ਕਿਸੇ ਸ਼ਖ਼ਸ ਦੇ ਚਿਹਰੇ 'ਤੇ ਮੁਸਕਰਾਹਟ ਲਿਆਉਣਾ ਬੇਹੱਦ ਔਖਾ ਕੰਮ ਹੈ। ਇਸੇ ਲਈ ਹਸਾਉਣਾ ਇਕ ਵੱਡੀ ਕਲਾ ਮੰਨੀ ਗਈ ਹੈ। ਆਪਣੀ ਇਸੇ ਕਲਾ ਸਦਕਾ ਕਾਮੇਡੀਅਨ ਜਗਦੀਪ ਨੇ 5 ਦਹਾਕੇ ਤੋਂ ਜ਼ਿਆਦਾ ਸਮਾਂ ਸਿਨੇਮਾ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ। ਇਰਫ਼ਾਨ ਖ਼ਾਨ, ਰਿਸ਼ੀ ਕਪੂਰ, ਸੁਸ਼ਾਂਤ ਸਿੰਘ ਰਾਜਪੂਤ, ਸਰੋਜ ਖ਼ਾਨ ਵਰਗੇ ਸਿਤਾਰਿਆਂ ਵਾਂਗ ਇਹ ਹਰਫ਼ਨ- ਮੌਲਾ ਕਾਮੇਡੀਅਨ ਵੀ 8 ਜੁਲਾਈ ਨੂੰ ਦੇਰ ਰਾਤ ਇਸ ਫਾਨੀ ਸੰਸਾਰ ਤੇ ਆਪਣੇ ਲੱਖਾਂ ਪ੍ਰਸ਼ੰਸਕਾਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਿਆ। ਬੇਸ਼ੱਕ ਉਸ ਦਾ ਅਸਲ ਨਾਂ ਸੱਯਦ ਇਸ਼ਤਿਆਕ ਅਹਿਮਦ ਜਾਫ਼ਰੀ ਸੀ ਜੋ ਫਿਲਮਾਂ 'ਚ ਆ ਕੇ ਜਗਦੀਪ ਹੋ ਗਿਆ ਸੀ ਪਰ ਉਸ ਨੂੰ ਫਿਲਮ 'ਸ਼ੋਅਲੇ' 'ਚ ਨਿਭਾਏ 'ਸੂਰਮਾ ਭੋਪਾਲੀ' ਦੇ ਕਿਰਦਾਰ ਤੋਂ ਬਾਅਦ ਇਸੇ ਨਾਂ ਨਾਲ ਜ਼ਿਆਦਾ ਬੁਲਾਇਆ ਜਾਣ ਲੱਗਾ ਸੀ। ਜਗਦੀਪ ਨੇ 400 ਤੋਂ ਵੱਧ ਫਿਲਮਾਂ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸੇ ਲਈ ਸਾਲ 2019 'ਚ ਉਸ ਨੂੰ 'ਆਈਫਾ ਲਾਈਫ ਟਾਈਮ ਅਚੀਵਮੈਂਟ' ਐਵਾਰਡ ਵੀ ਹਾਸਲ ਹੋਇਆ। ਆਓ ਇਕ ਨਜ਼ਰ ਮਾਰਦੇ ਹਾਂ ਇਸ ਕਾਮੇਡੀਅਨ ਦੇ ਸ਼ਾਨਦਾਰ ਫਿਲਮੀ ਸਫ਼ਰ 'ਤੇ।

