ਗੁਰਪ੍ਰੀਤ ਖੋਖਰ, ਜਲੰਧਰ : ਪੰਜਾਬ ਸਾਹਿਤਕ ਪੱਖੋਂ ਬਹੁਤ ਅਮੀਰ ਹੈ। ਫਿਲਮ ਪ੍ਰਮੋਟਰਾਂ ਦਾ ਸਹਿਯੋਗ ਮਿਲੇ ਤਾਂ ਪੰਜਾਬੀ ਸਿਨਮਾ ਗੁਣਾਤਮਕ ਪੱਧਰ 'ਤੇ ਬਹੁਤ ਤਰੱਕੀ ਕਰ ਸਕਦਾ ਹੈ। ਇਹ ਪ੍ਰਗਟਾਵਾ 'ਮਿੱਟੀ', 'ਨਿਧੀ ਸਿੰਘ' ਤੇ 'ਗੇਲੋ' ਜਿਹੀਆਂ ਫਿਲਮਾਂ 'ਚ ਡਾਇਰੈਕਟਰ ਆਫ ਫੋਟੋਗ੍ਰਾਫੀ ਵਜੋਂ ਕੰਮ ਕਰ ਚੁੱਕੇ ਤੇ ਹਾਲ ਹੀ 'ਚ ਵਿਦੇਸ਼ ਦੀ ਧਰਤੀ 'ਤੇ ਆਲਮੀ ਪੱਧਰ ਦਾ ਐਵਾਰਡ ਹਾਸਲ ਕਰਨ ਵਾਲੇ ਜਤਿੰਦਰ ਸੇਰਾਜ ਨੇ 'ਪੰਜਾਬੀ ਜਾਗਰਣ' ਮੁੱਖ ਦਫ਼ਤਰ 'ਚ ਗੱਲਬਾਤ ਦੌਰਾਨ ਕੀਤਾ।

ਜ਼ਿਲ੍ਹਾ ਪਠਾਨਕੋਟ ਦੇ ਇਕ ਛੋਟੇ ਜਿਹੇ ਕਸਬੇ ਤੋਂ ਉੱਠ ਕੇ ਉਨ੍ਹਾਂ ਨੇ ਫਿਲਮ ਜਗਤ 'ਚ ਬਹੁਤ ਵੱਡਾ ਨਾਂ ਬਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਸਾਹਿਤਕ ਕਿਰਤਾਂ 'ਤੇ ਬਹੁਤ ਹੀ ਉਮਦਾ ਫਿਲਮਾਂ ਬਣ ਸਕਦੀਆਂ ਹਨ ਪਰ ਫਿਲਮ ਪ੍ਰਮੋਟਰਾਂ ਦੀ ਕਮੀ ਕਾਰਨ ਅਜਿਹੀਆਂ ਫਿਲਮਾਂ ਬਣ ਨਹੀਂ ਰਹੀਆਂ। ਜੇ ਅਜਿਹੀਆਂ ਫਿਲਮਾਂ ਬਣ ਵੀ ਜਾਂਦੀਆਂ ਹਨ ਤਾਂ ਸਿਨਮਾ ਮਾਲਕ ਲੱਗਣ ਨਹੀਂ ਦਿੰਦੇ। ਇਸ ਕਾਰਨ ਕੋਈ ਨਿਰਦੇਸ਼ਕ ਸਾਹਿਤਕ ਕਿਰਤਾਂ 'ਤੇ ਫਿਲਮ ਬਣਾਉਣ ਦਾ ਜੋਖ਼ਮ ਨਹੀਂ ਲੈਣਾ ਚਾਹੁੰਦਾ।

