨਾਲ ਉਨ੍ਹਾਂ ਦਾ ਰਿਸ਼ਤਾ ਟੁੱਟ ਗਿਆ। ਕਿਹਾ ਜਾਂਦਾ ਹੈ ਕਿ ਮਧੂਬਾਲਾ ਦੇ ਪਿਤਾ ਅਤਾਉੱਲਾ ਖ਼ਾਨ ਕਾਰਨ ਦਲੀਪ ਕੁਮਾਰ ਤੇ ਉਨ੍ਹਾਂ ਦਾ ਰਿਸ਼ਤਾ ਟੁੱਟਿਆ ਸੀ। ਦਲੀਪ ਤੇ ਮਧੂਬਾਲਾ ਇਕ-ਦੂਸਰੇ ਨਾਲ ਵਿਆਹ ਕਰਨਾ ਚਾਹੁੰਦੇ ਸਨ। ਮਧੂਬਾਲਾ ਦੇ ਪਿਤਾ ਨੂੰ ਉਨ੍ਹਾਂ ਦੇ ਰਿਸ਼ਤੇ ਤੋਂ ਇਤਰਾਜ਼ ਸੀ ਪਰ ਵਿਆਹ ਲਈ ਉਨ੍ਹਾਂ ਇਕ ਸ਼ਰਤ ਰਿੱਖੀ ਜਿਸ ਨੂੰ ਦਲੀਪ ਕੁਮਾਰ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਮਧੂਬਾਲਾ ਦੇ ਪਿਤਾ ਨੇ ਰੱਖੀ ਇਹ ਸ਼ਰਤ

ਮਧੂਬਾਲਾ ਦੇ ਪਿਤਾ ਇਕ ਪ੍ਰੋਡਕਸ਼ਨ ਕੰਪਨੀ ਚਲਾਉਂਦੇ ਸਨ। ਉਹ ਚਾਹੁੰਦੇ ਸਨ ਕਿ ਵਿਆਹ ਤੋਂ ਬਾਅਦ ਦਲੀਪ ਕੁਮਾਰ ਤੇ ਮਧੂਬਾਲਾ ਉਨ੍ਹਾਂ ਦੀਆਂ ਫਿਲਮਾਂ 'ਚ ਕੰਮ ਕਰਨ ਜਿਸ ਲਈ ਉਹ ਤਿਆਰ ਨਹੀਂ ਹੋਏ। ਇਸ ਦੌਰਾਨ ਮਧੂਬਾਲਾ ਤੇ ਦਲੀਪ ਕੁਮਾਰ ਨੇ 'ਮੁਗ਼ਲੇ-ਆਜ਼ਮ' ਦੀ ਸ਼ੂਟਿੰਗ ਕੀਤੀ ਪਰ ਸ਼ੂਟਿੰਗ ਪੂਰੀ ਹੋਣ ਤਕ ਦੋਵੇਂ ਅਜਨਬੀ ਹੋ ਚੁੱਕੇ ਸਨ।

...ਤੇ ਇਸ ਤਰ੍ਹਾਂ ਦੋਵਾਂ ਦੀ ਮੁਹੱਬਤ ਅਧੂਰੀ ਰਹਿ ਗਈ

ਆਪਣੀ ਬਾਇਓਗ੍ਰਾਫੀ 'ਚ ਇਕ ਜਗ੍ਹਾ ਦਲੀਪ ਕੁਮਾਰ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਹੈ ਕਿ 'ਮੁਗ਼ਲੇ-ਆਜ਼ਮ' ਦੇ ਪ੍ਰੋਡਕਸ਼ਨ ਦੌਰਾਨ ਹੀ ਸਾਡੀ ਗੱਲਬਾਤ ਬੰਦ ਹੋ ਗਈ ਸੀ। ਫਿਲਮ ਦੇ ਉਸ ਕਲਾਸਿਕ ਦ੍ਰਿਸ਼, ਜਿਸ ਵਿਚ ਸਾਡੇ ਹੋਠਾਂ ਵਿਚਕਾਰ ਖੰਭ ਆ ਜਾਂਦਾ ਹੈ, ਦੇ ਫਿਲਮਾਂਕਣ ਸਮੇਂ ਸਾਡੀ ਬੋਲਚਾਲ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ।' ਇਸ ਤਰ੍ਹਾਂ 'ਪਿਆਰ ਕੀਆ ਤੋ ਡਰਨਾ ਕਿਆ' ਦਾ ਨਾਅਰਾ ਆਸ਼ਕਾਂ ਨੂੰ ਦੇਣ ਵਾਲੀ ਇਸ ਜੋੜੀ ਦੀ ਮੁਹੱਬਤ ਅਧੂਰ ਰਹਿ ਗਈ।

ਮਧੂਬਾਲਾ ਦੀ ਮੁਹੱਬਤ 'ਚ ਦਲੀਪ ਕੁਮਾਰ ਪੂਰੀ ਤਰ੍ਹਾਂ ਟੁੱਟ ਗਏ ਤੇ ਉਨ੍ਹਾਂ ਨੂੰ ਸਹਾਰਾ ਦਿੱਤਾ ਸਾਇਰਾ ਬਾਨੋ ਨੇ। ਇਸ ਤੋਂ ਬਾਅਦ ਦਲੀਪ ਸਾਇਰਾ ਬਾਨੋ ਦੇ ਕਰੀਬ ਆਉਂਦੇ ਗਏ ਤੇ ਦੋਵਾਂ ਨੇ ਵਿਆਹ ਕਰ ਲਇਆ। ਜਿਸ ਵੇਲੇ ਦਲੀਪ ਕੁਮਾਰ ਨੇ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ, ਉਸ ਵੇਲੇ ਅਦਾਕਾਰਾ ਦੀ ਉਮਰ ਸਿਰਫ਼ 22 ਸਾਲ ਸੀ।

Posted By: Seema Anand