ਪਤੰਗ ਬਣਾਉਣ ਤੋਂ ਅਦਾਕਾਰੀ ਤਕ

ਜਗਦੀਪ ਦਾ ਜਨਮ 29 ਮਾਰਚ 1939 ਨੂੰ ਅਜਿਹੇ ਪਰਿਵਾਰ 'ਚ ਹੋਇਆ ਜਿਸ ਦੀ ਫਿਲਮੀ ਪਰਦੇ ਨਾਲ ਕੋਈ ਸਾਂਝ ਨਹੀਂ ਸੀ। ਅਸਲ 'ਚ ਜਗਦੀਪ ਆਪਣੇ ਪਰਿਵਾਰ ਨਾਲ ਨਿੱਕੀ ਉਮਰੇ ਹੀ ਮੁੰਬਈ ਜਾ ਵਸਿਆ ਸੀ। ਫਿਰ 6-7 ਸਾਲ ਦੀ ਉਮਰ 'ਚ ਹੀ ਉਸ ਦੇ ਸਿਰ ਤੋਂ ਪਿਤਾ ਦਾ ਹੱਥ ਹਮੇਸ਼ਾ ਲਈ ਉੱਠ ਗਿਆ। ਛੋਟੇ ਹੁੰਦਿਆਂ ਹੀ ਹੋਰਨਾਂ ਬੱਚਿਆਂ ਨੂੰ ਕੰਮਕਾਰ ਕਰਦੇ ਵੇਖ ਇਕ ਦਿਨ ਉਸ ਦੇ ਮਨ 'ਚ ਵੀ ਵਿਚਾਰ ਆਇਆ ਕਿ ਉਸ ਨੂੰ ਵੀ ਕੋਈ ਕੰਮਕਾਰ ਕਰ ਪੈਸੇ ਕਮਾ ਘਰ ਦੇ ਗੁਜ਼ਾਰੇ ਲਈ ਆਪਣੀ ਮਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਦੇ ਚੱਲਦਿਆਂ ਉਸ ਨੇ ਮਾਂ ਨਾਲ ਪੜ੍ਹਾਈ ਛੱਡਣ ਦੀ ਗੱਲ ਕੀਤੀ। ਮਾਂ ਨੇ ਪੜ੍ਹਾਈ ਨਾ ਛੱਡਣ ਲਈ ਕਾਫ਼ੀ ਸਮਝਾਇਆ ਪਰ ਉਹ ਨਾ ਮੰਨਿਆ। ਫਿਰ ਜਗਦੀਪ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਤੰਗ ਬਣਾਉਣ ਤੇ ਸਾਬਣ ਵੇਚਣ ਦਾ। ਜਿਹੜੀ ਜਗ੍ਹਾ ਉਹ ਪਤੰਗ ਬਣਾਉਂਦਾ ਸੀ ਇਕ ਦਿਨ ਉੱਥੇ ਇਕ ਸ਼ਖ਼ਸ ਆਇਆ ਜੋ ਫਿਲਮ 'ਚ ਕਿਸੇ ਖ਼ਾਸ ਦ੍ਰਿਸ਼ ਨੂੰ ਫਿਲਮਾਉਣ ਲਈ ਕੁਝ ਬੱਚੇ ਲੱਭ ਰਿਹਾ ਸੀ। ਜਦੋਂ ਉਸ ਨੇ ਜਗਦੀਪ ਤੋਂ ਪੁੱਛਿਆ ਕਿ ਕੀ ਉਹ ਫਿਲਮਾਂ 'ਚ ਕੰਮ ਕਰੇਗਾ ਤਾਂ ਉਸ ਨੇ ਅੱਗੋਂ ਪੁੱਛਿਆ ਕਿ ਉਹ ਕੀ ਹੁੰਦਾ ਹੈ ਕਿਉਂਕਿ ਉਸ ਨੇ ਕਦੇ ਫਿਲਮ ਵੇਖੀ ਹੀ ਨਹੀਂ ਸੀ। ਸ਼ਖ਼ਸ ਨੇ ਦੱਸਿਆ ਅਭਿਨੈ ਕਰਨਾ ਹੋਵੇਗਾ ਜਿਸ ਦੇ ਬਦਲੇ ਤਿੰਨ ਸੌ ਰੁਪਏ ਮਿਲਣਗੇ। ਤਿੰਨ ਸੌ ਰੁਪਏ ਸੁਣਦਿਆਂ ਹੀ ਜਗਦੀਪ ਤਿਆਰ ਹੋ ਗਿਆ ਤੇ ਆਪਣੀ ਮਾਂ ਨਾਲ ਸਟੂਡੀਓ ਜਾ ਪਹੁੰਚਾ। ਇਕ ਦ੍ਰਿਸ਼ 'ਚ ਉਸ ਨੇ ਬਾਕੀ ਦੇ ਬੱਚਿਆਂ ਨਾਲ ਬੈਠਣਾ ਸੀ, ਜੋ ਨਾਟਕ ਦੇਖ ਰਹੇ ਸਨ। ਇਸ ਨਾਲ ਹੀ ਇਕ ਉਰਦੂ ਦਾ ਡਾਇਲਾਗ ਵੀ ਬੋਲਣਾ ਸੀ, ਜੋ ਉੱਥੇ ਮੌਜੂਦ ਕਿਸੇ ਬੱਚੇ ਕੋਲੋਂ ਵੀ ਨਹੀਂ ਸੀ ਬੋਲਿਆ ਜਾ ਰਿਹਾ।

