ਵਰਿੰਦਰ ਆਜ਼ਾਦ: ਪਹਿਲਾਂ ਅਭਿਨੇਤਾ ਤੇ ਅਭਿਨੇਤਰੀਆਂ ਨੂੰ ਫਿਲਮੀ ਖੇਤਰ 'ਚ ਆਪਣੇ ਪੈਰ ਜਮਾਉਣ ਲਈ ਲੰਬਾ ਸੰਘਰਸ਼ ਕਰਨਾ ਪੈਂਦਾ ਸੀ। ਜ਼ਿਆਦਾਤਰ ਫਿਲਮੀ ਹੀਰੋ ਤੇ ਹੀਰੋਇਨਾਂ ਇਸ ਖੇਤਰ ਨਾਲ ਜੁੜੇ ਪਰਿਵਾਰਾਂ ਤੋਂ ਨਾ ਹੋ ਕੇ ਸਧਾਰਨ ਪਰਿਵਾਰਾਂ 'ਚੋਂ ਇੰਡਸਟਰੀ 'ਚ ਆਏ। ਹੁਣ ਸਮਾਂ ਬਦਲ ਗਿਆ ਹੈ। ਅੱਜ ਬਾਲੀਵੁੱਡ 'ਚ ਸਥਾਪਤ ਹੋ ਚੁੱਕੇ ਸਟਾਰਜ਼ ਦੇ ਬੱਚਿਆਂ ਦਾ ਦੌਰ ਹੈ। ਇਹ ਬੱਚੇ ਅੱਜ ਇੰਡਸਟਰੀ 'ਚ ਵੱਡੀ ਪ੍ਰਾਪਤੀਆਂ ਕਰ ਰਹੇ ਹਨ। ਭਾਵੇਂ ਇਨ੍ਹਾਂ ਬੱਚਿਆਂ ਨੂੰ ਫਿਲਮੀ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਸ਼ੁਰੂਆਤੀ ਫਿਲਮਾਂ ਆਸਾਨੀ ਨਾਲ ਮਿਲ ਗਈਆਂ ਪਰ ਉਹ ਇੰਡਸਟਰੀ 'ਚ ਸਥਾਪਤ ਆਪਣੀ ਅਦਾਕਾਰੀ ਦੇ ਦਮ 'ਤੇ ਹੋਏ ਹਨ। ਅਜਿਹੇ ਸਟਾਰਜ਼ ਵਿਚ ਅਭਿਨੇਤਰੀ ਆਲੀਆ ਭੱਟ ਦਾ ਨਾਂ ਵੀ ਆਉਂਦਾ ਹੈ। ਆਲੀਆ ਨੂੰ ਵੀ ਇਹ ਕਲਾ ਵਿਰਾਸਤ 'ਚ ਮਿਲੀ ਹੈ।


ਜਨਮ ਤੇ ਪਰਿਵਾਰ

ਆਲੀਆ ਭੱਟ ਦੇ ਪਿਤਾ ਮਹੇਸ਼ ਭੱਟ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਨਿਰਮਾਤਾ ਤੇ ਨਿਰਦੇਸ਼ਕ ਹਨ। ਮਹੇਸ਼ ਭੱਟ ਨੇ ਬਾਲੀਵੁੱਡ ਨੂੰ ਹੁਣ ਤਕ ਕਈ ਰੁਮਾਂਟਿਕ ਅਤੇ ਕਲਾਤਮਿਕ ਫਿਲਮਾਂ ਦਿੱਤੀਆਂ ਹਨ। ਮਹੇਸ਼ ਭੱਟ ਖ਼ੁਦ ਵੀ ਰੁਮਾਂਸ ਨੂੰ ਲੈ ਕੇ ਕਾਫ਼ੀ ਚਰਚਾ 'ਚ ਰਹਿ ਚੁੱਕਾ ਹੈ। ਆਲੀਆ ਦੀ ਵੱਡੀ ਭੈਣ ਪੂਜਾ ਭੱਟ ਵੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਪੂਜਾ ਭੱਟ ਨੇ ਆਮਿਰ ਖ਼ਾਨ, ਸਲਮਾਨ ਖ਼ਾਨ, ਰਾਹੁਲ ਰਾਏ, ਅਕਸ਼ੈ ਕੁਮਾਰ, ਸੰਜੈ ਦੱਤ ਨਾਲ ਸਭ ਤੋਂ ਵੱਧ ਫਿਲਮਾਂ ਕੀਤੀਆਂ ਹਨ। 'ਡੈਡੀ' ਫਿਲਮ 'ਚ ਪੂਜਾ ਦਾ ਕਲਾਤਮਿਕ ਕਿਰਦਾਰ ਯਾਦਗਾਰੀ ਸਾਬਤ ਹੋਇਆ। ਰੁਮਾਂਟਿਕ ਰੋਲ ਕਰਨ 'ਚ ਪੂਜਾ ਭੱਟ ਵੀ ਕਿਸੇ ਨਾਲੋਂ ਘੱਟ ਨਹੀਂ ਰਹੀ। ਰੁਮਾਂਸ 'ਚ ਆਲੀਆ ਵੀ ਆਪਣੀ ਭੈਣ ਅਤੇ ਪਿਤਾ ਨਾਲੋਂ ਚਾਰ ਕਦਮ ਅੱਗੇ ਹੈ।


