ਨਵੀਂ ਦਿੱਲੀ, ਜੇਐੱਨਐੱਨ : Arun Govil On Ram Mandir: ਰਾਮ ਮੰਦਰ ਦੀ ਉਸਾਰੀ ਲਈ 5 ਅਗਸਤ ਨੂੰ ਅਯੁੱਧਿਆ ਵਿਚ ਭੂਮੀ ਪੂਜਨ ਹੋਣ ਜਾ ਰਿਹਾ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਮਸਲਾ ਇਸ ਮੰਦਰ ਦੇ ਸੰਬੰਧ ਵਿਚ ਲੰਬੇ ਸਮੇਂ ਤੋਂ ਅਦਾਲਤ ਵਿਚ ਵਿਚਾਰ ਅਧੀਨ ਸੀ। ਹੁਣ ਰਾਮ ਮੰਦਰ ਦੇ ਹੱਕ ਵਿਚ ਆਏ ਫ਼ੈਸਲੇ ਤੋਂ ਬਾਅਦ ਇਸ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਭੂਮੀ ਪੂਜਨ ਨੂੰ ਲੈ ਕੇ ਆਮ ਆਦਮੀ ਤੋਂ ਲੈ ਕੇ ਸੋਸ਼ਲ ਮੀਡੀਆ ਤਕ ਚਰਚਾਵਾਂ ਚਲ ਰਹੀਆਂ ਹਨ। ਟੀਵੀ ਦੇ ਮਸ਼ਹੂਰ ਸੀਰੀਅਲ ਰਾਮਾਇਣ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਅਰੁਣ ਗੋਵਿਲ ਨੇ ਵੀ ਇਸ ਉੱਤੇ ਪ੍ਰਤੀਕਿਰਿਆ ਦਿੱਤੀ ਹੈ।

ਅਰੁਣ ਗੋਵਿਲ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ ਤੋਂ ਲਿਖਿਆ, 'ਅਯੁੱਧਿਆ 'ਚ ਰਾਮ ਮੰਦਰ ਲਈ ਲਗਾਤਾਰ ਲੜਦੇ ਆ ਰਹੇ ਹਨ ਬਜ਼ੁਰਗਾਂ, ਪਤਵੰਤਿਆਂ ਅਤੇ ਅੱਗੇ ਇਸ ਲੜਾਈ ਨੂੰ ਭੂਮੀ ਪੂਜਨ ਤਕ ਲੈ ਕੇ ਜਾਣ ਵਾਲੇ ਸਾਰੇ ਰਾਮ ਭਗਤਾਂ ਨੂੰ ਮੇਰਾ ਕੋਟਿ-ਕੋਟਿ ਨਮਨ। ਤੁਹਾਡੇ ਸਾਰਿਆਂ ਦੇ ਮਹਾਨ ਯਤਨਾਂ ਸਦਕਾ, ਸਾਨੂੰ ਇਹ ਦਿਨ ਵੇਖਣ ਦਾ ਮੌਕਾ ਮਿਲ ਰਿਹਾ ਹੈ। ਜੈ ਸ਼੍ਰੀ ਰਾਮ। '

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਨੇ ਇਸ ਮੁੱਦੇ ‘ਤੇ ਆਪਣੀ ਰਾਏ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਵੀ ਅਰੁਣ ਨੇ ਟਵੀਟ ਕਰਕੇ ਲਿਖਿਆ ਸੀ, 'ਸਾਰੀ ਮਨੁੱਖ ਜਾਤੀ ਭਗਵਾਨ ਸ਼੍ਰੀ ਰਾਮ ਦੇ ਮੰਦਰ ਦੇ ਨੀਂਹ ਪੱਥਰ ਦੀ ਉਡੀਕ ਕਰ ਰਹੀ ਹੈ। ਅਯੁੱਧਿਆ ਵਿਚ ਭੂਮੀ ਪੂਜਨ ਨਾਲ ਬ੍ਰਹਮ ਯੁੱਗ ਦੀ ਸ਼ੁਰੂਆਤ ਹੋਵੇਗੀ। ਜੈ ਸ਼੍ਰੀ ਰਾਮ।'

ਦੱਸ ਦੇਈਏ ਕਿ 5 ਅਗਸਤ ਯਾਨੀ ਬੁੱਧਵਾਰ ਨੂੰ ਰਾਮ ਮੰਦਰ ਲਈ ਭੂਮੀ ਭਜਨ ਹੋਣ ਵਾਲਾ ਹੈ। ਇਸ ਲਈ ਵਿਸ਼ੇਸ਼ ਇੱਟਾਂ ਦਾ ਨਿਰਮਾਣ ਵੀ ਕੀਤਾ ਗਿਆ ਹੈ।ਖਾਸ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੂਮੀ ਪੂਜਨ ਲਈ ਸੱਦਾ ਦਿੱਤਾ ਗਿਆ ਹੈ। ਉਹ ਨਾ ਸਿਰਫ ਭੂਮੀ ਪੂਜਨ ਕਰਨਗੇ ਬਲਕਿ ਲਗਭਗ ਇਕ ਘੰਟਾ ਦੇਸ਼ ਨੂੰ ਸੰਬੋਧਿਤ ਵੀ ਕਰਨਗੇ। ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦੂਰਦਰਸ਼ਨ 'ਤੇ ਕੀਤਾ ਜਾਵੇਗਾ।

ਉਥੇ ਹੀ ਜੇਕਰ ਗੱਲ ਕਰੀਏ ਅਰੁਣ ਗੋਵਿਲ ਦੀ, ਤਾਂ ਉਹ ਰਾਮਾਨੰਦ ਸਾਗਰ ਦੇ ਸੀਰੀਅਲ ਰਾਮਾਇਣ ਨਾਲ ਚਰਚਾ ਵਿਚ ਆਏ ਸਨ। ਤਾਲਾਬੰਦੀ ਦੇ ਸਮੇਂ ਰਾਮਾਇਣ ਦੇ ਦੂਰਦਰਸ਼ਨ ਪਰਤਣ ਤੋਂ ਬਾਅਦ ਉਹ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਸਮੇਂ, ਉਹ ਸੋਸ਼ਲ ਮੀਡੀਆ 'ਤੇ ਵੀ ਲਗਾਤਾਰ ਸਰਗਰਮ ਹੈ।

Posted By: Sunil Thapa