ਫਿਰ ਜਦੋਂ ਜਗਦੀਪ ਨੇ ਨਾਲ ਬੈਠੇ ਬੱਚਿਆਂ ਨੂੰ ਕਿਹਾ ਕਿ ਉਹ ਇਹ ਡਾਇਲਾਗ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਹ ਸੁਣ ਜਦੋਂ ਡਾਇਰੈਕਟਰ ਨੇ ਉਸ ਇਹ ਡਾਇਲਾਗ ਨੂੰ ਬੋਲਣ ਲਈ ਕਿਹਾ ਤਾਂ ਉਸ ਨੇ

ਉਹ ਡਾਇਲਾਗ ਇਸ ਅੰਦਾਜ਼ ਨਾਲ ਬੋਲਿਆ ਕਿ ਡਾਇਰੈਕਟਰ ਨੇ ਖ਼ੁਸ਼ ਹੋ ਕੇ ਉਸ ਦੀ ਫ਼ੀਸ ਦੁਗਣੀ ਕਰ ਦਿੱਤੀ। ਇਹ ਫਿਲਮ 'ਅਫ਼ਸਾਨਾ' ਸੀ ਜਿਸ ਨੂੰ ਫਿਲਮਸਾਜ਼ ਬੀਆਰ ਚੋਪੜਾ ਨੇ ਬਣਾਇਆ ਹੈ। ਇਸ ਤਰ੍ਹਾਂ ਜਗਦੀਪ ਦੀ ਫਿਲਮਾਂ 'ਚ ਸ਼ਾਨਦਾਰ ਐਂਟਰੀ ਹੋਈ।


ਯਾਦਗਾਰੀ ਫਿਲਮਾਂ

ਭਾਵੇਂ ਜਗਦੀਪ ਨੇ ਫਿਲਮੀ ਕਰੀਅਰ ਦੌਰਾਨ ਸੈਂਕੜੇ ਫਿਲਮਾਂ ਕੀਤੀਆਂ ਪਰ ਉਸ ਦੇ ਕੁਝ ਯਾਦਗਾਰੀ ਕਿਰਦਾਰਾਂ ਵਾਲੀਆਂ ਫਿਲਮਾਂ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ। ਫਿਲਮਸਾਜ਼ ਬਿਮਲ ਰਾਏ ਦੀ ਸ਼ਾਹਕਾਰ ਫਿਲਮ 'ਦੋ ਬੀਘਾ ਜ਼ਮੀਨ' (1953) 'ਚ ਜਗਦੀਪ ਨੇ ਜਿੱਥੇ ਬਤੌਰ ਸਹਾਇਕ ਐਕਟਰ ਕਰੀਅਰ ਦਾ ਆਗ਼ਾਜ਼ ਕੀਤਾ ਉੱਥੇ ਅਦਾਕਾਰੀ ਦਾ ਵੀ ਚੰਗਾ ਲੋਹਾ ਮਨਵਾਇਆ। ਇਸੇ ਤਰ੍ਹਾਂ ਸ਼ੰਮੀ ਕਪੂਰ ਦੀ ਫਿਲਮ 'ਬ੍ਰਹਮਚਾਰੀ' ਤੋਂ ਉਸ ਨੇ ਬਤੌਰ ਕਾਮੇਡੀਅਨ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਫਿਲਮ ਵਿਚਲੇ ਕਿਰਦਾਰ ਨੇ ਹੀ ਉਸ ਨੂੰ ਬਾਲੀਵੁੱਡ 'ਚ ਸਾਥਪਤ ਕੀਤਾ ਸੀ। ਗੁਰੂਦੱਤ ਦੀ ਫਿਲਮ 'ਆਰਪਾਰ' 'ਚ ਵੀ ਉਸ ਨੇ ਸ਼ਾਨਦਾਰ ਕਿਰਦਾਰ ਨਿਭਾਇਆ।

ਫਿਲਮ 'ਹਮ ਪੰਛੀ ਏਕ ਡਾਲ ਕੇ' 'ਚ ਵੀ ਉਸ ਦੇ ਹੁਨਰ ਦੀ ਖ਼ੂਬ ਤਾਰੀਫ਼ ਹੋਈ ਸੀ। ਜਗਦੀਪ ਨੇ 'ਭਾਬੀ', 'ਬਰਖ਼ਾ' ਵਰਗੀਆਂ ਫਿਲਮਾਂ 'ਚ ਬਤੌਰ ਹੀਰੋ ਵੀ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ। ਉਸ ਨੇ ਕੁਝ ਹਾਰਰ ਫਿਲਮਾਂ ਜਿਵੇਂ 'ਪੁਰਾਣਾ ਮੰਦਿਰ' ਤੇ 'ਸਾਮਰੀ' 'ਚ ਵੀ ਕੰਮ ਕੀਤਾ।

