ਨਈ ਦੁਨੀਆ, ਨਵੀਂ ਦਿੱਲੀ : Bigg Boss 'ਚ ਤੁਸੀਂ ਅਕਸਰ ਇਕ ਆਵਾਜ਼ ਸੁਣਦੇ ਹੋ ਜਿਹੜੀ ਘਰ 'ਚ ਰਹਿਣ ਵਾਲਿਆਂ ਨੂੰ ਦੱਸਦੀ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ ਤੇ ਕੀ ਨਹੀਂ। ਨਾਲ ਹੀ ਇਹੀ ਆਵਾਜ਼ ਘਰਵਾਲਿਆਂ ਨੂੰ ਬਿੱਗ ਬੌਸ ਦੇ ਫ਼ੈਸਲੇ ਬਾਰੇ ਜਾਣਕਾਰੀ ਦਿੰਦੀ ਹੈ। ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਪਿਛਲੇ 10 ਸਾਲਾਂ ਤੋਂ ਇਸ ਸ਼ੋਅ 'ਚ ਸੁਣਾਈ ਦੇਣ ਵਾਲੀ ਇਹ ਆਵਾਜ਼ ਕਿਸ ਦੀ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਆਵਾਜ਼ ਵਿਜੈ ਵਿਕਰਮ ਸਿੰਘ ਦੀ ਹੈ। Vijay Vikram Singh ਇਕ ਮੰਨੇ-ਪ੍ਰਮੰਨੇ ਵਾਇਸ ਓਵਰ ਆਰਟਿਸਟ ਹਨ, ਨਾਲ ਹੀ ਇਕ ਵੈੱਬ ਸੀਰੀਜ਼ 'ਚ ਐਕਟਿੰਗ ਕਰਦੇ ਵੀ ਨਜ਼ਰ ਆਏ ਹਨ। ਜਦੋਂ ਵਿਜੈ ਤੋਂ ਸਲਮਾਨ ਖ਼ਾਨ ਨਾਲ ਮੁਲਾਕਾਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਫੈਨ ਦੀ ਤਰ੍ਹਾਂ ਮਿਲਦੇ ਹਨ।

'ਪਿੰਕਵਿਲਾ' ਨੂੰ ਵਿਜੈ ਦੱਸਦੇ ਹਨ 'ਮੈਂ 2009 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਮੈਨੂੰ ਮੇਲ ਮਿਲੀ ਸੀ ਕਿ ਮੇਕਰਜ਼ ਨੂੰ ਇਕ ਮੇਲ ਵਾਇਸ ਦੀ ਜ਼ਰੂਰਤ ਹੈ ਤੇ ਮੈਂ ਉਨ੍ਹਾਂ ਨੂੰ ਆਪਣੀ ਸੀਡੀ ਭੇਜਾਂ। ਉਨ੍ਹਾਂ ਮੈਨੂੰ ਸ਼ਾਰਟ ਲਿਸਟ ਕੀਤਾ ਤੇ ਆਡੀਸ਼ਨ ਲਈ ਬੁਲਾਇਆ। ਦੋ ਦਿਨਾਂ ਦੇ ਅੰਦਰ ਹੀ ਮੈਨੂੰ ਕਨਫਰਮੇਸ਼ਨ ਦੇ ਦਿੱਤਾ ਤੇ ਇਹ ਮੇਰੇ ਕਰੀਅਰ ਦਾ ਸਰਬੋਤਮ ਸਮਾਂ ਸੀ।'

