ਜੇਐੱਨਐੱਨ, ਨਵੀਂ ਦਿੱਲੀ : ਸ਼ਵੇਤਾ ਬੱਚਨ ਦੀ ਸੱਸ ਤੇ ਰਾਜ ਕਪੂਰ ਦੀ ਵੱਡੀ ਧੀ ਰਿਤੂ ਨੰਦਾ ਦਾ ਅੱਜ ਦੇਹਾਂਤ ਹੋ ਗਿਆ ਹੈ। 71 ਸਾਲ ਦੀ ਉਮਰ 'ਚ ਰਿਤੂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ। ਸ਼ਵੇਤਾ ਦੇ ਪਿਤਾ ਯਾਨੀ ਅਮਿਤਾਭ ਬੱਚਨ ਨੇ ਕੁੜਮਣੀ ਦੇ ਦੇਹਾਂਤ ਦੀ ਜਾਣਕਾਰੀ ਆਪਣੇ ਬਲੌਗ 'ਤੇ ਵੀ ਦਿੱਤੀ ਹੈ। ਅਮਿਤਾਭ ਨੇ ਆਪਣੇ ਬਲੌਗ 'ਚ ਲਿਖਿਆ, 'ਮੇਰੀ ਕੁੜਮਣੀ ਰਿਤੂ ਨੰਦਾ, ਸ਼ਵੇਤਾ ਬੱਚਨ ਦੀ ਸੱਸ ਦਾ ਰਾਤ ਸਵਾ ਕੁ ਇੱਕ ਵਜੇ ਅਚਾਨਕ ਦੇਹਾਂਤ ਹੋ ਗਿਆ।'

ਰਿਤੂ ਨੰਦਾ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਤੇ ਰਣਧੀਰ ਕਪੂਰ ਦੀ ਭੈਣ ਸਨ। ਇਕ ਮੀਡੀਆ ਪੋਰਟਲ ਨਾਲ ਗੱਲਬਾਤ ਕਰਦਿਆਂ ਰਣਧੀਰ ਨੇ ਕਿਹਾ, 'ਦੇਰ ਰਾਤ ਰਿਤੂ ਨੰਦਾ ਨੇ ਇਸ ਦੁਨੀਆ ਨੂੰ ਅਲਵਿਦਾ ਕਹੀ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸਨ। ਅਸੀਂ ਦਿੱਲੀ 'ਚ ਹਾਂ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਵੀ ਅੱਜ ਕੀਤਾ ਜਾਵੇਗਾ।'

ਰਿਤੂ ਨੰਦਾ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਰਿਧੀਮਾ ਕਪੂਰ ਦੀ ਭੂਆ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨਾਲ ਰਿਧੀਮਾ ਕਪੂਰ ਸ਼ੌਕਡ ਹਨ। ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰ ਕੇ ਭੂਆ ਨੂੰ ਸ਼ਰਧਾਂਜਲੀ ਦਿੱਤੀ ਹੈ। ਰਿਧੀਮਾ ਨੇ ਭੂਆ ਦੀ ਫੋਟੋ ਪੋਸਟ ਕਰਦਿਆਂ ਲਿਖਿਆ, 'ਮੈਂ ਤੁਹਾਡੇ ਤੋਂ ਵਧ ਦਿਆਲੂ ਤੇ ਚੰਗੇ ਇਨਸਾਨ ਨੂੰ ਨਹੀਂ ਮਿਲੀ। ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਭੂਆ।' ਰਿਧੀਮਾ ਦੀ ਪੋਸਟ 'ਤੇ ਏਕਤਾ ਕਪੂਰ ਨੇ ਵੀ ਕਮੈਂਟ ਕਰ ਕੇ ਰਿਤੂ ਨੰਦਾ ਨੂੰ ਸ਼ਰਧਾਂਜਲੀ ਦਿੱਤੀ ਹੈ।

Posted By: Seema Anand