ਉਨ੍ਹਾਂ ਨੇ ਮਾਲਵੇ ਦੇ ਯਥਾਰਥ ਹਾਲਾਤ ਤੇ ਔਰਤ ਦੀ ਹੋਣੀ ਬਾਰੇ ਪੰਜਾਬੀ ਦੇ ਨਾਮੀ ਨਾਵਲਕਾਰ ਰਾਮ ਸਰੂਪ ਅਣਖੀ ਦੇ ਨਾਵਲ 'ਗੇਲੋ' 'ਤੇ ਇਸੇ ਨਾਂ ਨਾਲ ਬਣੀ ਫਿਲਮ 'ਚ ਕੰਮ ਕੀਤਾ। ਆਲਮੀ ਪੱਧਰ 'ਤੇ ਇਸ ਫਿਲਮ ਦੀ ਸ਼ਲਾਘਾ ਵੀ ਹੋਈ ਪਰ ਸਿਨਮਾ ਮਾਲਕਾਂ ਵੱਲੋਂ ਉਤਸ਼ਾਹ ਨਹੀਂ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੇ ਮਹਾਰਾਸ਼ਟਰ 'ਚ ਸਰਕਾਰ ਵੱਲੋਂ ਫਿਲਮਾਂ 'ਤੇ ਸਬਸਿਡੀ ਦਿੱਤੀ ਜਾ ਰਹੀ ਹੈ ਪਰ ਪੰਜਾਬ 'ਚ ਅਜਿਹਾ ਨਹੀਂ। ਜੇ ਪੰਜਾਬ 'ਚ ਵੀ ਅਜਿਹਾ ਹੋਵੇ ਤਾਂ ਬਹੁਤ ਵਧੀਆ ਕਹਾਣੀਆਂ 'ਤੇ ਫਿਲਮਾਂ ਬਣ ਸਕਦੀਆਂ ਹਨ।

ਨਿਰਮਾਤਾ ਫਿਰ ਹੀ ਫਿਲਮਾਂ 'ਤੇ ਖ਼ਰਚ ਕਰਨ ਨੂੰ ਤਿਆਰ ਹੋਣਗੇ, ਜੇ ਉਨ੍ਹਾਂ ਦਾ ਪੈਸਾ ਸੁਰੱਖਿਅਤ ਹੋਵੇਗਾ। ਅਜੋਕੇ ਸਮੇਂ 'ਚ ਫਿਲਮ ਬਣਾਉਣ ਲਈ ਬਹੁਤ ਵੱਡੇ ਬਜਟ ਦੀ ਲੋੜ ਪੈਂਦੀ ਹੈ, ਜਿਸ ਦੀ ਜੇ ਭਰਪਾਈ ਨਾ ਹੋਵੇ ਤਾਂ ਫਿਲਮ ਨਿਰਮਾਤਾਵਾਂ ਨੂੰ ਬਹੁਤ ਵੱਡਾ ਘਾਟਾ ਪੈਂਦਾ ਹੈ। ਫਿਲਮੀ ਜਗਤ 'ਚ ਤਕਰੀਬਨ 30 ਸਾਲਾਂ ਦਾ ਤਜਰਬਾ ਰੱਖਣ ਵਾਲੇ ਜਤਿੰਦਰ ਸੇਰਾਜ ਦਾ ਕਹਿਣਾ ਹੈ ਕਿ ਪੰਜਾਬੀ ਸਿਨਮੇ 'ਚ ਤਕਰੀਬਨ 75 ਫ਼ੀਸਦੀ ਨਿਰਮਾਤਾ ਤੇ ਨਿਰਦੇਸ਼ਕ ਅਜਿਹੇ ਹਨ, ਜਿਨ੍ਹਾਂ ਕੋਲ ਇਸ ਖੇਤਰ ਦੀ ਕੋਈ ਵਿੱਦਿਅਕ ਯੋਗਤਾ ਨਹੀਂ ਤੇ ਨਾ ਹੀ ਕੋਈ ਤਕਨੀਕੀ ਗਿਆਨ ਹੈ।

ਫਿਲਮੀ ਲਾਈਨ 'ਚ ਆਉਣ ਤੋਂ ਪਹਿਲਾਂ ਤਕਨੀਕੀ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।