ਉਨ੍ਹਾਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਹ ਬਿੱਗ ਬੌਸ ਲਈ ਚੁਣੇ ਗਏ ਹਨ ਤਾਂ ਉਹ ਬੱਚਿਆਂ ਦੀ ਤਰ੍ਹਾਂ ਉੱਛਲ ਰਹੇ ਸਨ। ਸ਼ੋਅ ਬਾਰੇ ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਤਾਂ ਵਿਜੈ ਬੋਲੇ, 'ਸੀਜ਼ਨ 2 ਤੇ ਤਿੰਨ ਮੈਂ ਦੇਖਿਆ ਸੀ ਤੇ ਮੈਂ ਇਸ ਨਾਲ ਇੰਨਾ ਜੁੜ ਗਿਆ ਸੀ ਕਿ ਸ਼ੋਅ 'ਚ ਮੇਰੇ ਪਸੰਦੀਦਾ ਕੰਟੈਸਟੈਂਟ ਰਾਜੂ ਸ਼੍ਰੀਵਾਸਤਨ ਨੂੰ ਜਦੋਂ ਘਰੋਂ ਕੱਢਿਆ ਗਿਆ ਤਾਂ ਮੈਂ ਤੈਅ ਕਰ ਲਿਆ ਸੀ ਕਿ ਮੈਂ ਸ਼ੋਅ ਨਹੀਂ ਦੇਖਾਂਗਾ। ਇਸ ਲਈ ਇਸ ਸ਼ੋਅ ਨਾਲ ਜੁੜਨਾ ਮੇਰੇ ਲਈ ਵੱਡੀ ਗੱਲ ਸੀ।'

ਉਹ ਹੋਰ ਵੀ ਕਈ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਸੋਸ਼ਲ ਮੀਡੀਆ 'ਤੇ ਗੱਲਬਾਤ ਵੀ ਕਰਦੇ ਹਨ। ਇਕ ਵਾਇਸ ਆਰਟਿਸਟ ਦੇ ਰੂਪ 'ਚ ਮਿਲੀ ਪਛਾਣ 'ਤੇ ਵਿਜੈ ਕਹਿੰਦੇ ਹਨ, 'ਮੈਂ ਕਈ ਦੂਸਰੇ ਸ਼ੋਅ ਕੀਤੇ ਹਨ ਤੇ ਲੋਕ ਮੈਨੂੰ ਜਾਣਦੇ ਹਨ। ਮੈਨੂੰ ਨਹੀਂ ਲਗਦਾ ਕਿ ਮੈਨੂੰ ਪਛਾਣ ਨਹੀਂ ਮਿਲੀ, ਲੋਕ ਮੈਨੂੰ ਜਾਣਦੇ ਹਨ। ਕਿਸਮਤ ਨਾਲ ਪਿਛੇਲ ਸਾਲ ਫੈਮਿਲੀ ਮੈਨ ਰਿਲੀਜ਼ ਹੋਣ ਤੋਂ ਬਾਅਦ ਤਾਂ ਮੈਨੂੰ ਹੋਰ ਪਛਾਣ ਮਿਲ ਗਈ।'

ਆਪਣੇ ਸੰਘਰਸ਼ ਸਬੰਧੀ ਵਿਜੈ ਨੇ ਕਿਹਾ, 'ਸੰਘਰਸ਼ ਤਾਂ ਕੀਤਾ ਪਰ ਇੰਨਾ ਨਹੀਂ ਕਿ ਭੁੱਖੇ ਰਹਿਣਾ ਪਵੇ। ਖ਼ੁਦ ਦੀ ਟੈਲੇਂਟ ਨੂੰ ਪਛਾਣਦਾ ਨਹੀਂ ਸੀ, ਇਸ ਲਈ ਪਹਿਲਾਂ ਐੱਮਬੀਏ ਕਰ ਕੇ ਜੌਬ ਕੀਤੀ। ਮੈਂ ਪੂਰੇ ਬਦਲਾਅ ਨੂੰ ਇਸ ਤਰ੍ਹਾਂ ਪਲਾਨ ਕੀਤਾ ਕਿ ਮੈਨੂੰ ਘੱਟ ਤੋਂ ਘੱਟ ਸੰਘਰਸ਼ ਕਰਨਾ ਪਵੇ।'

Posted By: Seema Anand