ਬਾਲੀਵੁੱਡ ਅਦਾਕਾਰਾ ਆਲੀਆ ਭੱਟ ਦਾ ਜਨਮ 15 ਮਾਰਚ 1993 ਮੁੰਬਈ ਵਿਖੇ ਹੋਇਆ। ਆਲੀਆ ਦਾ ਨਿੱਕਾ ਨਾਂ 'ਸ਼ਾਈਨ' ਹੈ। ਫਿਲਮੀ ਸਫ਼ਰ ਦੀ ਸ਼ੁਰੂਆਤ ਉਸ ਨੇ 6 ਸਾਲ ਦੀ ਉਮਰ 'ਚ ਹੀ ਕਰ ਦਿੱਤੀ ਸੀ। ਉਸ ਨੇ ਫਿਲਮ 'ਸੰਘਰਸ਼' 'ਚ ਅਦਾਕਾਰਾ ਪ੍ਰਿਟੀ ਜ਼ਿੰਟਾ ਦੇ ਬਚਪਨ ਦਾ ਰੋਲ ਕੀਤਾ ਸੀ। ਬਤੌਰ ਅਭਿਨੇਤਰੀ ਆਲੀਆ ਦੀ ਡੈਬਿਊ ਫਿਲਮ 'ਸਟੂਡੈਂਟ ਆਫ ਦਿ ਯੀਅਰ' 2012 'ਚ ਰਿਲੀਜ਼ ਹੋਈ ਸੀ। ਇਸ ਫਿਲਮ ਲਈ ਉਸ ਨੂੰ ਬੈਸਟ ਡੈਬਿਊ ਐਕਟਰਸ ਦਾ ਐਵਾਰਡ ਵੀ ਮਿਲਿਆ।


