ਨਵੀਂ ਦਿੱਲੀ, ਜੇਐਨਐਨ : ਅਸ਼ਲੀਲ ਫਿਲਮਾਂ ਦੇ ਮਾਮਲੇ ਵਿਚ ਗ੍ਰਿਫਤਾਰ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਜੇਲ੍ਹ ਵਿਚ ਹਨ। ਉਨ੍ਹਾਂ 'ਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਉਸਦਾ ਕਾਰੋਬਾਰ ਚਲਾਉਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਲਗਾਤਾਰ ਜਾਂਚ ਕਰ ਰਹੀ ਹੈ। ਨਾਲ ਹੀ ਕੁਝ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਹੈ। ਹੁਣ ਕ੍ਰਾਈਮ ਬ੍ਰਾਂਚ ਨੇ ਰਾਜ ਕੁੰਦਰਾ ਦੀਆਂ ਅਸ਼ਲੀਲ ਫਿਲਮਾਂ ਬਣਾਉਣ ਵਾਲੀ ਕੰਪਨੀ ਦੇ 3-4 ਪ੍ਰੋਡਿਊਸਰਜ਼ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਸ ਵਿਚ ਅਦਾਕਾਰਾ ਗਹਿਨਾ ਵਸ਼ਿਸ਼ਠ ਦਾ ਨਾਮ ਵੀ ਸ਼ਾਮਲ ਹੈ। ਨਿਊਜ਼ ਏਜੰਸੀ ਏਐੱਨਆਈ ਦੀ ਖ਼ਬਰ ਦੇ ਅਨੁਸਾਰ, ਪੁਲਿਸ ਨੇ ਦੱਸਿਆ ਹੈ ਕਿ ਕਾਰੋਬਾਰੀ ਰਾਜ ਕੁੰਦਰਾ ਦੀ ਕੰਪਨੀ ਦੇ 3-4 ਪ੍ਰਡਿਊਸਰਜ਼ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਅਦਾਕਾਰਾ ਗਹਿਨਾ ਵਸ਼ਿਸ਼ਠ ਨੂੰ ਵੀ ਇਕ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਗਹਿਨਾ ਵਸ਼ਿਸ਼ਠ ਨੂੰ ਇਸੇ ਅਸ਼ਲੀਲ ਵੀਡੀਓ ਦੇ ਮਾਮਲੇ ਵਿਚ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਨੇ 6 ਫਰਵਰੀ ਨੂੰ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਅਦਾਕਾਰਾ 5 ਮਹੀਨੇ ਜੇਲ੍ਹ ਵਿਚ ਰਹੀ ਸੀ ਤੇ ਹੁਣ ਉਹ ਜ਼ਮਾਨਤ 'ਤੇ ਬਾਹਰ ਹੈ।

ਦੂਜੇ ਪਾਸੇ ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਗਹਿਨਾ ਵਸ਼ਿਸ਼ਠ ਨਿਰੰਤਰ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਦੂਜੇ ਪਾਸੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਰਾਜ ਦੇ ਨਾਲ ਉਨ੍ਹਾਂ ਦੇ ਸਾਥੀ ਅਤੇ ਦੋਸਤ ਰਿਆਨ ਥਾਰਪੇ ਨੂੰ ਵੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਰਾਜ ਕੁੰਦਰਾ ਅਤੇ ਰਿਆਨ ਥਾਰਪੇ ਨੂੰ ਪਿਛਲੇ ਹਫ਼ਤੇ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਉਨ੍ਹਾਂ ਦੇ ਵਪਾਰ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਕ੍ਰਾਈਮ ਬ੍ਰਾਂਚ ਦੀ ਹਿਰਾਸਤ ਵਿਚ ਸੀ।

ਰਾਜ ਕੁੰਦਰਾ ਨੇ ਆਪਣੀ ਗ੍ਰਿਫਤਾਰੀ ਨੂੰ ਬੰਬੇ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਜਿਸ ਦੀ ਸੁਣਵਾਈ ਮੰਗਲਵਾਰ ਨੂੰ ਹੋਣੀ ਸੀ ਪਰ ਬੰਬੇ ਹਾਈ ਕੋਰਟ ਨੇ ਰਾਜ ਕੁੰਦਰਾ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਵੀਰਵਾਰ ਤਕ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਨੂੰ ਕ੍ਰਾਈਮ ਬ੍ਰਾਂਚ ਨੇ ਭਾਰਤੀ ਦੰਡਾਵਲੀ ਦੀ ਧਾਰਾ 420 (ਧੋਖਾਧੜੀ), 34 (ਆਮ ਇਰਾਦਾ), 292 ਅਤੇ 293 (ਅਸ਼ਲੀਲਤਾ ਅਤੇ ਅਸ਼ੁੱਧਤਾ) ਅਤੇ ਇਨਫਾਰਮੇਸ਼ਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਹੈ। 19 ਜੁਲਾਈ ਦੇ ਅਖੀਰ ਵਿਚ ਰਾਜ ਕੁੰਦਰਾ ਨੂੰ ਕ੍ਰਾਈਮ ਬ੍ਰਾਂਚ ਨੇ ਅਸ਼ਲੀਲ ਫਿਲਮਾਂ ਬਣਾਉਣ ਅਤੇ ਐਪ ਰਾਹੀਂ ਪ੍ਰਸਾਰਿਤ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ।

ਗ੍ਰਿਫਤਾਰੀ ਤੋਂ ਬਾਅਦ ਰਾਜ ਅਤੇ ਰਿਆਨ ਥਾਰਪੇ ਨੂੰ ਪੁਲਿਸ ਨੇ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਨੂੰ 23 ਜੁਲਾਈ ਤਕ ਪੁਲਿਸ ਹਿਰਾਸਤ ਵਿਚ ਭੇਜ ਦਿੱਤਾ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਰਾਜ ਕੁੰਦਰਾ ਬਾਰੇ ਕਈ ਖੁਲਾਸੇ ਕੀਤੇ ਅਤੇ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਇਸ ਪੂਰੇ ਮਾਮਲੇ ਵਿਚ ਮੁੱਖ ਸਾਜ਼ਿਸ਼ਕਰਤਾ ਦੱਸਿਆ। 23 ਜੁਲਾਈ ਨੂੰ ਰਾਜ ਕੁੰਦਰਾ ਦੀ ਪੁਲਿਸ ਹਿਰਾਸਤ ਅਦਾਲਤ ਨੇ 27 ਜੁਲਾਈ ਤਕ ਇਸ ਨੂੰ ਚਾਰ ਦਿਨ ਹੋਰ ਵਧਾ ਦਿੱਤਾ ਹੈ। ਉਨ੍ਹਾਂ ਨੂੰ ਹੁਣ ਮੰਗਲਵਾਰ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।

Posted By: Ramandeep Kaur