ਮੌਜੂਦਾ ਸਮੇਂ ’ਚ ਜਦੋਂ ਨੌਜਵਾਨ ਵਰਗ ਵੱਲ ਝਾਤ ਮਾਰੀਦੀ ਹੈ ਤਾਂ ਉਹ ਦੁਨੀਆ ’ਚ ਗੁੰਮ, ਨਿਰਾਸ਼, ਨੀਰਸ, ਦਿਸ਼ਾਹੀਣ ਹੋਇਆ ਦਿਸਦਾ ਹੈ ਕਿਉਂਕਿ ਅੱਜ ਦਾ ਨੌਜਵਾਨ ਥੋੜ੍ਹੇ ਸਮੇਂ ’ਚ ਲੰਬੀਆਂ ਪੁਲਾਂਘਾਂ ਪੁੱਟਣਾ ਚਾਹੁੰਦਾ ਹੈ ਪਰ ਅਜਿਹਾ ਨਾ ਹੋਣ ’ਤੇ ਉਹ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਤੋਂ ਦੂਰ ਭੱਜਦਾ ਵੀ ਪ੍ਰਤੀਤ ਹੁੰਦਾ ਹੈ ਪਰ ਇਸ ਸਮਾਜ ’ਚ ਕਈ ਅਜਿਹੇ ਸੰਘਰਸ਼ੀ ਨੌਜਵਾਨ ਵੀ ਪੈਦਾ ਹੋਏ ਹਨ, ਜੋ ਸਮਾਜ ਸੇਵਾ ਨੂੰ ਆਪਣਾ ਧਰਮ-ਕਰਮ ਸਮਝਦਿਆਂ ਲੋਕਾਂ ਪ੍ਰਤੀ ਸਮਾਜਿਕ ਜ਼ਿੰਮੇਵਾਰੀਆਂ ਨੂੰ ਖਿੜੇ ਮੱਥੇ ਕਬੂਲਦੇ ਸਨ। ਅਜਿਹੀ ਹੀ ਇੱਕ ਪ੍ਰੇਰਨਾਸ੍ਰੋਤ ਸ਼ਖ਼ਸੀਅਤ ਦਾ ਨਾਂ ਹੈ ਭੰਗੜਾ ਕਲਾਕਾਰ ਭੁਪਿੰਦਰ ਸਿੰਘ।

ਉਸ ਦਾ ਜਨਮ 15 ਅਪ੍ਰੈਲ, 1948 ’ਚ ਜ਼ਿਲ੍ਹਾ ਰੋਪੜ ਦੇ ਪਿੰਡ ਖਾਨਪੁਰ ’ਚ ਅਜਮੇਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਸਵਰਨ ਕੌਰ ਦੀ ਕੁੱਖੋਂ ਮੱਧਵਰਗੀ ਪਰਿਵਾਰ ’ਚ ਹੋਇਆ। ਉਹ ਦੱਸਦਾ ਹੈ ਕਿ ਸਕੂਲ ਸਮੇਂ ਅਧਿਆਪਕਾਂ ਦੇ ਕਹੇ ਇਹ ਬੋਲ ਕਿ ਪੜ੍ਹਾਈ ’ਚ ਅੱਵਲ ਰਹਿਣ ਦੇ ਨਾਲ-ਨਾਲ ਇਸ ਗੱਭਰੂ ’ਚ ਕਲਾਕਾਰੀ ਦੇ ਗੁਣ ਛੁਪੇ ਹੋਏ ਹਨ, ਮੈਨੂੰ ਇਸ ਮੁਕਾਮ ਤੱਕ ਲਿਆਉਣ ’ਚ ਬਹੁਤ ਸਹਾਈ ਸਿੱਧ ਹੋਏ ਹਨ।

