ਜੇਐੱਨਐੱਨ, ਮੁੰਬਈ : ਅਮਿਤਾਭ ਬੱਚਨ... ਅੱਜ ਤਾਂ ਇਹ ਸਿਰਫ ਨਾਂ ਹੀ ਕਾਫੀ ਹੈ। ਅਮਿਤਾਭ ਬੱਚਨ ਚਾਹੇ ਅੱਜ ਬਾਲੀਵੁੱਡ ਦੇ ਮਹਾਨਾਇਕ ਹੋਣ ਜਾਂ ਇਕ ਮਹਾਨ ਪੱਧਰ ਤਕ ਪਹੁੰਚ ਗਏ ਹੋਣ, ਪਰ ਉਨ੍ਹਾਂ ਨੂੰ ਵੀ ਸ਼ੁਰੂਆਤੀ ਕਰੀਅਰ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਂਝ ਤਾਂ ਅਮਿਤਾਭ ਬੱਚਨ, ਜਾਣੇ ਮਾਣੇ ਹਰਿਵੰਸ਼ ਰਾਏ ਬੱਚਨ ਦੇ ਪੁੱਤਰ ਹਨ ਤਾਂ ਉਨ੍ਹਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਫਿਰ ਵੀ ਅਮਿਤਾਭ ਬੱਚਨ ਨੇ ਇਕ ਆਮ ਨਾਗਰਿਕ ਦੀ ਤਰ੍ਹਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਕਈ ਵਾਰ ਨਕਾਰ ਦਿੱਤੇ ਜਾਣ ਤੋਂ ਬਾਅਦ ਵੀ ਆਪਣਾ ਰੁਤਬਾ ਕਾਇਮ ਰੱਖਿਆ।

ਅਮਿਤਾਭ ਫਿਲਮਾਂ 'ਚ ਆਉਣ ਤੋਂ ਪਹਿਲਾਂ ਨੌਕਰੀ ਕਰਦੇ ਸਨ। ਖੁਦ ਅਮਿਤਾਭ ਬੱਚਨ ਨੇ ਹਾਲ ਹੀ 'ਚ ਕੌਣ ਬਣੇਗਾ ਕਰੋੜਪਤੀ ਸ਼ੋਅ 'ਚ ਦੱਸਿਆ ਸੀ ਕਿ ਪਹਿਲਾਂ ਕੋਲਕਾਤਾ 'ਚ ਨੌਕਰੀ ਕਰਦੇ ਸਨ ਤੇ ਉਨ੍ਹਾਂ ਦੀ ਸੈਲਰੀ 500 ਰੁਪਏ ਸੀ। ਉਨ੍ਹਾਂ ਨੇ ਇਕ ਉਮੀਦਵਾਰ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ, 'ਮੈਂ ਪਹਿਲਾਂ ਕੋਲਕਾਤਾ 'ਚ ਰਹਿੰਦਾ ਸੀ ਤੇ ਇਕ ਮੈਨੇਜਿੰਗ ਏਜੰਸੀ ਹੋਮ ਨਾਂ ਫਰਮ 'ਚ ਐਗਜ਼ੀਕਿਊਟਿਵ ਦੇ ਅਹੁਦੇ 'ਤੇ ਕੰਮ ਕਰਦਾ ਸੀ।

ਇਸ ਦੌਰਾਨ ਅਮਿਤਾਭ ਬੱਚਨ ਨੇ ਆਪਣੀ ਸੈਲਰੀ ਦਾ ਖੁਲਾਸਾ ਕੀਤਾ। ਅਮਿਤਾਭ ਬੱਚਨ ਮੁਤਾਬਿਕ, ਉਹ ਉਨ੍ਹਾਂ ਨੇ ਬਰਡ ਐਂਡ ਕੰਪਨੀ, ਬਲੈਕ ਐਂਡ ਕੰਪਨੀ ਨਾਂ ਦੀ ਕੰਪਨੀ 'ਚ ਕੰਮ ਕੀਤਾ ਸੀ ਤੇ ਉਨ੍ਹਾਂ ਦੀ ਸੈਲਰੀ 500 ਰੁਪਏ ਪ੍ਰਤੀ ਮਹੀਨਾ ਸੀ ਜਿਸ ਤੋਂ ਬਾਅਦ 800 ਰੁਪਏ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਕਰੀਬ 7-8 ਸਾਲ ਨੌਕਰੀ ਕੀਤੀ ਤੇ ਉਸ ਤੋਂ ਬਾਅਦ ਫਿਲਮਾਂ 'ਚ ਐਂਟਰੀ ਕੀਤੀ।

ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਸਾਲ 1969 'ਚ ਫਿਲਮ 'ਸਾਤ ਹਿੰਦੁਸਤਾਨੀ' ਤੋਂ ਆਪਣਾ ਐਕਟਿੰਗ ਡੈਬਿਊ ਕੀਤਾ ਸੀ। ਕਿਹਾ ਜਾਂਦਾ ਹੈ ਕਿ ਇਹ ਫਿਲਮ ਉਨ੍ਹਾਂ ਨੇ 5 ਹਜ਼ਾਰ ਰੁਪਏ 'ਚ ਸਾਈਨ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਆਵਾਜ਼ ਲਈ ਦੋ ਵਾਰ ਆਲ ਇੰਡੀਆ ਰੇਡਿਓ ਨੇ ਪਸੰਦ ਨਹੀਂ ਕੀਤਾ ਸੀ ਪਰ ਹੁਣ ਹਰ ਕੋਈ ਅਮਿਤਾਭ ਬੱਚਨ ਦੀ ਆਵਾਜ਼ ਦਾ ਦੀਵਾਨਾ ਬਣ ਗਿਆ ਹੈ।

Posted By: Amita Verma