ਤਕਰੀਬਨ 27 ਮਰਾਠੀ ਫਿਲਮਾਂ 'ਚ ਕੰਮ ਕਰ ਚੁੱਕੇ ਜਤਿੰਦਰ ਅਨੁਸਾਰ ਮਰਾਠੀ ਸਿਨਮੇ 'ਚ ਤਕਨੀਕੀ ਖੇਤਰ 'ਚ ਵਿੱਦਿਅਕ ਯੋਗਤਾ ਉਪਰੰਤ ਹੀ ਫਿਲਮ ਨਿਰਮਾਣ ਦੇ ਖੇਤਰ 'ਚ ਆਉਣ ਦਾ ਰੁਝਾਨ ਹੈ ਪਰ ਪੰਜਾਬੀ ਸਿਨਮੇ 'ਚ ਅਜਿਹਾ ਨਹੀਂ ਹੈ। ਬਾਲੀਵੁੱਡ ਤੇ ਟਾਲੀਵੁੱਡ 'ਚ ਕਾਸਟ ਕਾਊਚਿੰਗ ਦੇ ਰੁਝਾਨ ਬਾਰੇ ਉਨ੍ਹਾਂ ਕਿਹਾ ਕਿ ਇਹ ਹਕੀਕਤ ਹੈ ਕਿ ਹੀਰੋਇਨਾਂ ਨਾਲ ਅਜਿਹਾ ਕਰਨ ਉਪਰੰਤ ਹੀ ਰੋਲ ਲਈ ਚੁਣਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਵਧੀਆ ਅਦਾਕਾਰਾਂ ਦੀ ਕੋਈ ਘਾਟ ਨਹੀਂ। ਪੰਜਾਬ ਤੋਂ ਮਾਨਵ ਵਿਜ, ਰਾਹੁਲ ਦੇਵ ਜਿਹੇ ਅਦਾਕਾਰ ਦੱਖਣੀ ਫਿਲਮਾਂ 'ਚ ਵੀ ਸ਼ਾਨਦਾਰ ਅਦਾਕਾਰੀ ਦਿਖਾ ਚੁੱਕੇ ਹਨ। ਸੁਭਾਸ਼ ਘਈ, ਬੀਆਰ ਚੋਪੜਾ, ਯਸ਼ ਚੋਪੜਾ, ਦੇਵਾਨੰਦ ਜਿਹੇ ਪੰਜਾਬੀਆਂ ਦੀ ਬਾਲੀਵੁੱਡ 'ਚ ਤੂਤੀ ਬੋਲਦੀ ਰਹੀ ਹੈ।

ਉਨ੍ਹਾਂ ਕਿਹਾ ਕਿ ਪਾਲੀਵੁੱਡ 'ਚ ਸੰਜੀਦਾ ਅਦਾਕਾਰਾਂ ਦੀ ਘਾਟ ਹੈ। 'ਗੇਲੋ' ਫਿਲਮ 'ਚ ਜਸਪਿੰਦਰ ਚੀਮਾ ਨੇ ਧਾਕੜ ਔਰਤ ਦਾ ਕਿਰਦਾਰ ਬਾਖ਼ੂਬੀ ਨਿਭਾਇਆ, ਜੋ ਕਾਬਿਲੇ ਤਾਰੀਫ਼ ਹੈ। ਇਸੇ ਤਰ੍ਹਾਂ ਦੀਆਂ ਹੋਰ ਹੀਰੋਇਨਾਂ ਦੀ ਪਾਲੀਵੁੱਡ 'ਚ ਘਾਟ ਹੈ। ਪਹਿਲਾਂ ਥੀਏਟਰ ਰਾਹੀਂ ਬਹੁਤ ਵਧੀਆ ਅਦਾਕਾਰ ਤਿਆਰ ਹੁੰਦੇ ਸਨ ਪਰ ਹੁਣ ਪੰਜਾਬੀ ਫਿਲਮਾਂ 'ਚ ਪੇਂਡੂ ਕਿਰਦਾਰਾਂ ਨੂੰ ਨਿਭਾਉਣ ਵਾਲੇ ਚਿਹਰਿਆਂ ਦੀ ਕਮੀ ਹੈ। ਨਾਲ ਹੀ ਅਜੋਕੇ ਫਿਲਮ ਨਿਰਦੇਸ਼ਕਾਂ 'ਚ ਵੀ ਕੁਸ਼ਲਤਾ ਦੀ ਘਾਟ ਹੈ।

ਚੰਗਾ ਸਾਹਿਤ ਪੜ੍ਹਨ ਦੇ ਸ਼ੌਕੀਨ ਹਨ ਜਤਿੰਦਰ

ਉਨ੍ਹਾਂ ਕਿਹਾ ਕਿ ਫਿਲਮੀ ਲਾਈਨ ਵਾਲਿਆਂ ਨੂੰ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸੋਚ ਦਾ ਘੇਰਾ ਵਸੀਹ ਹੁੰਦਾ ਹੈ। ਨਾਵਲਕਾਰ ਗੁਰਦਿਆਲ ਸਿੰਘ ਨੂੰ ਉਚੇਚੇ ਤੌਰ 'ਤੇ ਪੜ੍ਹਨ ਵਾਲੇ ਜਤਿੰਦਰ ਫਿਲਮੀ ਲਾਈਨ 'ਚ ਏਨਾ ਮਸ਼ਰੂਫ ਰਹਿਣ ਦੇ ਬਾਵਜੂਦ ਚੰਗਾ ਸਾਹਿਤ ਪੜ੍ਹਨ ਲਈ ਸਮਾਂ ਕੱਢਦੇ ਹਨ।