ਸਕੂਲ-ਕਾਲਜ ਦੇ ਸਮੇਂ ਤੋਂ ਭੰਗੜਾ ਟੀਮ ਦਾ ਕਪਤਾਨ ਰਹਿਣ ਵਾਲੇ ਭੁਪਿੰਦਰ ਸਿੰਘ ਨੂੰ ਸਰਕਾਰੀ ਕਾਲਜ ਰੋਪੜ ਵੱਲੋਂ ਚਾਰ ਵਾਰ ਸਰਵੋਤਮ ਭੰਗੜਚੀ ਦੇ ਖਿਤਾਬ ਨਾਲ ਨਿਵਾਜਿਆ ਗਿਆ। ਉਹ ਅੱਠ ਵਾਰ ਭਾਰਤ ਸਰਕਾਰ ਵੱਲੋਂ ਕਰਵਾਏ ਕੌਮੀ ਯੁਵਕ ਮੇਲਿਆਂ ’ਚ ਭਾਗ ਲੈ ਚੁੱਕਿਆ ਹੈ। ਉਸ ਨੇ ਲੋਕ ਨਾਚਾਂ, ਵਿਰਸੇ ਦੀ ਸੰਭਾਲ ਪ੍ਰਤੀ ਸੁਚੇਤ ਤੇ ਚਿੰਤਤ ਸਰਕਾਰ-ਗ਼ੈਰ ਸਰਕਾਰੀ ਅਦਾਰਿਆਂ ਨਾਲ ਤਾਲਮੇਲ ਕਰ ਕੇ ਤਕਰੀਬਨ 50 ਤੋਂ ਵੱਧ ਅੰਤਰਰਾਸ਼ਟਰੀ, ਰਾਸ਼ਟਰੀ, ਰਾਜ, ਜ਼ਿਲ੍ਹਾ ਪੱਧਰ ’ਤੇ ਆਪਣੀ ਕਲਾ ਦੇ ਜੌਹਰ ਵਿਖਾਏ ਹਨ, ਜਿਨ੍ਹਾਂ ’ਚ 1985 ’ਚ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਸਨਮੁੱਖ ਰਾਸ਼ਟਰਪਤੀ ਭਵਨ ’ਚ ਭੰਗੜਾ ਪਾਉਣ ਤੋਂ ਇਲਾਵਾ 1982 ਦੀਆਂ ਦਿੱਲੀ ਏਸ਼ੀਅਨ ਖੇਡਾਂ ’ਚ ਕੀਤੀਆਂ ਪੇਸ਼ਕਾਰੀਆਂ ਸ਼ਾਮਲ ਹਨ। ਉਸ ਨੂੰ 26 ਜਨਵਰੀ, 1985 ਨੂੰ ਨਵੀਂ ਦਿੱਲੀ ’ਚ ਪਰੇਡ ’ਚ ਭੰਗੜਾ ਪਾਉਣ ਦਾ ਵੀ ਮਾਣ ਹਾਸਲ ਹੋਇਆ।

ਉਸ ਨੇ 1976 ’ਚ ਯੂਪੀ ਦੇ ਜ਼ਿਲ੍ਹਾ ਮੇਰਠ ’ਚ ਮੋਦੀ ਰਬੜ ’ਚ ਸਰਵਿਸ ਦੀ ਸ਼ੁਰੂਆਤ ਕੀਤੀ। ਇੱਥੇ ਉਸ ਨੂੰ ਪੰਜ ਹਜ਼ਾਰ ਮੁਲਾਜ਼ਮਾਂ ਦੀ ਯੂਨੀਅਨ ਦਾ ਪੰਜ ਵਾਰ ਪ੍ਰਧਾਨ ਬਣਨ ਦਾ ਹੱਕ ਹਾਸਲ ਹੋਇਆ। ਮੋਦੀ ਰਬੜ ਮੇਰਠ ’ਚ ਟੈਕਨੀਕਲ ਸਰਵਿਸ ਇੰਜੀਨੀਅਰ ਦੀ ਤਰੱਕੀ ਮਿਲਣ ਉਪਰੰਤ ਉਸ ਦੀ ਬਦਲੀ ਚੰਡੀਗੜ੍ਹ ਕਰ ਦਿੱਤੀ ਗਈ, ਜਿੱਥੋਂ ਉਸ ਨੇ 2006 ’ਚ ਅਸਤੀਫ਼ਾ ਦੇ ਦਿੱਤਾ ।

ਜਵਾਨੀ ਦਾ ਇਹ ਉਹ ਸਮਾਂ ਸੀ ਜਦੋਂ ਹਸਮੁੱਖ ਅਤੇ ਮਿਲਾਪੜੇ ਸੁਭਾਅ ਦਾ ਮਾਲਕ ਭੁਪਿੰਦਰ ਸਿੰਘ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਜ਼ਿੰਦਗੀ ਜਿਉਣ ਸਦਕਾ ਦੂਜਿਆਂ ਲਈ ਰਾਹ ਦਸੇਰਾ ਬਣ ਕੇ ਚਾਨਣ ਮੁਨਾਰੇ ਵਜੋਂ ਉੱਭਰਿਆ।

