ਕਿਆਰਾ ਅਡਵਾਨੀ ਅੱਜਕੱਲ੍ਹ ਆਪਣੀ ਫਿਲਮ 'ਕਬੀਰ ਸਿੰਘ' ਨਾਲ ਚਰਚਾ ਵਿਚ ਹੈ। ਇਸ ਤੋਂ ਇਲਾਵਾ ਉਹ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਦੀ 'ਗੁੱਡ ਨਿਊਜ਼' ਅਤੇ ਸਿਧਾਰਥ ਮਲਹੋਤਰਾ ਨਾਲ 'ਸ਼ੇਰਸ਼ਾਹ' ਵਿਚ ਵੀ ਦਿਖਾਈ ਦੇਵੇਗੀ। ਨਾਲ ਹੀ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਕਲੰਕ' ਵਿਚ ਵੀ ਕਿਆਰਾ ਇਕ ਡਾਂਸ ਨੰਬਰ ਵਿਚ ਦਿਖਾਈ ਦਿੱਤੀ ਸੀ। ਹੁਣ ਤਾਜ਼ਾ ਖ਼ਬਰ ਹੈ ਕਿ ਕਿਆਰਾ ਇਕ ਵਾਰ ਫਿਰ ਧਰਮਾ ਪ੍ਰੋਡਕਸ਼ਨਜ਼ ਨਾਲ ਜੁੜ ਗਈ ਹੈ। ਉਨ੍ਹਾਂ ਨੂੰ ਇਸ ਪ੍ਰੋਡਕਸ਼ਨ ਦੇ ਬੈਨਰ ਹੇਠ ਬਣਨ ਵਾਲੇ ਵੈੱਬ ਸ਼ੋਅ 'ਗਿਲਟੀ' ਵਿਚ ਬਤੌਰ ਲੀਡ ਸਾਈਨ ਕਰ ਲਿਆ ਗਿਆ ਹੈ। ਇਸ ਦੀ ਕਹਾਣੀ ਲਿਖੀ ਹੈ ਕਨਿਕਾ ਢਿੱਲਣ ਨੇ, ਜਿਹੜੀ ਇਸ ਤੋਂ ਪਹਿਲਾਂ 'ਮਨਮਰਜ਼ੀਆਂ' ਅਤੇ ਕੇਦਾਰਨਾਥ' ਦੀ ਕਹਾਣੀ ਲਿਖ ਚੁੱਕੀ ਹੈ। ਛੇਤੀ ਹੀ ਰਿਲੀਜ਼ ਹੋਣ ਵਾਲੀ ਕੰਗਨਾ ਰਣੌਤ ਦੀ ਫਿਲਮ 'ਮੈਂਟਲ ਹੈ ਕਿਆ' ਦੀ ਕਹਾਣੀ ਵੀ ਇਨ੍ਹਾਂ ਹੀ ਲਿਖੀ ਹੈ। ਸੂਤਰਾਂ ਮੁਤਾਬਕ, ਕਿਆਰਾ ਇਸ ਵੈੱਬ ਸ਼ੋਅ ਵਿਚ ਛੋਟੇ ਸ਼ਹਿਰ ਦੀ ਇਕ ਕਾਲਜ ਜਾਣ ਵਾਲੀ ਲੜਕੀ ਦਾ ਕਿਰਦਾਰ ਨਿਭਾਏਗੀ। ਵੈਸੇ ਧਰਮਾ ਪ੍ਰੋਡਕਸ਼ਨਜ਼ ਦੇ ਨਾਲ ਕਿਆਰਾ ਇਸ ਤੋਂ ਪਹਿਲਾਂ ਦੋ ਵੈੱਬ ਸੀਰੀਜ਼ 'ਐਂਥੋਲੋਜੀ' ਅਤੇ 'ਲਸਟ ਸਟੋਰੀਜ਼' ਵੀ ਕਰ ਚੁੱਕੀ ਹੈ।