ਜਾਗਰਣ ਬਿਊਰੋ, ਨਵੀਂ ਦਿੱਲੀ : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰ ਲਿਆ ਹੈ। ਬਿਹਾਰ ਪੁਲਿਸ ਦੀ ਐੱਫਆਈਆਰ 'ਤੇ ਆਧਾਰਤ ਮਨੀ ਲਾਂਡਰਿੰਗ ਕੇਸ 'ਚ ਅਦਾਕਾਰਾ ਰਿਆ ਚੱਕਰਵਰਤੀ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਛੇਤੀ ਹੀ ਈਡੀ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕਰੇਗਾ। ਈਡੀ ਦੇ ਸੀਨੀਅਰ ਅਧਿਕਾਰੀ ਪੂਰੀ ਜਾਂਚ ਦੀ ਨਿਗਰਾਨੀ ਕਰਨਗੇ।

ਧਿਆਨ ਦੇਣ ਦੀ ਗੱਲ ਹੈ ਕਿ ਵੀਰਵਾਰ ਨੂੰ ਹੀ ਈਡੀ ਨੇ ਬਿਹਾਰ ਪੁਲਿਸ ਤੋਂ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਐੱਫਆਈਆਰ ਮੰਗੀ ਸੀ। ਮਨੀ ਲਾਂਡਰਿੰਗ ਦਾ ਕੇਸ ਦਰਜ ਹੋਣ ਦੀ ਜਾਣਕਾਰੀ ਦਿੰਦੇ ਹੋਏ ਈਡੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬਿਹਾਰ ਪੁਲਿਸ ਦੀ ਐੱਫਆਈਆਰ 'ਚ ਸੁਸ਼ਾਂਤ ਸਿੰਘ ਰਾਜਪੂਤ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਦਿੱਤੇ ਜਾਣ ਦੀ ਗੱਲ ਹੈ। ਅਜਿਹੇ 'ਚ ਇਹ ਪਤਾ ਲਗਾਇਆ ਜਾਣਾ ਜ਼ਰੂਰੀ ਹੈ ਕਿ ਇਹ ਪੈਸੇ ਕਿਸ ਕੰਮ ਲਈ ਦਿੱਤੇ ਗਏ ਸਨ ਤੇ ਕਿਤੇ ਇਹ ਕਿਸੇ ਦਬਾਅ 'ਚ ਲਈ ਗਈ ਵਸੂਲੀ ਨਾਲ ਸਬੰਧਤ ਤਾਂ ਨਹੀਂ ਹੈ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਸਾਰੇ ਖਾਤਿਆਂ 'ਚ ਲੈਣ-ਦੇਣ ਦੀ ਵਿਸਥਾਰਤ ਜਾਣਕਾਰੀ ਦੇਣ ਲਈ ਬੈਂਕਾਂ ਨੂੰ ਕਹਿ ਦਿੱਤਾ ਗਿਆ ਹੈ। ਇਕ ਵਾਰੀ ਬੈਂਕਾਂ ਤੋਂ ਜਾਣਕਾਰੀ ਮਿਲਣ ਪਿੱਛੋਂ ਮੁਲਜ਼ਮਾਂ ਤੇ ਗਵਾਹਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਜਾਵੇਗੀ। ਰਿਆ ਚੱਕਰਵਰਤੀ ਦੇ ਬਾਰੇ 'ਚ ਪੁੱਛੇ ਜਾਣ 'ਤੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਾਮਜ਼ਦ ਮੁਲਜ਼ਮ ਦੇ ਰੂਪ ਵਿਚ ਛੇਤੀ ਹੀ ਅਦਾਕਾਰਾ ਨੂੰ ਪੁੱਛਗਿੱਛ ਲਈ ਬੁਲਾਇਆ ਜਾਵੇਗਾ।

ਈਡੀ ਦੇ ਸੀਨੀਅਰ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਦੀ ਨਿਗਰਾਨੀ ਪ੍ਰਮੁੱਖ ਪੱਧਰ 'ਤੇ ਕੀਤੀ ਜਾਵੇਗੀ। ਜੇਕਰ ਸੁਸ਼ਾਂਤ ਸਿੰਘ ਰਾਜਪੂਤ ਤੋਂ ਕਿਸੇ ਤਰ੍ਹਾਂ ਦੀ ਨਾਜਾਇਜ਼ ਵਸੂਲੀ ਕੀਤੇ ਜਾਣ ਦੇ ਸਬੂਤ ਮਿਲੇ ਤਾਂ ਉਨ੍ਹਾਂ ਤੋਂ ਖ਼ਰੀਦੀ ਗਈ ਜਾਇਦਾਦ ਨੂੰ ਮਨੀ ਲਾਂਡਰਿੰਗ ਕਾਨੂੰਨ ਤਹਿਤ ਜ਼ਬਤ ਕਰ ਲਿਆ ਜਾਵੇਗਾ।

Posted By: Tejinder Thind