ਰੋਹਿਤ ਕੁਮਾਰ, ਚੰਡੀਗਡ਼੍ਹ : ਪਿਛਲੇ ਮਹੀਨੇ ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ (Salman Khan) ਤੇ ਉਨ੍ਹਾਂ ਦੇ ਪਿਤਾ ਸਲੀਮ ਖ਼ਾਨ ਨੂੰ ਜਿਹਡ਼ੇ ਧਮਕੀ ਭਰੇ ਪੱਤਰ ਭੇਜੇ ਗਏ ਸਨ ਉਹ ਲਾਰੈਂਸ ਬਿਸ਼ਨੋਈ (Lawrence Bishnoi) ਦੇ ਗੁਰਗਿਆਂ ਨੇ ਹੀ ਭੇਜੇ ਸਨ। ਪੁਲਿਸ ਪੁੱਛਗਿੱਛ ’ਚ ਲਾਰੈਂਸ ਬਿਸ਼ਨੋਈ ਨੇ ਇਹ ਜਾਣਕਾਰੀ ਦਿੱਤੀ ਹੈ। ਲਾਰੈਂਸ ਨੇ ਕਿਹਾ ਹੈ ਕਿ ਉਹ 2018 ’ਚ ਹੀ ਸਲਮਾਨ ਖ਼ਾਨ ਨੂੰ ਖ਼ਤਮ ਕਰ ਦਿੰਦਾ ਪਰ ਇਹ ਸੰਭਵ ਨਹੀਂ ਹੋ ਸਕਿਆ। ਲਾਰੈਂਸ ਨੇ ਦੱਸਿਆ ਕਿ ਉਹ ਸਲਮਾਨ ਦੀ ਹੱਤਿਆ ਇਸ ਲਈ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਬਿਸ਼ਨੋਈ ਸਮਾਜ ਕਾਲੇ ਹਿਰਨ ਨੂੰ ਮੰਨਦਾ ਹੈ ਤੇ ਸਲਮਾਨ ਨੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਓਧਰ, ਗਾਇਕ ਸਿੱਧੂ ਮੂਸੇਵਾਲਾ ਹੱਤਿਆ ਕਾਂਡ (Sidhu Moose Wala Murder Case) ’ਚ ਲਾਰੈਂਸ ਤੇ ਜੱਗੂ ਭਗਵਾਨਪੁਰੀਆ (Jaggu Bhagwanpuria) ਨੂੰ ਆਹਮੋ-ਸਾਹਮਣੇ ਬਿਠਾ ਕੇ ਪੁਲਿਸ ਨੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪੁੱਛਗਿੱਛ ’ਚ ਲਾਰੈਂਸ ਨੇ ਦੱਸਿਆ ਕਿ 2018 ’ਚ ਸੰਪਤ ਨਹਿਰਾ ਨੂੰ ਸਲਮਾਨ ਦੀ ਹੱਤਿਆ ਨੂੰ ਅੰਜਾਮ ਦੇਣ ਲਈ ਮੁੰਬਈ ਭੇਜਿਆ ਸੀ। ਸੰਪਤ ਨੇ ਸਲਮਾਨ ਦੇ ਘਰ ਦੀ ਰੇਕੀ ਵੀ ਕੀਤੀ। ਪਰ ਸਲਮਾਨ ਨੂੰ ਮਾਰਨ ਲਈ ਲੰਬੀ ਰਾਈਫਲ ਚਾਹੀਦੀ ਸੀ ਤੇ ਉਸ ਕੋਲ ਇਕ ਰਿਵਾਲਵਰ ਸੀ। ਲਾਰੈਂਸ ਨੇ ਦੱਸਿਆ ਕਿ ਇਸ ਤੋਂ ਬਾਅਦ ਸਲਮਾਨ ਨੂੰ ਮਾਰਨ ਲਈ ਰਾਈਫਲ ਖ਼ਰੀਦਣ ਦਾ ਫ਼ੈਸਲਾ ਕੀਤਾ। ਇਹ ਕੰਮ ਦਿਨੇਸ਼ ਡਾਗਰ ਨੂੰ ਸੌਂਪਿਆ ਗਿਆ। ਇਸ ਲਈ ਚਾਰ ਲੱਖ ਰੁਪਏ ਦਾ ਭੁਗਤਾਨ ਡਾਗਰ ਦੇ ਸਾਥੀ ਅਨਿਲ ਪਾਂਡੇ ਨੂੰ ਕੀਤਾ ਗਿਆ ਪਰ 2018 ’ਚ ਪੁਲਿਸ ਨੇ ਡਾਗਰ ਤੋਂ ਰਾਈਫਲ ਬਰਾਮਦ ਕਰ ਲਈ। ਲਾਰੈਂਸ ਨੇ ਪੁਲਿਸ ਪੁੱਛਗਿੱਛ ’ਚ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਪਹਿਲਾਂ ਤਿਹਾਡ਼ ਜੇਲ੍ਹ ’ਚ ਬੰਦ ਹਾਸ਼ਿਮ ਬਾਬਾ ਨੂੰ ਦਿੱਤੀ ਸੀ। ਮੂਸੇਵਾਲਾ ਦੇ ਘਰ ਦੀ ਰੇਕੀ ਸ਼ਾਹਰੁਖ਼ ਤੋਂ ਕਰਵਾਈ ਗਈ ਸੀ। ਸ਼ਾਹਰੁਖ਼ ਨੂੰ ਦਿੱਲੀ ਪੁਲਿਸ ਨੇ ਫਡ਼ਿਆ ਸੀ ਤਾਂ ਪੁੱਛਗਿੱਛ ’ਚ ਉਸ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ।

Posted By: Seema Anand