ਬਾਖ਼ੂਬੀ ਨਿਭਾਇਆ ਹਰ ਕਿਰਦਾਰ

ਅੱਜ ਆਲੀਆ ਦੀ ਬਾਲੀਵੁੱਡ 'ਚ ਤੂਤੀ ਬੋਲਦੀ ਹੈ। ਹਰ ਤਰ੍ਹਾਂ ਦਾ ਕਿਰਦਾਰ ਉਸ ਨੇ ਹੁਣ ਤਕ ਬਾਖ਼ੂਬੀ ਨਿਭਾਇਆ ਹੈ। ਇਹ ਕਿਰਦਾਰ ਰੁਮਾਂਟਿਕ, ਕਾਮੇਡੀ ਤੇ ਭਾਵੇਂ ਸੰਜੀਦਾ ਕਿਉਂ ਨਾ ਹੋਵੇ। ਉਹ ਆਪਣੇ ਤੋਂ ਪਹਿਲਾਂ ਦੀਆਂ ਇੰਡਸਟਰੀ 'ਚ ਸਥਾਪਤ ਅਨਿਭੇਤਰੀਆਂ ਜਿਵੇਂ ਕੈਟਰੀਨਾ ਕੈਫ਼, ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਖ਼ਾਨ, ਦੀਪਿਕਾ ਪਾਦੁਕੋਨ, ਕੰਗਨਾ ਰਨੌਤ ਆਦਿ ਦੀ ਅਦਾਕਾਰੀ ਨੂੰ ਚੰਗੀ ਟੱਕਰ ਦੇ ਰਹੀ ਹੈ। ਕਲਾਤਮਿਕ ਫਿਲਮਾਂ ਦੀ ਗੱਲ ਕਰੀਏ ਤਾਂ ਆਲੀਆ ਦਾ ਕੋਈ ਜਵਾਬ ਨਹੀਂ। ਪੰਜਾਬ 'ਚ ਚੱਲ ਰਹੇ ਨਸ਼ਿਆਂ ਦੇ ਵਪਾਰ 'ਤੇ ਬਣੀ ਫਿਲਮ 'ਉੜਤਾ ਪੰਜਾਬ' (2016) 'ਚ ਉਸ ਨੇ ਬਿਹਾਰੀ ਨੰਦਾ ਦਾ ਦਮਦਾਰ ਕਿਰਦਾਰ ਨਿਭਾਇਆ। ਭਾਵੇਂ ਇਸ 'ਚ ਮੁੱਖ ਭੂਮਿਕਾ ਸ਼ਾਹਿਦ ਕਪੂਰ ਤੇ ਕਰੀਨਾ ਕਪੂਰ ਦੀ ਸੀ ਪਰ ਇਸ ਫਿਲਮ ਦਾ ਬੈਸਟ ਐਕਟਰ ਦਾ ਐਵਾਰਡ ਆਲੀਆ ਦੇ ਹਿੱਸੇ ਹੀ ਆਇਆ। ਫਿਲਮਾਂ 'ਚ ਆਈਟਮ ਨੰਬਰ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਪਰ ਆਲੀਆ ਨੇ 'ਹਾਈਵੇ' ਫਿਲਮ 'ਚ ਆਈਟਮ ਨੰਬਰ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਸੀ। ਅਭਿਸ਼ੇਕ ਵਰਮਨ ਵੱਲੋਂ ਨਿਰਦੇਸ਼ਤ ਫਿਲਮ '2 ਸਟੇਟਸ' 'ਚ ਆਲੀਆ ਨੇ ਅਨੰਨਯਾ ਸਵਾਮੀਨਾਥਨ ਨਾਂ ਦੀ ਕੁੜੀ ਦਾ ਦਮਦਾਰ ਕਿਰਦਾਰ ਨਿਭਾਇਆ। ਇਸ ਫਿਲਮ 'ਚ ਵਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਦੋ ਵੱਖ-ਵੱਖ ਸੂਬਿਆਂ ਨਾਲ ਸਬੰਧ ਰੱਖਦੇ ਮੁੰਡੇ-ਕੁੜੀ ਨੂੰ ਪ੍ਰੇਮ ਵਿਆਹ ਕਰਵਾਉਣ 'ਚ ਕੀ-ਕੀ ਮੁਸ਼ਕਲਾਂ ਆਉਂਦੀਆਂ ਹਨ। ਇਸ 'ਚ ਆਲੀਆ ਨਾਲ ਅਰਜੁਨ ਕਪੂਰ ਨੇ ਮੁੱਖ ਭੂਮਿਕਾ ਨਿਭਾਈ ਸੀ। ਫਿਲਮ 'ਡੀਅਰ ਜ਼ਿੰਦਗੀ' 2016 'ਚ ਚੰਗੀ ਅਦਾਕਾਰੀ ਲਈ ਆਲੀਆ ਨੂੰ ਫਿਲਮਫੇਅਰ ਐਵਾਰਡ ਮਿਲਿਆ। 'ਬਦਰੀਨਾਥ ਕੀ ਦੁਲਹਨੀਆ' 'ਚ ਉਸ ਨੇ ਰੁਮਾਂਟਿਕ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਲਈ ਵੀ ਉਸ ਨੂੰ ਫਿਲਮਫੇਅਰ ਐਵਾਰਡ ਮਿਲਿਆ। ਫਿਲਮ 'ਚ ਉਸ ਦਾ ਸਾਥ ਵਰੁਣ ਧਵਨ ਨੇ ਬਾਖ਼ੂਬੀ ਦਿੱਤਾ। 'ਕਪੂਰ ਐਂਡ ਸੰਨਜ਼' 2016 'ਚ ਸਿਧਾਰਥ ਕਪੂਰ ਨਾਲ ਆਲੀਆ ਨੇ ਦਿਲਚਸਪ ਕਿਰਦਾਰ ਨਿਭਾਇਆ। ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਰਾਜ਼ੀ' 'ਚ ਆਲੀਆ ਨੇ ਅਦਾਕਾਰੀ ਦਾ ਸਭ ਤੋਂ ਵਧੀਆ ਨਮੂਨਾ ਪੇਸ਼ ਕੀਤਾ। ਇਸ ਫਿਲਮ ਨੇ ਪਰਦੇ 'ਤੇ 100 ਕਰੋੜ ਤੋਂ ਜ਼ਿਆਦਾ ਦਾ ਕਮਾਈ ਕੀਤੀ।


