ਜੇਐੱਨਐੱਨ, ਮੁਰਾਦਾਬਾਦ : ਮੁਰਾਦਾਬਾਦ ਪੁਲਿਸ ਨੇ ਆਖਿਰਕਾਰ ਫਿਲਮ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਸਮੇਤ ਪੰਜ ਖ਼ਿਲਾਫ਼ ਧੋਖਾਧੜੀ ਤੇ ਅਮਾਨਤ 'ਚ ਖਿਆਨਤ ਦੇ ਦੋਸ਼ 'ਚ ਕੋਰਟ 'ਚ ਚਾਰਜਸ਼ੀਟ ਦਾਖਲ ਕਰ ਦਿੱਤੀ। ਅਦਾਲਤ 'ਚ ਦੋਸ਼ ਤੈਅ ਹੋਣ ਤੋਂ ਬਾਅਦ ਮੁਰਾਦਾਬਾਦ 'ਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚੱਲੇਗਾ। ਮੁਰਾਦਾਬਾਦ ਦੇ ਈਵੈਂਟ ਮੈਨੇਜਰ ਪ੍ਰਮੋਦ ਸ਼ਰਮਾ ਨੇ 30 ਸਤੰਬਰ 2018 ਨੂੰ ਸ਼੍ਰੀ ਫੋਰਟ ਆਡੀਟੋਰੀਅਮ, ਦਿੱਲੀ 'ਚ ਇੰਡੀਆ ਫੈਸ਼ਨ ਐਂਡ ਬਿਊਟੀ ਐਵਾਰਡ ਲਈ ਟੈਲੇਂਟ ਫੁੱਲਆਨ ਤੇ ਐਕਸੀਡ ਐਂਟਰਟੇਨਮੈਂਟ ਕੰਪਨੀ ਜ਼ਰੀਏ ਫਿਲਮ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੂੰ ਬੁਲਾਇਆ। ਸੋਨਾਕਸ਼ੀ ਨੇ ਪ੍ਰਮੋਸ਼ਨਲ ਵੀਡੀਓ ਵੀ ਜਾਰੀ ਕੀਤਾ ਸੀ। ਸੋਨਾਕਸ਼ੀ ਨੇ 29.92 ਲੱਖ ਰੁਪਏ ਦਾ ਭੁਗਤਾਨ ਵੀ ਲੈ ਲਿਆ। ਟੈਲੇਂਟ ਫੁੱਲਆਨ ਦੇ ਅਭਿਸ਼ੇਕ ਸਿਨ੍ਹਾ ਨੂੰ ਛੇ ਲੱਖ 48 ਹਜ਼ਾਰ ਰੁਪਏ ਦਿੱਤੇ ਗਏ ਸਨ। ਇਸ ਤੋਂ ਬਾਅਦ ਵੀ ਸੋਨਾਕਸ਼ੀ ਪ੍ਰੋਗਰਾਮ 'ਚ ਨਹੀਂ ਗਈ। ਇਸ ਮਾਮਲੇ 'ਚ ਰਿਪੋਰਟ ਦਰਜ ਨਾ ਹੋਣ 'ਤੇ ਪੀੜਤ ਨੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਤਤਕਾਲੀ ਐੱਸਐੱਸਪੀ ਜੇ ਰਵਿੰਦਰ ਗੌਡ ਦੇ ਹੁਕਮ 'ਤੇ ਸੋਨਾਕਸ਼ੀ ਸਿਨ੍ਹਾ ਸਮੇਤ ਟੈਲੇਂਟ ਫੁਲਆਨ ਤੇ ਐਕਸੀਡ ਐਂਟਰਟੇਨਮੈਂਟ ਕੰਪਨੀ ਦੇ ਪੰਜ ਲੋਕਾਂ ਖ਼ਿਲਾਫ਼ ਧੋਖਾਧੜੀ ਤੇ ਅਮਾਨਤ 'ਚ ਖਿਆਨਤ ਕਰਨ ਦੇ ਦੋਸ਼ 'ਚ ਮੁਕੱਦਮਾ ਦਰਜ ਹੋਇਆ ਸੀ ਪਰ ਪੁਲਿਸ ਇਸ ਮਾਮਲੇ ਨੂੰ ਮੁੰਬਈ ਟਰਾਂਸਫਰ ਕਰਨ ਦੇ ਚੱਕਰ 'ਚ ਸੀ।

ਪੀੜਤ ਪ੍ਰਮੋਦ ਸ਼ਰਮਾ ਨੇ ਡੀਜੀਪੀ ਤਕ ਟਵੀਟ ਕਰ ਕੇ ਮਦਦ ਦੀ ਗੁਹਾਰ ਲਗਾਈ। ਐੱਸਐੱਸਪੀ ਅਮਿਤ ਪਾਠਕ ਨੇ ਦੱਸਿਆ ਕਿ ਆਈਪੀਸੀ ਦੀ ਧਾਰਾ 420 ਤੇ ਧਾਰਾ 406 ਤਹਿਤ 20 ਮਈ ਨੂੰ ਅਦਾਲਤ 'ਚ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ।

ਮਾਫ਼ੀ ਮੰਗਣ 'ਤੇ ਰਕਮ ਵਾਪਸ ਕਰਨ ਲਈ ਤਿਆਰ ਸੀ ਸੋਨਾਕਸ਼ੀ : ਬਿਆਨ ਦਰਜ ਕਰਵਾਉਣ ਲਈ ਅਦਾਕਾਰਾ ਸੋਨਾਕਸ਼ੀ ਸਿਨ੍ਹਾ 14 ਅਗਸਤ 2019 ਨੂੰ ਕਲਾਰਕ ਇਨ ਹੋਟਲ ਮੁਰਾਦਾਬਾਦ ਪਹੁੰਚੀ। ਉਨ੍ਹਾਂ ਬਿਆਨਾਂ 'ਚ ਕਿਹਾ ਕਿ ਈਵੈਂਟ ਮੈਨੇਜਰ ਪ੍ਰਮੋਦ ਸ਼ਰਮਾ ਕੋਰਟ 'ਚ ਲਿਖਤੀ ਰੂਪ 'ਚ ਮਾਫ਼ੀ ਮੰਗ ਲੈਣ ਤਾਂ ਉਨ੍ਹਾਂ ਦਾ ਪੈਸਾ ਵਾਪਸ ਕਰਨ ਲਈ ਤਿਆਰ ਹਾਂ। ਉਨ੍ਹਾਂ ਸੋਸ਼ਲ ਮੀਡੀਆ 'ਤੇ ਕਾਫੀ ਕੂੜ ਪ੍ਰਚਾਰ ਕੀਤਾ ਹੈ। ਇਸ ਨਾਲ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਵੱਲੋਂ ਲਾਏ ਗਏ ਸਾਰੇ ਦੋਸ਼ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹਨ।