ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਪਿੱਛੇ ਜਿਹੇ ਮੁਕਤਾ ਆਰਟ ਦੇ ਬੈਨਰ ਹੇਠ ਪ੍ਰੋਡਿਊਸਰ ਸੁਭਾਸ਼ ਘਈ ਦੀ ਇੱਕ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਮੌਕੇ ਚੰਡੀਗੜ੍ਹ 'ਚ ਜਦੋਂ ਫ਼ਿਲਮ ਸਟਾਰ ਧਰਮਿੰਦਰ ਨੂੰ ਸ਼ੂਟਿੰਗ ਕਰਦਿਆਂ ਦੇਖਿਆਂ ਤਾਂ ਉਸ ਵਿੱਚ ਉਹੀ ਜੋਸ਼ ,ਉਹੀ ਹੌਸਲਾ ਤੇ ਉਹੀ ਮੁਸਕਾਨ ਬਰਕਰਾਰ ਸੀ। ਅੱਜ 85ਵੇਂ ਵਰ੍ਹੇਂ 'ਚ ਪ੍ਰਵੇਸ਼ ਕਰ ਚੁੱਕੇ ਧਰਮਿੰਦਰ ਨੂੰ ਜੇਕਰ ਮੈਂ 85 ਸਾਲਾਂ ਦਾ ਗੱਭਰੂ ਕਹਾਂ, ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਸ਼ੋਅਲੇ, ਮੇਰਾ ਗਾਓ ਮੇਰਾ ਦੇਸ਼, ਯਾਦੋਂ ਕੀ ਬਰਾਤ, ਫ਼ੂਲ ਔਰ ਪੱਥਰ, ਧਰਮਵੀਰ, ਰਾਜਾ ਜਾਨੀ, ਸ਼ਾਲੀਮਾਰ, ਚੁਪਕੇ ਚੁਪਕੇ, ਪ੍ਰਤਿਗਿਆ, ਯਕੀਨ, ਹਕੀਕਤ, ਆਖੇਂ, ਆਏ ਦਿਨ ਬਹਾਰ ਕੇ, ਸੀਤਾ ਔਰ ਗੀਤਾ, ਚਰਸ, ਝੀਲ ਕੇ ਉਸ ਪਾਰ, ਦੋਸਤ, ਸਮਾਧੀ, ਗਜਬ, ਸੱਤਿਆਕਾਮ, ਲੋਹਾ, ਦੇਵਰ, ਗੁੱਡੀ, ਜਗੀਰ, ਦੀ ਬਰਨਿੰਗ ਟਰੇਨ, ਅਜ਼ਾਦ, ਯਮਲਾ ਪਗਲਾ ਦੀਵਾਨਾ, ਮੇਰੇ ਅਪਨੇ, ਨੌਕਰ ਬੀਵੀ ਕਾ, ਜਵਾਰਭਾਟਾ, ਆਸਪਾਸ, ਸਿਤਮਗਰ, ਰਾਮ ਬਲਰਾਮ, ਮੇਰਾ ਨਾਮ ਜੋਕਰ, ਬੰਧਨੀ, ਦਿਲ ਭੀ ਤੇਰਾ ਹਮ ਭੀ ਤੇਰੇ, ਲੋਫਰ, ਜੁਗਨੂੰ, ਦਿਲ ਨੇ ਫਿਰ ਯਾਦ ਕੀਆ, ਪੱਥਰ ਔਰ ਪਾਇਲ, ਕਹਾਨੀ ਕਿਸਮਤ ਕੀ ਅਤੇ ਕਬ ਕਿਉ ਔਰ ਕਹਾਂ ਜਿਹੀਆਂ ਅਨੇਕਾਂ ਸੁਪਰਹਿੱਟ ਫ਼ਿਲਮਾਂ ਦਾ ਇਹ ਸਦਾਬਹਾਰ ਹੀਰੋ ਇੱਕ ਵਧੀਆ ਹੀਰੋ ਹੀ ਨਹੀਂ, ਸਗੋਂ ਇੱਕ ਚੰਗਾ ਇਨਸਾਨ ਵੀ ਹੈ। ਇੱਕ ਮੁਲਾਕਾਤ ਦੌਰਾਨ ਧਰਮਿੰਦਰ ਨੇ ਕਿਹਾ ਕਿ ਉਹ ਪੰਜਾਬ ਨੂੰ ਕਦੇ ਨਹੀਂ ਭੁੱਲ ਸਕਦਾ। ਹਿੰਦੀ ਫ਼ਿਲਮਾਂ ਤੋਂ ਇਲਾਵਾ ਧਰਮਿੰਦਰ ਨੇ ਸੰਤੋ ਬੰਤੋ, ਪੁੱਤ ਜੱਟਾਂ ਦੇ, ਤੇਰੀ ਮੇਰੀ ਇੱਕ ਜਿੰਦੜੀ, ਕਣਕਾਂ ਦੇ ਓਹਲੇ, ਕੁਰਬਾਨੀ ਜੱਟ ਦੀ, ਦੋ ਸ਼ੇਰ, ਡਬਲ ਦੀ ਟਰੱਬਲ ਤੇ ਹੋਰ ਕਈ ਪੰਜਾਬੀ ਫ਼ਿਲਮਾਂ ਵੀ ਕੀਤੀਆਂ। 8 ਦਸੰਬਰ 1935 ਨੂੰ ਮਾਲੇਰਕੋਟਲਾ ਰੋਡ ਖੰਨਾ ਵਿਖੇ ਸਥਿਤ ਪਿੰਡ ਨਸਰਾਲੀ ਵਿਖੇ ਜਨਮੇ ਧਰਮਿੰਦਰ ਦੇ ਪਿਤਾ ਦਾ ਨਾਂ ਕੇਵਲ ਕ੍ਰਿਸ਼ਨ ਸਿੰਘ ਦਿਉਲ ਤੇ ਮਾਤਾ ਦਾ ਨਾਂ ਸਤਵੰਤ ਕੌਰ ਹੈ। ਮਾਲੇਰਕੋਟਲਾ ਨੇੜੇ ਪਿੰਡ ਬਨਭੋਰੇ ਧਰਮਿੰਦਰ ਦੇ ਸਹੁਰੇ ਹਨ। ਧਰਮਿੰਦਰ ਦਾ ਜੱਦੀ ਪਿੰਡ ਡਾਂਗੋਂ (ਲੁਧਿਆਣਾ) ਹੈ। ਧਰਮਿੰਦਰ ਨੇ ਇੱਕ ਟਿਊਬਵੈੱਲ ਆਪ੍ਰੇਟਰ ਵਜੋਂ ਕੰਮ ਵੀ ਕੀਤਾ। ਫ਼ਿਲਮੀ ਕੈਰੀਅਰ ਦੇ 50 ਸਾਲ ਪੂਰੇ ਹੋਣ 'ਤੇ ਧਰਮਿੰਦਰ ਨੂੰ 3 ਮਈ 2011 ਨੂੰ ਫਾਲਕੇ ਰਤਨ ਐਵਾਰਡ ਪ੍ਰਦਾਨ ਕੀਤਾ ਗਿਆ। ਬਤੌਰ ਨਿਰਮਾਤਾ ਧਰਮਿੰਦਰ ਨੇ ਫ਼ਿਲਮ ਬੇਤਾਬ, ਘਾਇਲ, ਬਰਸਾਤ, ਇੰਡੀਅਨ, ਦਿਲਲਗੀ, ਸ਼ਹੀਦ, ਅਪਨੇ, ਯਮਲਾ ਪਗਲਾ ਦੀਵਾਨਾ ਤੇ ਹੋਰ ਕਈ ਫ਼ਿਲਮਾਂ ਦਾ ਨਿਰਮਾਣ ਵੀ ਕੀਤਾ। ਅਦਾਕਾਰੀ ਜ਼ਰੀਏ ਸਭ ਦਾ ਮਨ ਮੋਹਣ ਵਾਲੇ ਬੀਬੀ ਪ੍ਰਕਾਸ਼ ਕੌਰ ਦੇ ਪਤੀ, ਦੋ ਪੁਤਰਾਂ ਸਨੀ ਦਿਉਲ, ਬੌਬੀ ਦਿਉਲ, ਦੋ ਧੀਆਂ ਵਿਜੇਤਾ ਤੇ ਅਜੀਤਾ ਦੇ ਪਿਤਾ ਧਰਮਿੰਦਰ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹੇ। ਹਰ ਪੰਜਾਬੀ ਦੀ ਅਵਾਜ਼ ਹੈ ਕਿ ਧਰਮਿੰਦਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਤੇ ਇਸੇ ਤਰ੍ਹਾਂ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕਰਦਾ ਰਹੇ।

Posted By: Seema Anand