ਜੇਐੱਨਐੱਨ, ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸ਼ਨੀਵਾਰ ਨੂੰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਦੇ ਘਰ ਅਤੇ ਦਫ਼ਤਰ 'ਤੇ ਛਾਪਾ ਮਾਰਿਆ ਸੀ। ਇਸਤੋਂ ਬਾਅਦ ਉਨ੍ਹਾਂ ਦੇ ਘਰੋਂ 86.5 ਗ੍ਰਾਮ ਡਰੱਗ ਬਰਾਮਦ ਕੀਤਾ ਗਿਆ। ਹੁਣ ਮੁੰਬਈ ਦੀ ਇਕ ਕੋਰਟ ਨੇ ਆਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੂੰ 4 ਦਸੰਬਰ ਤਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਸਤੋਂ ਪਹਿਲਾਂ ਇਸ ਜੋੜੇ ਨੂੰ ਗ੍ਰਿਫ਼ਤਾਰ ਕੀਤਾ ਸੀ।

ਭਾਰਤੀ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਉਨ੍ਹਾਂ ਦੇ ਪਤੀ ਨੂੰ 12 ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਦੇ ਘਰੋਂ ਡਰੱਗ ਮਿਲੀ ਹੈ। ਦੋਵੇਂ ਮੁੰਬਈ 'ਚ ਅੰਧੇਰੀ 'ਚ ਰਹਿੰਦੇ ਹਨ। ਦੋਵਾਂ ਨੇ ਡਰੱਗ ਦਾ ਸੇਵਨ ਵੀ ਕੀਤਾ ਹੈ। ਦੋਵਾਂ ਨੂੰ ਐੱਨਡੀਪੀਐੱਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨਸੀਬੀ ਨੂੰ ਸੂਚਨਾ ਮਿਲੀ ਸੀ ਕਿ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਡਰੱਗ ਦਾ ਸੇਵਨ ਕਰਦੇ ਹਨ ਅਤੇ ਛਾਪਾ ਮਾਰਨ 'ਤੇ ਭਾਰਤੀ ਸਿੰਘ ਦੇ ਘਰੋਂ 86.5 ਗ੍ਰਾਮ ਡਰੱਗ ਬਰਾਮਦ ਕੀਤਾ ਗਿਆ।

ਐੱਨਸੀਬੀ ਨੇ ਇਕ ਸਟੇਟਮੈਂਟ ਜਾਰੀ ਕਰਕੇ ਦੱਸਿਆ, 'ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚਿਆ ਨੇ ਡਰੱਗਸ ਦਾ ਸੇਵਨ ਕਰਨ ਦੀ ਗੱਲ ਸਵੀਕਾਰ ਕੀਤੀ ਹੈ।' ਧਿਆਨ ਦੇਣ ਯੋਗ ਹੈ ਕਿ 1000 ਗ੍ਰਾਮ ਤਕ ਦਾ ਗਾਂਜਾ ਬਰਾਮਦ ਕੀਤੇ ਜਾਣ 'ਤੇ ਛੋਟੀ ਕਵਾਂਟਿਟੀ ਮੰਨਿਆ ਜਾਂਦਾ ਹੈ। ਇਸਦੇ ਚੱਲਦਿਆਂ 6 ਮਹੀਨਿਆਂ ਤਕ ਦੀ ਜੇਲ੍ਹ ਜਾਂ 10,000 ਜੁਰਮਾਨਾ ਹੋ ਸਕਦਾ ਹੈ। 20 ਕਿਲੋਂ ਜਾਂ ਉਸਤੋਂ ਜ਼ਿਆਦਾ ਦਾ ਗਾਂਜਾ ਫੜੇ ਜਾਣ 'ਤੇ 20 ਸਾਲ ਦੀ ਜੇਲ੍ਹ ਹੋ ਸਕਦੀ ਹੈ। ਇਸਤੋਂ ਇਲਾਵਾ 10 ਸਾਲ ਤਕ ਦੀ ਜੇਲ੍ਹ ਦਾ ਵੀ ਨਿਯਮ ਹੈ। ਭਾਰਤੀ ਸਿੰਘ ਕਈ ਕਾਮੇਡੀ ਸ਼ੋਅ ਅਤੇ ਰਿਅਲਿਟੀ ਸ਼ੋਅ 'ਚ ਨਜ਼ਰ ਆ ਚੁੱਕੀ ਹੈ। ਇਸਤੋਂ ਇਲਾਵਾ ਉਹ ਕਈ ਸ਼ੋਅ ਹੋਸਟ ਵੀ ਕਰ ਚੁੱਕੀ ਹੈ।

ਐੱਨਸੀਬੀ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਲਗਾਤਾਰ ਬਾਲੀਵੁੱਡ 'ਚ ਡਰੱਗ ਦੇ ਐਂਗਲ ਨੂੰ ਲੈ ਕੇ ਕਾਰਵਾਈ ਕਰ ਰਿਹਾ ਹੈ। ਇਸਤੋਂ ਪਹਿਲਾਂ ਐੱਨਸੀਬੀ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਅਤੇ ਅਦਾਕਾਰਾ ਰੀਆ ਚੱਕਰਵਰਤੀ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਗ੍ਰਿਫਤਾਰ ਕਰ ਚੁੱਕਾ ਹੈ। ਰੀਆ ਚੱਕਰਵਰਤੀ ਨੂੰ ਜ਼ਮਾਨਤ ਮਿਲ ਚੁੱਕੀ ਹੈ।

Posted By: Ramanjit Kaur