ਯਸ਼ਰਾਜ ਫਿਲਮਜ਼ ਪ੍ਰੋਡਕਸ਼ਨ ਹਾਊਸ ਇਸ ਸਾਲ ਆਪਣੇ 50 ਸਾਲ ਪੂਰੇ ਕਰ ਰਿਹਾ ਹੈ। ਬੀਤੇ ਦਿਨੀਂ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ਮੌਕੇ 'ਤੇ ਪ੍ਰੋਡਕਸ਼ਨ ਹਾਊਸ ਬਾਲੀਵੁੱਡ ਦੇ ਕਿੰਗ ਸ਼ਾਹਰੁਖ਼ ਖ਼ਾਨ ਦੇ ਨਾਲ ਇਕ ਵੱਡੇ ਬਜਟ ਦੀ ਐਕਸ਼ਨ ਫਿਲਮ ਦਾ ਐਲਾਨ ਵੀ ਕਰਨ ਵਾਲਾ ਸੀ। ਸ਼ਾਹਰੁਖ਼ ਦੀ ਇਸ ਐਕਸ਼ਨ ਥਰਿਲਰ ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰੇਗਾ ਜਿਸ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਵਾਰ' ਨੇ ਪਿਛਲੇ ਸਾਲ ਰਿਕਾਰਡ ਤੋੜ ਕਮਾਈ ਕੀਤੀ ਸੀ। ਹੁਣ ਕੋਰੋਨਾ ਵਾਇਰਸ ਦੇ ਕਾਰਨ ਸ਼ਾਹਰੁਖ਼ ਦੀ ਇਸ ਕਮਬੈਕ ਫਿਲਮ ਦੇ ਰਸਮੀ ਐਲਾਨ ਦੀ ਤਰੀਕ ਅੱਗੇ ਵੱਧ ਗਈ ਹੈ।

ਆਦਿੱਤਿਆ ਚੋਪੜਾ ਨੇ ਯਸ਼ਰਾਜ ਫਿਲਮਜ਼ ਦੀ ਗੋਲਡਨ ਜੁਬਲੀ 'ਤੇ ਵੱਡੇ ਜ਼ਸਨ ਦੀ ਤਿਆਰੀ ਕੀਤੀ ਸੀ। ਇਸ ਪ੍ਰੋਗਰਾਮ 'ਚ ਉਹ ਸ਼ਾਹਰੁਖ਼ ਦੀ ਫਿਲਮ ਸਮੇਤ ਕਈ ਹੋਰ ਵੱਡੀਆਂ ਫਿਲਮਾਂ ਦਾ ਐਲਾਨ ਵੀ ਕਰਨ ਵਾਲਾ ਸੀ ਪਰ ਹੁਣ ਲਾਕਡਾਊਨ ਦੇ ਕਾਰਨ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਸ਼ਾਹਰੁਖ਼ ਦੀ ਇਸ ਐਕਸ਼ਨ ਫਿਲਮ ਦਾ ਪ੍ਰੀ-ਪ੍ਰੋਡਕਸ਼ਨ 'ਤੇ ਕੰਮ ਸ਼ੁਰੂ ਹੋ ਚੁੱਕਾ ਸੀ ਪਰ ਹੁਣ ਕੋਰੋਨਾ ਕਾਰਨ ਇਸ ਕੰਮ 'ਤੇ ਵੀ ਬ੍ਰੇਕ ਲੱਗ ਗਈ ਹੈ। ਜਾਣਕਾਰੀ ਅਨੁਸਾਰ ਇਸ ਵੱਡੇ ਬਜਟ ਦੀ ਫਿਲਮ ਨੂੰ ਸਿਧਾਰਥ ਆਨੰਦ ਅਜਿਹੀਆਂ ਥਾਵਾਂ 'ਤੇ ਸ਼ੂਟ ਕਰਨ ਦੀ ਯੋਜਨਾ ਬਣਾ ਰਿਹਾ ਸੀ ਜਿੱਥੇ ਹੁਣ ਤਕ ਕਿਸੇ ਫਿਲਮ ਦੀ ਸ਼ੂਟਿੰਗ ਨਹੀਂ ਹੋਈ ਹੈ। ਫਿਲਹਾਲ ਉਸ ਨੇ ਆਪਣੀ ਯੋਜਨਾ ਰੱਦ ਕਰ ਦਿੱਤੀ ਹੈ ਕਿਉਂਕਿ ਲਾਕਡਾਊਨ ਕਾਰਨ ਅਜੇ ਕਿਤੇ ਵੀ ਆਉਣ-ਜਾਣ 'ਤੇ ਰੋਕ ਲੱਗੀ ਹੋਈ ਹੈ। ਜਿਵੇਂ ਹੀ ਇਹ ਰੋਕ ਹਟਦੀ ਹੈ ਤਾਂ ਉਹ ਉਨ੍ਹਾਂ ਥਾਵਾਂ ਦਾ ਸਰਵੇਖਣ ਕਰਨਾ ਸ਼ੁਰੂ ਕਰ ਦੇਵੇਗਾ।

Posted By: Harjinder Sodhi