ਸਲਮਾਨ ਖ਼ਾਨ ਤੇ ਆਮਿਰ ਖ਼ਾਨ ਦੀ ਇਕੱਠਿਆਂ ਕੀਤੀ ਪਹਿਲੀ ਤੇ ਆਖ਼ਰੀ ਫਿਲਮ 'ਅੰਦਾਜ਼ ਅਪਨਾ ਅਪਨਾ' 'ਚ ਜਗਦੀਪ ਨੇ ਸਲਮਾਨ ਖ਼ਾਨ ਦੇ ਪਿਤਾ ਦਾ ਯਾਦਗਾਰੀ ਕਿਰਦਾਰ ਨਿਭਾਇਆ। 2017 'ਚ ਆਈ ਫਿਲਮ 'ਮਸਤੀ ਨਹੀਂ ਸਸਤੀ' 'ਚ ਵੀ ਉਸ ਨੇ ਆਪਣੇ ਕਿਰਦਾਰ ਦੀ ਵੱਖਰੀ ਛਾਪ ਛੱਡੀ। ਜ਼ਿਕਰਯੋਗ ਹੈ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਰਲਾਲ ਨਹਿਰੂ ਨੇ ਵੀ ਜਗਦੀਪ ਦੀ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਉਸ ਦੀ ਖ਼ੂਬ ਤਾਰੀਫ਼ ਕੀਤੀ ਸੀ।


ਕਿਵੇਂ ਮਿਲਿਆ ਸੀ 'ਸੂਰਮਾ ਭੋਪਾਲੀ' ਦਾ ਕਿਰਦਾਰ

ਰਮੇਸ਼ ਸਿੱਪੀ ਤੇ ਜੀਪੀ ਸਿੱਪੀ ਦੀ ਬਲਾਕਬਸਟਰ ਫਿਲਮ 'ਸ਼ੋਅਲੇ' (1975) 'ਚ ਜਗਦੀਪ ਵੱਲੋਂ ਨਿਭਾਇਆ ਸੂਰਮਾ ਭੋਪਾਲੀ ਦਾ ਕਿਰਦਾਰ ਜ਼ਿਕਰ ਕੀਤੇ ਬਿਨਾਂ ਉਸ ਦਾ ਸਫ਼ਰ ਅਧੂਰਾ ਮੰਨਿਆ ਜਾਵੇਗਾ। ਇਸ ਕਿਰਦਾਰ ਨੇ ਤਾਂ ਉਸ ਨੂੰ ਇੰਨੀ ਪ੍ਰਸਿੱਧੀ ਦਿੱਤੀ ਸੀ ਕਿ ਹਰ ਕੋਈ ਉਸ ਨੂੰ ਇਸੇ ਨਾਂ ਤੋਂ ਜਾਣਨ ਲੱਗਾ ਸੀ। 'ਮੇਰਾ ਨਾਮ ਵੀ ਸੂਰਮਾ ਭੋਪਾਲੀ ...' ਇਹ ਤਕੀਆ ਕਲਾਮ ਉਸ ਦੇ ਮੂੰਹੋਂ ਖ਼ੂਬ ਫੱਬਿਆ ਸੀ। ਦਿਲਚਸਪ ਗੱਲ ਇਹ ਹੈ ਕਿ ਇਸੇ ਕਿਰਦਾਰ ਦੇ ਨਾਂ 'ਤੇ 1988 'ਚ ਉਸ ਨੇ ਫਿਲਮ 'ਸੂਰਮਾ ਭੋਪਾਲੀ' ਵੀ ਬਣਾ ਦਿੱਤੀ ਸੀ ਜੋ ਅਸਫਲ ਰਹੀ ਸੀ। ਇਸ ਫਿਲਮ ਦਾ ਨਿਰਦੇਸ਼ਨ ਵੀ ਉਸ ਨੇ ਖ਼ੁਦ ਹੀ ਕੀਤਾ ਸੀ।

