ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਖ਼ਤਰੇ ਦੌਰਾਨ ਦੂਰਦਰਸ਼ਨ 'ਤੇ ਰਾਮਾਇਣ ਦਾ ਦੁਬਾਰਾ ਪ੍ਰਸਾਰਣ ਕੀਤਾ ਜਾ ਰਿਹਾ ਹੈ, ਜਿਸ 'ਚ ਹਨੂਮਾਨ ਜੀ ਦਾ ਕਿਰਦਾਰ ਹਿੰਦੀ ਸਿਨੇਮਾ ਦੇ ਬਲਵਾਨ ਐਕਟਰ ਦਾਰਾ ਸਿੰਘ ਨੇ ਨਿਭਾਇਆ ਸੀ। ਵੈਸੇ ਤਾਂ ਦਾਰਾ ਸਿੰਘ ਪਹਿਲਾਂ ਵੀ ਕਈ ਫਿਲਮਾਂ 'ਚ ਮਿਤਿਹਾਸਿਕ ਕਿਰਦਾਰ ਨਿਭਾ ਚੁੱਕੇ ਸਨ, ਪਰ ਰਾਮਾਇਣ 'ਚ ਹਨੂਮਾਨ ਜੀ ਦੇ ਰੋਲ ਨੇ ਉਨ੍ਹਾਂ ਨੂੰ ਜੋ ਸ਼ੋਹਰਤ ਦਿੱਤੀ ਉਹ ਅਲੌਕਿਕ ਸੀ। ਹਨੂਮਾਨ ਜੀ ਦੇ ਰੋਲ 'ਚ ਦਾਰਾ ਸਿੰਘ ਘਰ-ਘਰ 'ਚ ਲੋਕ ਪ੍ਰਸਿੱਧ ਅਤੇ ਪੂਜਣਯੋਗ ਹੋ ਗਏ ਸਨ।

ਦਾਰਾ ਸਿੰਘ ਫਿਲਮਾਂ 'ਚ ਆਉਣ ਤੋਂ ਪਹਿਲਾਂ ਪ੍ਰੋਫੈਸ਼ਨਲ ਭਲਵਾਨ ਸਨ। ਦੀਦਾਰ ਸਿੰਘ ਰੰਧਾਵਾ ਦੇ ਨਾਮ ਨਾਲ ਜਨਮੇ ਦਾਰਾ ਸਿੰਘ ਆਪਣੇ ਕਦ-ਕਾਠ ਅਤੇ ਨਰਮ ਵਿਵਹਾਰ ਦੇ ਚੱਲਦਿਆਂ ਸਿਨੇਮਾ ਦੀ ਦੁਨੀਆ ਤੋਂ ਨਿਕਲ ਕੇ ਇਕ ਦੰਤਕਥਾ ਵਾਚਕ ਬਣ ਗਏ ਸਨ। ਕਿੰਗ ਕੌਂਗ ਤੋਂ ਉਨ੍ਹਾਂ ਦੀ ਕੁਸ਼ਤੀ ਦੇ ਕਿੱਸੇ ਬੱਚੇ-ਬੱਚੇ ਦੀ ਜੁਬਾਨ 'ਤੇ ਹੁੰਦੇ ਸਨ। ਦਾਰਾ ਸਿੰਘ ਨੇ ਆਪਣਾ ਫਿਲਮੀ ਕਰੀਅਰ 1952 ਦੀ ਫਿਲਮ ਸੰਗਦਿਲ ਤੋਂ ਸ਼ੁਰੂ ਕੀਤਾ ਸੀ। 1962 ਦੀ ਫਿਲਮ ਕਿੰਗ ਕੌਂਗ 'ਚ ਉਹ ਪਹਿਲੀ ਵਾਰ ਲੀਡ ਰੋਲ 'ਚ ਨਜ਼ਰ ਆਏ। ਦਾਰਾ ਸਿੰਘ ਆਪਣੇ ਦੌਰ ਦੇ ਚਰਚਿਤ ਸਟੰਟ ਐਕਟਰ ਸੀ। ਦਾਰਾ ਸਿੰਘ ਨੇ ਮੁਮਤਾਜ਼ ਦੇ ਨਾਲ ਸਭ ਤੋਂ ਵੱਧ 16 ਫਿਲਮਾਂ ਕੀਤੀਆਂ ਸਨ। ਦੋਵਾਂ ਦੀ ਜੋੜੀ ਕਾਫੀ ਲੋਕ-ਪ੍ਰਸਿੱਧ ਸੀ। ਦਾਰਾ ਸਿੰਘ ਆਪਣੀ ਕੈਟੇਗਰੀ 'ਚ ਸਭ ਤੋਂ ਵੱਧ ਮਹਿੰਗੇ ਕਲਾਕਾਰ ਸਨ। ਉਸ ਸਮੇਂ ਉਹ ਇਕ ਫਿਲਮ ਲਈ ਲਗਪਗ 4 ਲੱਖ ਰੁਪਏ ਫੀਸ ਲੈਂਦੇ ਸਨ।