ਉਸ ਦੀਆਂ ਪ੍ਰਾਪਤੀਆਂ ਦਾ ਹਰੇਕ ਪੰਨਾ ਸੁਨਹਿਰੀ ਹੈ। ਪੰਜਾਬੀ ਲੋਕ ਨਾਚਾਂ ਝੂਮਰ, ਲੁੱਡੀ, ਡੰਡਾਸ, ਢੋਲਾ, ਮਲਵਈ ਗਿੱਧਾ, ਜਿੰਦੂਆ, ਭੰਗੜੇ ਦੇ ਦੀਵਾਨੇ ਭੁਪਿੰਦਰ ਸਿੰਘ ਨੂੰ ਅਜੇ ਵੀ ਆਪਣੇ ਪੰਜਾਬੀ ਵਿਰਸੇ ਨਾਲ ਅੰਤਾਂ ਦਾ ਮੋਹ ਹੈ। ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਗ੍ਰਹਿ ਵਿਖੇ ਭੰਗੜਾ ਪਾਉਣ ਵਾਲੇ ਭੁਪਿੰਦਰ ਸਿੰਘ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ’ਚ ਹਰ ਸਾਲ ਕਰਵਾਏ ਜਾਂਦੇ ਮਿੰਨੀ ਓਲੰਪਿਕ ਖੇਡ ਮੇਲੇ ਦੇ ਪ੍ਰਸਿੱਧ ਟੂਰਨਾਮੈਂਟ ’ਚ ਭੰਗੜੇ ਦੀ ਪੇਸ਼ਕਾਰੀ ਵਿਖਾਉਣ ਦਾ ਸੁਨਹਿਰੀ ਮੌਕਾ ਨਸੀਬ ਹੋਇਆ। ਉਸ ਨੂੰ ਸਭ ਤੋਂ ਪਹਿਲਾਂ ਮੋਹਾਲੀ ਦੇ ਪਿੰਡ ਮਟੌਰ ਵਿਖੇ ਹੋਏ ਕੌਮਾਂਤਰੀ ਕਿਸਾਨ ਮੇਲੇ ‘ਕਾਮਾ ਗਾਟਾ ਮਾਰੂ’ ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਆਮਦ ’ਤੇ ਭੰਗੜਾ ਪਾਉਣ ਦਾ ਸੁਭਾਗ ਹਾਸਲ ਹੋਇਆ।

ਭੁਪਿੰਦਰ ਸਿੰਘ ਰੈੱਡਕਰਾਸ, ਨਹਿਰੂ ਯੁਵਾ ਕੇਂਦਰ ਸੰਗਠਨ, ਕੌਮੀ ਸੇਵਾ ਯੋਜਨਾ, ਪੰਜਾਬ ਟੂਰਿਜ਼ਮ, ਹਰਿਆਣਾ ਕਲਚਰਲ ਵਿਭਾਗ, ਨਾਰਥ ਜ਼ੋਨ ਕਲਚਰਲ ਸੈਂਟਰ, ਯੁਵਕ ਸੇਵਾ ਵਿਭਾਗ ਪੰਜਾਬ, ਆਈਸੀਸੀਆਰ ਦੇ ਸਹਿਯੋਗ ਸਦਕਾ ਆਪਣੇ ਵਿਰਸੇ ਨੂੰ ਪੰਜਾਬ ਤੋਂ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਆਸਾਮ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਤਾਮਿਲਨਾਡੂ, ਪੁੱਡੂਚੇਰੀ, ਮੁੰਬਈ, ਕਰਨਾਟਕ, ਦਮਨ-ਦਿਊ, ਦਿੱਲੀ ਰਾਜਾਂ ਤੋਂ ਇਲਾਵਾ ਦੂਜੇ ਦੇਸ਼ਾਂ ’ਚ ਆਪਣੀ ਕਲਾ ਅਤੇ ਹੁਨਰ ਦੇ ਜੌਹਰ ਵਿਖਾ ਚੁੱੱਕਿਆ ਹੈ।

Posted By: Sandip Kaur