ਇਕ ਇੰਟਰਵਿਊ 'ਚ ਜਗਦੀਪ ਨੇ ਦੱਸਿਆ ਉਸ ਨੇ ਸਲੀਮ ਖ਼ਾਨ ਅਤੇ ਜਾਵੇਦ ਅਖ਼ਤਰ ਦੀ ਫਿਲਮ 'ਸਰਹੱਦੀ ਲੁਟੇਰਾ' 'ਚ ਕੰਮ ਕੀਤਾ ਸੀ ਜਿਸ 'ਚ ਉਸ ਨੇ ਕਾਮੇਡੀ ਕਿਰਦਾਰ ਨਿਭਾਇਆ ਸੀ। ਫਿਲਮ ਦੇ ਡਾਇਲਾਗ ਕਾਫ਼ੀ ਲੰਬੇ ਤੇ ਵੱਖਰੇ ਲਹਿਜੇ ਵਾਲੇ ਸਨ। ਉਸ ਨੇ ਫਿਲਮ ਦੇ ਨਿਰਦੇਸ਼ਕ ਐੱਸਐੱਮ ਸਾਗਰ ਨੂੰ ਕਿਹਾ ਕਿ ਡਾਇਲਾਗ ਬਹੁਤ ਲੰਬੇ ਹਨ। ਅੱਗੋਂ ਉਸ ਨੇ ਜਗਦੀਪ ਨੂੰ ਲੇਖਕਾਂ ਨਾਲ ਗੱਲ ਕਰਨ ਨੂੰ ਕਿਹਾ। ਜਗਦੀਪ ਨੇ ਸਲੀਮ ਨੂੰ ਕਿਹਾ ਕਿ ਉਸ ਨੇ ਕਦੇ ਇਸ ਲਹਿਜੇ 'ਚ ਗੱਲਬਾਤ ਨਹੀਂ ਕੀਤੀ ਨਾ ਹੀ ਸੁਣੀ ਹੈ। ਇਸ 'ਤੇ ਸਲੀਮ ਨੇ ਕਿਹਾ ਕਿ ਇਹ ਭੋਪਾਲ ਦੀਆਂ ਔਰਤਾਂ ਦਾ ਗੱਲ ਕਰਨ ਦਾ ਖ਼ਾਸ ਲਹਿਜਾ ਹੈ। ਉਹ ਇਸੇ ਤਰ੍ਹਾਂ ਗੱਲ-ਬਾਤ ਕਰਦੀਆਂ ਹਨ। ਜਗਦੀਪ ਨੇ ਕਿਹਾ ਮੈਨੂੰ ਵੀ ਇਸ ਲਹਿਜੇ 'ਚ ਬੋਲਣਾ ਸਿਖਾਓ। ਇਸ ਗੱਲ ਤੋਂ 20 ਸਾਲ ਮਗਰੋਂ ਫਿਲਮ 'ਸ਼ੋਅਲੇ' ਸ਼ੁਰੂ ਹੋਈ। ਉਸ ਨੂੰ ਲਗਾ ਕਿ ਸ਼ੂਟਿੰਗ ਲਈ ਬੁਲਾਇਆ ਜਾਵੇਗਾ ਪਰ ਅਜਿਹਾ ਨਾ ਹੋਇਆ। ਫਿਰ ਇਕ ਦਿਨ ਰਮੇਸ਼ ਸਿੱਪੀ ਦਾ ਫੋਨ ਆਇਆ। ਉਨ੍ਹਾਂ ਕਿਹਾ ਕਿ 'ਸ਼ੋਅਲੇ' 'ਚ ਕੰਮ ਕਰਨਾ ਹੈ। ਇਹ ਸੁਣ ਜਗਦੀਪ ਨੇ ਕਿਹਾ ਕਿ ਉਸ ਦੀ ਤਾਂ ਸ਼ੂਟਿੰਗ ਪੂਰੀ ਹੋ ਗਈ ਹੈ। ਅੱਗੋਂ ਰਮੇਸ਼ ਨੇ ਕਿਹਾ ਨਹੀਂ ਇਕ ਸੀਨ ਬਾਕੀ ਹੈ। ਇਸ ਤਰ੍ਹਾਂ ਉਸ ਨੂੰ ਇਹ ਕਿਰਦਾਰ ਮਿਲਿਆ। ਜਗਦੀਪ ਦੇ ਬੇਟੇ ਜਾਵੇਦ ਜਾਫ਼ਰੀ ਅਤੇ ਨਾਵੇਦ ਜਾਫ਼ਰੀ ਵੀ ਅੱਜ ਮਨੋਰੰਜਨ ਦੀ ਦੁਨੀਆ 'ਚ ਖ਼ੂਬ ਨਾਂ ਕਮਾ ਰਹੇ ਹਨ।

Posted By: Harjinder Sodhi