ਜੇਐੱਨਐੱਨ, ਨਵੀਂ ਦਿੱਲੀ : ਚੱਕਰਵਾਤ 'ਨਿਸਰਗ' ਦੇ ਬੁੱਧਵਾਰ ਨੂੰ ਮੁੰਬਈ ਤੋਂ ਕਰੀਬ 94 ਕਿਮੀ ਦੀ ਦੂਰੀ 'ਤੇ ਸਥਿਤ ਅਲੀਬਾਗ ਨੇੜੇ ਟਕਰਾਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਤੋਂ 120 ਕਿਲੋਮੀਟਰ ਪ੍ਰਤੀਘੰਟਾ ਰਹਿ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਤੂਫ਼ਾਨ ਕਾਫੀ ਤਬਾਹੀ ਮਚਾ ਸਕਦਾ ਹੈ। ਇਸ ਤੂਫ਼ਾਨ ਸਬੰਧੀ ਸਰਕਾਰ ਵੱਲੋਂ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਉੱਥੇ ਹੀ ਬਾਲੀਵੁੱਡ ਸੈਲੀਬ੍ਰਿਟੀਜ਼ ਨੇ ਸੋਸ਼ਲ ਮੀਡੀਆ ਰਾਹੀਂ ਤੂਫ਼ਾਨ ਦੇ ਸਮੇਂ ਘਰਾਂ 'ਚ ਹੀ ਰਹਿਣ ਦੀ ਬੇਨਤੀ ਕੀਤੀ ਹੈ।

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਅਦਾਕਾਰ ਨੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਵੀਡੀਓ 'ਚ ਕਿਹਾ, 'ਭਗਵਾਨ ਦੀ ਜੇ ਕਿਰਪਾ ਰਹੀ ਤਾਂ ਹੋ ਸਕਦਾ ਹੈ ਤੂਫ਼ਾਨ ਇੱਥੇ ਆਵੇ ਹੀ ਨਾ ਜਾਂ ਹੋ ਸਕਦਾ ਹੈ ਤੂਫ਼ਾਨ ਦੀ ਰਫ਼ਤਾਰ ਇੰਨੀ ਨਾ ਹੋਵੇ। ਪਰ ਜੇ ਆ ਵੀ ਗਿਆ ਤਾਂ ਅਸੀਂ ਮੁੰਬਈ ਵਾਸੀ ਘਬਰਾਉਣ ਵਾਲੇ ਨਹੀਂ ਹਾਂ ਤੇ ਆਪਣੀ ਸੁਰੱਖਿਆ ਦੀ ਤਿਆਰੀਆਂ 'ਚ ਜੁਟੇ ਹੋਏ ਹਾਂ।'

ਉਨ੍ਹਾਂ ਕਿਹਾ, 'ਸਭ ਤੋਂ ਪਹਿਲਾਂ- ਘਰਾਂ ਤੋਂ ਬਾਹਰ ਨਾ ਨਿਕਲੋ, ਸਮੁੰਦਰ ਕੰਢੇ ਨਾ ਜਾਓ। ਬਾਹਰ ਹੋ ਤਾਂ ਸੁਰੱਖਿਅਤ ਥਾਂ 'ਤੇ ਰਹੋ। ਘਰ 'ਚ ਲੋੜ ਨਾ ਹੋਵੇ ਤਾਂ ਗੈਸ ਤੇ ਲਾਈਟਾਂ ਬੰਦ ਰੱਖੋ। ਗਮਲਿਆਂ ਨੂੰ ਕੱਸ ਕੇ ਬੰਨ੍ਹੋ ਜਾਂ ਘਰਾਂ ਅੰਦਰ ਰੱਖੋ।' ਅਕਸ਼ੈ ਕੁਮਾਰ ਤੋਂ ਇਲਾਵਾ ਸ਼ਿਲਪਾ ਸ਼ੈਟੀ ਨੇ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ ਨੂੰ ਸ਼ੇਅਰ ਕੀਤਾ ਤੇ ਉਨ੍ਹਾਂ ਦੀ ਪਾਲਣਾ ਕਰਨ ਲਈ ਕਿਹਾ।

ਨਿਮਰਤ ਕੌਰ ਨੇ ਵੀ ਬੱਦਲਾਂ ਦੀ ਤਸਵੀਰ ਸ਼ੇਅਰ ਕੀਤੀ ਹੈ ਤੇ ਆਥੀਆ ਸ਼ੈੱਟੀ ਨੇ ਇਕ ਨੋਟ ਸ਼ੇਅਰ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਘਰਾਂ ਅੰਦਰ ਰਹਿਣ ਤੇ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਹੈ। ਰਣਵੀਰ ਸ਼ੌਰੀ ਨੇ ਵੀ ਇੰਸਟਾਗ੍ਰਾਮ 'ਤੇ ਮੌਸਮ ਦੀ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਨਿਸਰਗ ਪਿਛਲੇ 6 ਘੰਟਿਆਂ ਦੌਰਾਨ 13 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰੀ ਮਹਾਰਾਸ਼ਟਰ ਤੱਟ ਵਲ ਵਧਿਆ।

Posted By: Amita Verma