ਦਾਰਾ ਸਿੰਘ ਨੇ ਰਾਮਾਨੰਦ ਸਾਗਰ ਦੀ ਰਾਮਾਇਣ 'ਚ ਹਨੂਮਾਨ ਦੇ ਕਿਰਦਾਰ ਨੂੰ ਛੋਟੇ ਪਰਦੇ 'ਤੇ ਜਿਊਂਦਾ ਕੀਤਾ ਸੀ। ਰਾਮਾਨੰਦ ਸਾਗਰ ਨੇ ਜਦੋਂ ਰਾਮਾਇਣ ਬਣਾਉਣ ਦਾ ਇਰਾਦਾ ਕੀਤਾ ਤਾਂ ਹਨੂਮਾਨ ਦੇ ਰੋਲ ਲਈ ਉਨ੍ਹਾਂ ਦੇ ਮਨ 'ਚ ਸਿਰਫ਼ ਦਾਰਾ ਸਿੰਘ ਦਾ ਹੀ ਨਾਮ ਸੀ। ਦਿਲਚਸਪ ਗੱਲ ਇਹ ਹੈ ਕਿ ਦਾਰਾ ਸਿੰਘ ਉਸ ਸਮੇਂ 60 ਸਾਲ ਦੇ ਹੋ ਚੁੱਕੇ ਸਨ। ਇਸ ਲਈ ਥੋੜ੍ਹਾ ਝਿਜਕ ਰਹੇ ਸਨ। ਦਾਰਾ ਸਿੰਘ ਨੇ ਕਿਸੇ ਘੱਟ ਉਮਰ ਦੇ ਕਲਾਕਾਰ ਨੂੰ ਕਾਸਟ ਕਰਨ ਦੀ ਸਲਾਹ ਵੀ ਦਿੱਤੀ ਸੀ। ਪਰ ਰਾਮਾਨੰਦ ਸਾਗਰ ਨੇ ਉਨ੍ਹਾਂ ਨੂੰ ਰਾਜ਼ੀ ਕਰ ਲਿਆ। ਰਾਮਾਇਣ ਦੇ ਬਾਕੀ ਕਿਰਦਾਰਾਂ ਵਾਂਗ ਹਨੂਮਾਨ ਦੇ ਰੂਪ 'ਚ ਦਾਰਾ ਸਿੰਘ ਨੂੰ ਘਰ-ਘਰ ਪੂਜਿਆ ਜਾਣ ਲੱਗਾ ਸੀ। ਬਾਅਦ 'ਚ ਜਦੋਂ ਬੀਆਰ ਚੋਪੜਾ ਨੇ ਮਹਾਭਾਰਤ ਬਣਾਈ ਤਾਂ ਇਕ ਖ਼ਾਸ ਐਪੀਸੋਡ 'ਚ ਹਨੂਮਾਨ ਦੇ ਰੋਲ ਲਈ ਉਨ੍ਹਾਂ ਨੇ ਦਾਰਾ ਸਿੰਘ ਨੂੰ ਹੀ ਚੁਣਿਆ।

ਰਾਮਾਇਣ 'ਚ ਰਾਮ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ, ਜਦਕਿ ਸੀਤਾ ਦੀਪਿਕਾ ਚਿਖਾਲਿਆ, ਲਕਸ਼ਮਣ ਸੁਨੀਲ ਲਹਿਰੀ ਅਤੇ ਰਾਵਣ ਦੇ ਰੋਲ 'ਚ ਅਰਵਿੰਦ ਤ੍ਰਿਵੇਦੀ ਸੀ। ਹਾਲ ਹੀ 'ਚ ਜਦੋਂ ਰਾਮਾਇਣ ਦਾ ਦੂਰਦਰਸ਼ਨ ਨੈਸ਼ਨਲ 'ਤੇ ਫਿਰ ਤੋਂ ਪ੍ਰਸਾਰਣ ਸ਼ੁਰੂ ਹੋਇਆ ਤਾਂ ਇਸਨੇ ਟੀਆਰਪੀ ਦੇ ਪਿਛਲੇ ਕੁਝ ਸਾਲਾਂ ਦੇ ਸਭ ਰਿਕਾਰਡ ਤੋੜ ਦਿੱਤੇ।

Posted By: Rajnish Kaur