ਨਵੀਂ ਦਿੱਲੀ: ਅਦਾਕਾਰੀ ਦੀ ਦੁਨੀਆ 'ਚ ਕਾਮੇਡੀ ਘਰ-ਘਰ ਪਹੁੰਚਾਉਣ ਵਾਲੇ ਲੈਜੇਂਡਰੀ ਐਕਟਰ ਚਾਰਲੀ ਚੈਪਲਿਨ ਦਾ ਅੱਜ 130ਵਾਂ ਜਨਮ ਦਿਨ ਹੈ। ਉਹ ਪਹਿਲੇ ਅਦਾਕਾਰ ਸਨ ਜਿਨ੍ਹਾਂ ਨੂੰ ਪ੍ਰਸਿੱਧ ਟਾਈਮ ਮੈਗਜ਼ੀਨ ਨੇ ਆਪਣੇ ਕਵਰ ਪੇਜ 'ਤੇ ਛਾਪਿਆ ਸੀ। ਹਿਟਲਰ 'ਤੇ ਬਣਾਈ ਉਨ੍ਹਾਂ ਦੀ ਫ਼ਿਲਮ ਦੇ ਕਿਰਦਾਰ ਲਈ ਉਨ੍ਹਾਂ ਨੂੰ ਅੱਜ ਵੀ ਲੋਕ ਭੁਲਾ ਨਹੀਂ ਸਕੇ।


ਹਾਲੀਵੁੱਡ ਦੇ ਸੁਪਰਸਟਾਰ ਰਹੇ ਚਾਰਲੀ ਚੈਪਲਿਨ ਨੂੰ ਫ਼ਿਲਮਾਂ ਦੇ ਕਾਮਿਕ ਸੀਨਜ਼ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਕਦੀ ਨਾ ਹੱਸਣ ਵਾਲਾ ਵਿਅਕਤੀ ਵੀ ਉਨ੍ਹਾਂ ਦੀ ਐਕਟਿੰਗ ਦੇਖ ਕੇ ਬਿਨਾਂ ਹੱਸੇ ਨਹੀਂ ਰਹਿ ਸਕਦਾ। ਚਾਰਲੀ ਚੈਪਲਿਨ ਦਾ ਜਨਮ ਅੱਜ ਹੀ ਦੇ ਦਿਨ 16 ਅਪ੍ਰੈਲ 1889 ਨੂੰ ਲੰਡਨ 'ਚ ਹੋਇਆ ਸੀ।


ਚਾਰਲੀ ਦੀ ਹਰਮਨ ਪਿਆਰਤਾ ਇੰਨੀ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਮਸ਼ਹੂਰ ਟਾਈਮ ਮੈਗਜ਼ੀਨ ਨੇ ਆਪਣੇ ਕਵਰ ਪੇਜ 'ਤੇ ਜਗ੍ਹਾ ਦਿੱਤੀ ਸੀ। ਇਹ ਪਹਿਲੀ ਵਾਰ ਸੀ ਜਦੋਂ ਕਿਸੇ ਅਦਾਕਾਰ ਨੂੰ ਟਾਈਮ ਮੈਗਜ਼ੀਨ ਦੇ ਕਵਰ ਪੇਜ 'ਤੇ ਜਗ੍ਹਾ ਮਿਲੀ ਹੋਵੇ। ਟਾਈਮ ਮੈਗਜ਼ੀਨ ਦਾ ਪਹਿਲਾ ਪ੍ਰਕਾਸ਼ਨ 1923 'ਚ ਹੋਇਆ ਸੀ। ਮੈਗਜ਼ੀਨ ਨੇ ਪਹਿਲੀ ਵਾਰ ਅਦਾਕਾਰੀ ਦੇ ਸਭ ਤੋਂ ਮਸ਼ਹੂਰ ਚਿਹਰੇ ਚਾਰਲੀ ਚੈਪਲਿਨ ਨੂੰ 6 ਜੁਲਾਈ 1925 ਦੇ ਅੰਕ 'ਚ ਕਵਰ ਪੇਜ 'ਤੇ ਪ੍ਰਕਾਸ਼ਿਤ ਕੀਤਾ ਸੀ।


1940 'ਚ ਚਾਰਲੀ ਨੇ ਹਿਟਲਰ 'ਤੇ ਫ਼ਿਲਮ 'ਦ ਗ੍ਰੇਟ ਡਿਕਟੇਟਰ' ਬਣਾਈ ਸੀ। ਇਸ 'ਚ ਉਨ੍ਹਾਂ ਹਿਟਲਰ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ ਜ਼ਰੀਏ ਉਨ੍ਹਾਂ ਹਿਟਲਰ ਨੂੰ ਕਾਮਿਕ ਰੂਪ 'ਚ ਪੇਸ਼ ਕਰ ਕੇ ਮਸ਼ਹੂਰੀ ਹਾਸਲ ਕੀਤੀ ਸੀ। ਫ਼ਿਲਮ 'ਚ ਹਿਟਲਰ ਦਾ ਮਜ਼ਾਕ ਬਣਾਉਣ 'ਤੇ ਕੁਝ ਲੋਕਾਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ ਜਦਕਿ ਕੁਝ ਲੋਕ ਖ਼ਿਲਾਫ਼ ਹੋ ਗਏ ਸਨ।

ਕਮਿਊਨਿਸਟ ਵਿਚਾਰਾਂ 'ਚ ਡੁੱਬੀ ਫ਼ਿਲਮ ਬਣਾਉਣ ਕਰਕੇ ਚਾਰਲੀ ਚੈਪਲਿਨ 'ਤੇ ਅਮਰੀਕਾ ਨੇ ਪਾਬੰਦੀ ਲਗਾ ਦਿੱਤੀ ਸੀ। ਆਪਣੀ ਸ਼ਾਨਦਾਰ ਅਦਾਕਾਰੀ ਜ਼ਰੀਏ ਲੋਕਾਂ ਨੂੰ ਹਸਾਉਣ ਲਈ ਮਜਬੂਰ ਕਰਨ ਵਾਲੇ ਚਾਰਲੀ ਨੂੰ 1973 'ਚ ਅਦਾਕਾਰੀ ਦੀ ਦੁਨੀਆ ਦੇ ਸਭ ਤੋਂ ਵੱਡੇ ਪੁਰਸਕਾਰ ਯਾਨੀ ਆਸਕਰ ਅਵਾਰਡ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਵੀ ਉਨ੍ਹਾਂ ਕਈ ਪੁਰਸਕਾਰ ਹਾਸਲ ਕੀਤੇ। ਹਾਸਰਸ ਨੂੰ ਲੋਕਾਂ ਤਕ ਲਿਜਾਣ ਵਾਲੇ ਇਸ ਅਦਾਕਾਰ ਦਾ ਦੇਹਾਂਤ 88 ਸਾਲ ਦੀ ਉਮਰ 'ਚ 1977 'ਚ ਹੋਇਆ।

Posted By: Akash Deep