ਜਾਗਰਣ ਬਿਊਰੋ, ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਸਿਲਵਰ ਸਕਰੀਨ ’ਤੇ ਆਪਣੀ ਅਦਾਕਾਰੀ ਨਾਲ ਪਿਛਲੀ ਸਦੀ ਦੇ ਸੱਤਵੇਂ ਤੇ ਅੱਠਵੇਂ ਦਹਾਕਿਆਂ ’ਚ ਪ੍ਰਸਿੱਧੀ ਹਾਸਲ ਕਰਨ ਵਾਲੀ ਮਸ਼ਹੂਰ ਅਦਾਕਾਰਾ ਆਸ਼ਾ ਪਾਰਿਖ ਨੂੰ ਸਾਲ 2020 ਲਈ ਵੱਕਾਰੀ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ 30 ਸਤੰਬਰ ਨੂੰ ਉਨ੍ਹਾਂ ਨੂੰ ਭਾਰਤੀ ਸਿਨੇਮਾ ਦਾ ਇਹ ਸਭ ਤੋਂ ਵੱਕਾਰੀ ਪੁਰਸਕਾਰ ਪ੍ਰਦਾਨ ਕਰਨਗੇ।

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ,‘ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੀ ਜਿਊਰੀ ਨੇ ਭਾਰਤੀ ਸਿਨੇਮਾ ’ਚ ਆਸ਼ਾ ਪਾਰਿਖ ਦੇ ਜੀਵਨ ਭਰ ਦੇ ਮਿਸਾਲੀ ਯੋਗਦਾਨ ਨੂੰ ਮਾਨਤਾ ਦੇਣ ਤੇ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ 30 ਸਤੰਬਰ ਨੂੰ 68ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਗਮ ’ਚ ਆਸ਼ਾ ਪਾਰਿਖ ਨੂੰ ਇਹ ਸਨਮਾਨ ਪ੍ਰਦਾਨ ਕਰਨਗੇ। ਉਹ ਨਾ ਸਿਰਫ਼ ਇਕ ਮਸ਼ਹੂਰ ਫਿਲਮ ਅਦਾਕਾਰਾ ਹਨ, ਸਗੋਂ ਇਕ ਨਿਰਮਾਤਾ-ਨਿਰਦੇਸ਼ਕ ਦੇ ਨਾਲ-ਨਾਲ ਇਕ ਹੁਨਰਮੰਦ ਭਾਰਤੀ ਕਲਾਸੀਕਲ ਡਾਂਸਰ ਵੀ ਹਨ। ਆਸ਼ਾ ਪਾਰਿਖ ਨੇ ਸਿਰਫ਼ 10 ਸਾਲ ਦੀ ਉਮਰ ਵਿੱਚ ਬਾਲ ਕਲਾਕਾਰ ਵਜੋਂ ਫਿਲਮ ‘ਮਾਂ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ‘ਦਿਲ ਦੇ ਕੇ ਦੇਖੋ’ ਵਿਚ ਮੁੱਖ ਹੀਰੋਇਨ ਵਜੋਂ ਆਪਣੇ ਕਰੀਅਰ ਨੂੰ ਨਵੀਂ ਉਡਾਣ ਦਿੱਤੀ ਅਤੇ 95 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ। ‘ਕਟੀ ਪਤੰਗ’, ‘ਤੀਸਰੀ ਮੰਜ਼ਿਲ’, ‘ਲਵ ਇਨ ਟੋਕੀਓ’, ‘ਆਯਾ ਸਾਵਨ ਝੂਮ ਕੇ’, ‘ਆਨ ਮਿਲੋ ਸਜਨਾ’, ‘ਮੇਰਾ ਗਾਓਂ ਮੇਰਾ ਦੇਸ਼’ ਵਰਗੀਆਂ ਮਸ਼ਹੂਰ ਫਿਲਮਾਂ ’ਚ ਉਨ੍ਹਾਂ ਦੀ ਅਦਾਕਾਰੀ ਦੇ ਜਾਦੂ ਨੇ ਦਰਸ਼ਕਾਂ ਦਾ ਮਨ ਮੋਹ ਲਿਆ ਤੇ ਉਨ੍ਹਾਂ ਦੀ ਪ੍ਰਸਿੱਧੀ ਸਿਖਰ ’ਤੇ ਪਹੁੰਚ ਗਈ। ਸਿਨੇਮਾ ’ਚ ਉਨ੍ਹਾਂ ਦੇ ਯੋਗਦਾਨ ਦੇ ਸਨਮਾਨ ’ਚ, ਉਨ੍ਹਾਂ ਨੂੰ 1992 ’ਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਸਿਨੇਮਾ ਸਕ੍ਰੀਨ ’ਤੇ ਘੱਟ ਸਰਗਰਮ ਹੋਣ ਦੇ ਬਾਵਜੂਦ, ਭਾਰਤੀ ਫਿਲਮ ਉਦਯੋਗ ਵਿਚ ਆਪਣੀ ਸਰਗਰਮੀ ਜਾਰੀ ਰੱਖੀ ਤੇ 1998-2001 ਤੱਕ ਕੇਂਦਰੀ ਫਿਲਮ ਸੈਂਸਰਸ਼ਿਪ ਬੋਰਡ ਦੇ ਮੁਖੀ ਸਨ।

ਪੰਜ ਮੈਂਬਰੀ ਜਿਊਰੀ ਦੀ ਕੀਤੀ ਗਈ ਚੋਣ

ਆਸ਼ਾ ਪਾਰਿਖ ਦੇ ਨਾਂ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਲਈ ਪੰਜ ਮੈਂਬਰੀ ਜਿਊਰੀ ਨੇ ਚੁਣਿਆ ਹੈ। ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਦੇ ਨਾਲ, ਜਿਊਰੀ ਵਿਚ ਪ੍ਰਸਿੱਧ ਗਾਇਕਾ ਆਸ਼ਾ ਭੌਸਲੇ, ਗਾਇਕ ਉਦਿਤ ਨਰਾਇਣ, ਅਦਾਕਾਰਾ ਪੂਨਮ ਢਿੱਲੋਂ ਅਤੇ ਟੀਐੱਸ ਨਾਗਭਰਨ ਸ਼ਾਮਲ ਸਨ।

Posted By: Sandip Kaur