ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਇਨੀਂ ਦਿਨੀਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਆਰੀਅਨ ਤੇ ਉਨ੍ਹਾਂ ਦੇ ਦੋਸਤ ਅਰਬਾਜ ਮਰਚਿਟ ਤੇ ਮੁਨਮੁਨ ਧਮੇਚਾ ਡਰੱਗਜ਼ ਮਾਮਲੇ 'ਚ ਗ੍ਰਿਫ਼ਤਾਰ ਹਨ। ਇਸ ਸਮੇਂ ਇਹ ਤਿਨੋਂ ਜੇਲ੍ਹ 'ਚ ਹਨ। ਸ਼ਾਹਰੁਖ਼ ਖਾਨ ਦੇ ਬੇਟੇ ਆਰੀਅਨ ਖਾਨ ਦਾ ਨਾਂ ਡਰੱਗਜ਼ ਮਾਮਲੇ 'ਚ ਆਉਣ ਤੋਂ ਬਾਅਦ ਦੇਸ਼ ਤੇ ਬਾਲੀਵੁੱਡ ਦੀਆਂ ਕਈ ਵੱਡੀਆਂ ਹਸਤੀਆਂ ਆਪਣੀ ਪ੍ਰਤੀਕਿਰਿਆ ਦੇ ਰਹੀ ਹੈ। ਹੁਣ ਰਾਜਨੀਤੀ ਪਾਰਟੀ ਮਜਲਿਸ-ਏ-ਇਤੇਹਾਦੁਲ-ਮੁਸਲਮੀਨ ਦੇ ਪ੍ਰਧਾਨ ਅਸਦਉਦੀਨ ਓਵੈਸੀ ਨੇ ਵੀ ਆਰੀਅਨ ਖਾਨ ਦੇ ਜੇਲ੍ਹ ਜਾਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ ਅਸਦਉਦੀਨ ਓਵੈਸੀ ਹਾਲ ਹੀ 'ਚ ਉਤਰ ਪ੍ਰਦੇਸ਼ ਦੇ ਗਾਜੀਆਬਾਦ 'ਚ ਪਹੁੰਚੇ। ਜਿੱਥੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਸਦਉਦੀਨ ਓਵੈਸੀ ਨੇ ਆਰੀਅਨ ਖਾਨ ਤੇ ਸ਼ਾਹਰੁਖ ਖਾਨ ਦਾ ਨਾਂ ਲਏ ਬਿਨਾਂ ਕਿਹਾ ਹੈ ਕਿ ਉਹ ਉਨ੍ਹਾਂ ਬੇਜ਼ੁਬਾਨ ਮੁਸਲਮਾਨ ਲਈ ਆਵਾਜ਼ ਬੁਲੰਦ ਕਰਨਗੇ ਜੋ ਜੇਲ੍ਹ 'ਚ ਬੰਦ ਹੈ ਬਜਾਏ ਉਨ੍ਹਾਂ ਦੇ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹੈ।

ਅੰਗਰੇਜ਼ੀ ਵੈੱਬਸਾਈਟ ਦੀ ਖਬਰ ਮੁਤਾਬਕ ਅਸਦਉਦੀਨ ਓਵੈਸੀ ਨੇ ਕਿਹਾ ਤੁਸੀਂ ਇਕ ਸੁਪਰਸਟਾਰ ਦੇ ਬੇਟੇ ਦੀ ਗੱਲ ਕਰ ਰਹੇ ਹਨ। ਯੂਪੀ ਦੀਆਂ ਜੇਲ੍ਹਾਂ 'ਚ ਬੰਦ ਘੱਟ ਤੋਂ ਘੱਟ 27 ਫੀਸਦੀ ਵਿਧਾਰਾਧੀਨ ਕੈਦੀ ਮੁਸਲਮਾਨ ਹੈ। ਉਨ੍ਹਾਂ ਲਈ ਕੌਣ ਬੋਲੇਗਾ? ਮੈਂ ਉਨ੍ਹਾਂ ਲਈ ਲੜਾਂਗਾ ਜੋ ਬੇਜ਼ੁਬਾਨ ਤੇ ਕਮਜ਼ੋਰ ਹਨ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹਨ। ਅਸਦਉਦੀਨ ਓਵੈਸੀ ਦੇ ਹੁਣ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਜੇਲ੍ਹ 'ਚ ਕਿਸੇ ਨੂੰ ਵੀ ਨਾਂ ਨਾਲ ਨਹੀਂ ਬਲਕਿ ਉਸ ਦੇ ਨੰਬਰ ਨਾਲ ਹੀ ਬੁਲਾਇਆ ਜਾਂਦਾ ਹੈ ਅਜਿਹੇ 'ਚ ਆਰੀਅਨ ਖਾਨ ਨੂੰ ਵੀ ਉਨ੍ਹਾਂ ਕੈਦੀ ਨੰਬਰ ਮਿਲ ਗਿਆ ਹੈ। ਦੂਜੇ ਪਾਸੇ ਜੇਲ੍ਹ 'ਚ ਆਰੀਅਨ ਖਾਨ ਨੂੰ ਉਨ੍ਹਾਂ ਦੇ ਘਰ 'ਚੋਂ 4500 ਰੁਪਏ ਮਨੀ ਆਰਡਰ ਆਇਆ ਹੈ ਜਿਸ ਨਾਲ ਉਹ ਕੰਟੀਨ ਤੋਂ ਆਪਣਾ ਮਨਪਸੰਦ ਦਾ ਖਾਣਾ ਖਾ ਸਕਦੇ ਹਨ। ਇਸ ਤੋਂ ਪਹਿਲਾਂ ਕੁਝ ਵੈੱਬਸਾਈਟਸ ਨੇ ਦਾਅਵਾ ਕੀਤਾ ਕਿ ਆਰੀਅਨ ਜੇਲ੍ਹ 'ਚ ਸਿਰਫ ਬਿਸਕੁੱਟ ਖਾ ਰਹੇ ਹਨ ਉਨ੍ਹਾਂ ਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਆਰੀਅਨ ਖਾਨ ਦੀ ਜ਼ਮਾਨਤ ਨੂੰ ਲੈ ਕੇ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।

Posted By: Ravneet Kaur