ਨਵੀਂ ਦਿੱਲੀ, ਜੇਐੱਨਐੱਨ : ਰਾਮਾਨੰਦ ਸਾਗਰ ਦੀ ਰਾਮਾਇਣ 'ਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਸ਼ਿਆਮ ਸੁੰਦਰ ਕਲਾਨੀ ਦਾ ਦੇਹਾਂਤ ਹੋ ਗਿਆ ਹੈ। ਸੀਰੀਅਲ 'ਚ ਰਾਮ ਬਣੇ ਅਰੁਣ ਗੋਵਿਲ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਹੈ।

ਅਰੁਣ ਗੋਵਿਲ ਨੇ ਟਵਿੱਟਰ 'ਤੇ ਸੋਗ ਸੰਦੇਸ਼ 'ਚ ਲਿਖਿਆ - ਮਿਸਟਰ ਸ਼ਿਆਮ ਸੁੰਦਰ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁੱਖ ਹੋਇਆ। ਉਨ੍ਹਾਂ ਨੇ ਰਾਮਾਨੰਦ ਸਾਗਰ ਦੀ ਰਾਮਾਇਣ 'ਚ ਸੁਗਰੀਵ ਦਾ ਕਿਰਦਾਰ ਨਿਭਾਇਆ ਸੀ। ਬਹੁਤ ਚੰਗੀ ਸਖ਼ਸੀਅਤ ਅਤੇ ਸੱਜਣ ਵਿਅਕਤੀ ਸਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ। ਰਾਮਾਇਣ ਦਾ ਇਸ ਸਮੇਂ ਡੀਡੀ ਨੈਸ਼ਨਲ 'ਤੇ ਪ੍ਰਸਾਰਣ ਕੀਤਾ ਜਾ ਰਿਹਾ ਹੈ, ਜਿਸਦੇ ਚੱਲਦਿਆਂ ਸਾਰੇ ਕਿਰਦਾਰ ਅਤੇ ਕਲਾਕਾਰ ਇਕ ਵਾਰ ਫਿਰ ਚਰਚਾ 'ਚ ਹਨ।

ਸ਼ਿਆਮ ਸੁੰਦਰ ਕਲਾਨੀ ਨੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਰਾਮਾਇਣ ਤੋਂ ਹੋਈ ਸੀ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਅਦਾਕਾਰੀ ਦੀ ਦੁਨੀਆ 'ਚ ਜ਼ਿਆਦਾ ਕੰਮ ਨਹੀਂ ਮਿਲਿਆ। ਰਾਮਾਇਣ 'ਚ ਸੁਗਰੀਵ ਦੀ ਭੂਮਿਕਾ ਭਗਵਾਨ ਰਾਮ ਦੇ ਵਨਵਾਸ ਦੌਰਾਨ ਸਾਹਮਣੇ ਆਉਂਦੀ ਹੈ। ਵਾਨਰ ਰਾਜ ਸੁਗਰੀਵ ਰਾਵਣ ਨਾਲ ਯੁੱਧ 'ਚ ਰਾਮ ਦੀ ਮਦਦ ਕਰਦੇ ਹਨ। ਸੁਗਰੀਵ ਅਤੇ ਰਾਮ ਦੀ ਮੁਲਾਕਾਤ ਹਨੂਮਾਨ ਨੇ ਕਰਵਾਈ ਸੀ। ਰਾਮ ਨੇ ਸੁਗਰੀਵ ਨੂੰ ਆਪਣੇ ਮਿੱਤਰ ਦਾ ਦਰਜਾ ਦਿੱਤਾ ਸੀ।

ਰਾਮਾਨੰਦ ਸਾਗਰ ਦੀ ਰਾਮਾਇਣ 'ਚ ਅਜਿਹੇ ਕਈ ਕਿਰਦਾਰ ਹਨ, ਜਿਨ੍ਹਾਂ ਨੇ ਛੋਟੀਆਂ-ਮੋਟੀਆਂ ਭੂਮਿਕਾਵਾਂ ਨਿਭਾਈਆਂ ਅਤੇ ਆਪਣੇ ਕਿਰਦਾਰਾਂ ਲਈ ਮਸ਼ਹੂਰ ਹੋਏ। 80 ਦੇ ਆਖ਼ਰੀ ਸਾਲਾਂ 'ਚ ਪ੍ਰਸਾਰਿਤ ਹੋਈ ਰਾਮਾਇਣ ਨੇ ਟੀਵੀ ਦੀ ਦੁਨੀਆ 'ਚ ਲੋਕ ਪ੍ਰਸਿੱਧਤਾ ਦਾ ਇਕ ਨਵਾਂ ਰਾਹ ਦਿਖਾਇਆ। ਇਸ ਮਿਥਿਹਾਸਿਕ ਸੀਰੀਅਲ ਦੀ ਵੱਧ ਰਹੀ ਪ੍ਰਸਿੱਧੀ ਦਾ ਨਤੀਜਾ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲਾਕਡਾਊਨ ਦੌਰਾਨ ਇਸਨੂੰ ਦੂਰਦਰਸ਼ਨ 'ਤੇ ਫਿਰ ਪ੍ਰਸਾਰਿਤ ਕਰਨ ਦਾ ਫ਼ੈਸਲਾ ਕੀਤਾ ਗਿਆ।

ਰਾਮਾਇਣ 'ਚ ਰਾਮ ਦਾ ਕਿਰਦਾਰ ਅਰੁਣ ਗੋਵਿਲ, ਲਕਸ਼ਮਣ ਜਾ ਕਿਰਦਾਰ ਸੁਨੀਲ ਲਹਿਰੀ, ਸੀਤਾ ਦਾ ਦੀਪਿਕਾ ਚਿਖਾਲਿਆ, ਹਨੂਮਾਨ ਦਾ ਦਾਰਾ ਸਿੰਘ ਅਤੇ ਰਾਵਣ ਦਾ ਕਿਰਦਾਰ ਅਰਵਿੰਦ ਤ੍ਰਿਵੇਦੀ ਨੇ ਨਿਭਾਇਆ ਸੀ। ਦੁਬਾਰਾ ਪ੍ਰਸਾਰਣ 'ਚ ਵੀ ਰਾਮਾਇਣ ਨੇ ਲੋਕ-ਪ੍ਰਸਿੱਧੀ ਦਾ ਕੀਰਤੀਮਾਨ ਬਣਾਇਆ ਅਤੇ 2015 ਤੋਂ ਹੁਣ ਤਕ ਪ੍ਰਸਾਰਿਤ ਹੋਏ ਕਿਸੇ ਵੀ ਸ਼ੋਅ ਤੋਂ ਵੱਧ ਟੀਆਰਪੀ ਪ੍ਰਾਪਤ ਕੀਤੀ।

Posted By: Rajnish Kaur