ਜਾਗਰਣ ਸੰਵਾਦਦਾਤਾ, ਲੁਧਿਆਣਾ : Raju Srivastav Death News : ਦੇਸ਼ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਬੁੱਧਵਾਰ ਨੂੰ 58 ਸਾਲ ਦੀ ਉਮਰ 'ਚ ਦਿੱਲੀ ਦੇ ਏਮਜ਼ 'ਚ ਦੇਹਾਂਤ ਹੋ ਗਿਆ। ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ 'ਚ ਦਾਖ਼ਲ ਕਰਵਾਇਆ ਗਿਆ ਸੀ, ਜੋ ਲਗਾਤਾਰ 41 ਦਿਨਾਂ ਤਕ ਬੇਹੋਸ਼ ਸਨ। ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਲੈਪਸ ਦੌਰਾਨ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਕਾਫੀ ਸੁਰਖੀਆਂ ਵਿੱਚ ਰਹੇ ਸਨ।

ਰਾਜੂ ਨੇ ਤਤਕਾਲੀ ਕਾਂਗਰਸ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਸੀ। ਰਾਜੂ ਸ੍ਰੀਵਾਸਤਵ ਨੇ ਵੀਡੀਓ ਸ਼ੇਅਰ ਕਰ ਕੇ ਕਿਹਾ ਸੀ ਕਿ ਕਾਂਗਰਸੀਆਂ ਦੀ ਅਕਲ ਭ੍ਰਿਸ਼ਟ ਹੋ ਗਈ ਹੈ, ਇਸੇ ਲਈ ਉਹ ਅਜਿਹੀਆਂ ਹਰਕਤਾਂ ਕਰ ਰਹੇ ਹਨ। ਇੰਨਾ ਹੀ ਨਹੀਂ ਰਾਜੂ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਨੂੰ ਕਥਿਤ ਤੌਰ 'ਤੇ 'ਪਾਕਿਸਤਾਨ ਪੱਖੀ' ਵੀ ਕਿਹਾ ਸੀ।

'ਕਾਂਗਰਸੀਓ ਤੁਹਾਡੀ ਅਕਲ ਭ੍ਰਿਸ਼ਟ ਹੋ ਗਈ ਹੈ'

ਰਾਜੂ ਸ਼੍ਰੀਵਾਸਤਵ ਨੇ ਵੀਡੀਓ 'ਚ ਕਿਹਾ ਸੀ, 'ਯਾਦ ਰੱਖਣਾ, ਪੂਰੇ ਜੰਗਲ 'ਚ ਸੰਨਾਟਾ ਛਾ ਜਾਂਦਾ ਹੈ, ਜਦੋਂ ਉਸ ਜੰਗਲ ਦਾ ਸ਼ੇਰ ਅੰਦਰੋਂ ਜ਼ਖ਼ਮੀ ਹੋ ਜਾਂਦਾ ਹੈ। ਹੇ ਕਾਂਗਰਸੀਓ, ਤੁਸੀਂ ਮੋਦੀ ਜੀ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ, ਕਿਉਂਕਿ ਗੁਰੂ ਜੀ ਦੀ ਕਿਰਪਾ ਮੋਦੀ ਜੀ 'ਤੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਬਾਬਾ ਵਿਸ਼ਵਨਾਥ ਦਾ। ਬਾਬਾ ਕੇਦਾਰਨਾਥ ਬਾਬਾ ਮਹਾਕਾਲ। ਆਹ ਅਰੇ ਨਕਲੀ ਲੋਕਾਂ ਨੂੰ ਅੱਗੇ ਕਰ ਕੇ ਪੰਜਾਬ ਨੂੰ ਕਿਉਂ ਬਦਨਾਮ ਕਰ ਰਹੇ ਹੋ। ਆਪਣੇ ਪ੍ਰਧਾਨ ਮੰਤਰੀ ਨੂੰ ਅਪਮਾਨਿਤ ਕਰ ਰਹੇ ਹੋ, ਤੁਹਾਡੀ ਬੁੱਧੀ ਭ੍ਰਿਸ਼ਟ ਹੋ ਗਈ ਹੈ।'

'ਇਹ ਪਾਕਿ ਪ੍ਰਸਤ ਮੁੱਖ ਮੰਤਰੀ ਹੈ'

ਰਾਜੂ ਸ੍ਰੀਵਾਸਤਵ ਦਾ ਇਕ ਹੋਰ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਨੂੰ ਲੈ ਕੇ ਕਾਫੀ ਸਿਆਸਤ ਵੀ ਹੋਈ ਸੀ। ਰਾਜੂ ਨੇ ਚੰਨੀ ਨੂੰ 'ਪਾਕਿ ਪ੍ਰਸਤ' ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ ਸੀ।

ਕਈ ਆਗੂਆਂ ਨੇ ਦੁੱਖ ਪ੍ਰਗਟਾਇਆ

ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਕਈ ਆਗੂਆਂ ਨੇ ਸੋਗ ਪ੍ਰਗਟਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਭਾਜਪਾ ਦੇ ਕਈ ਆਗੂਆਂ ਨੇ ਗਜੋਧਰ ਭਈਆ ਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।

Posted By: Seema Anand