ਆਲੀਆ ਬਾਰੇ ਦਿਲਚਸਪ ਗੱਲਾਂ

ਆਲੀਆ ਖੁੱਲ੍ਹੇ ਵਿਚਾਰਾਂ ਅਤੇ ਸੁਭਾਅ ਵਾਲੀ ਕੁੜੀ ਹੈ। ਉਹ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਆਖਣ 'ਚ ਯਕੀਨ ਰੱਖਦੀ ਹੈ। ਆਲੀਆ ਦਾ ਆਪਣੇ ਵਿਆਹ ਨੂੰ ਲੈ ਕੇ ਕਹਿਣਾ ਹੈ ਕਿ ਉਹ ਅਜਿਹੇ ਮੁੰਡੇ ਨਾਲ ਵਿਆਹ ਕਰਵਾਏਗੀ, ਜੋ ਉਸ ਨੂੰ ਵਿਆਹ ਤੋਂ ਬਾਅਦ ਫਿਲਮਾਂ ਕਰਨ ਤੋਂ ਨਾ ਰੋਕੇ। ਵੈਸੇ ਉਸ ਦੇ ਸਿਧਾਰਥ ਮਲਹੋਤਰਾ ਨਾਲ ਨਿੱਜੀ ਰਿਸ਼ਤਿਆਂ ਨੂੰ ਲੈ ਕੇ ਕਾਫ਼ੀ ਚਰਚਾ ਹੋਈ ਸੀ। ਅੱਜ ਕੱਲ੍ਹ ਇਹੀ ਚਰਚੇ ਉਸ ਦੇ ਰਣਬੀਰ ਕਪੂਰ ਨਾਲ ਹਨ। ਆਲੀਆ ਫਰੈਂਚ ਖਾਣੇ ਦੀ ਸ਼ੌਕੀਨ ਹੈ। ਡਾਈਟਿੰਗ ਤੋਂ ਬਾਅਦ ਉਹ ਪੂਰੀ ਨੀਂਦ ਲੈਣ 'ਚ ਭਰੋਸਾ ਰੱਖਦੀ ਹੈ। ਉਹ ਆਪਣੀ ਸੁੰਦਰਤਾ ਵੱਲ ਵਿਸ਼ੇਸ਼ ਧਿਆਨ ਦੇਂਦੀ ਹੈ। ਸਮੇਂ-ਸਮੇਂ 'ਤੇ ਉਹ ਪਾਰਟੀ ਵੀ ਕਰਦੀ ਰਹਿੰਦੀ ਹੈ। ਉਸ ਨੂੰ ਗਰਮ ਖਾਣਾ ਬਿਲਕੁਲ ਪਸੰਦ ਨਹੀਂ। ਇਟੈਲੀਅਨ ਤੇ ਮੈਕਸੀਕੋ ਫੂਡ ਵੀ ਉਹ ਖ਼ੂਬ ਪਸੰਦ ਕਰਦੀ ਹੈ। ਪੇਂਟਿੰਗ ਕਰਨਾ ਤੇ ਡਾਂਸ ਸਿੱਖਣਾ ਵੀ ਉਸ ਦੇ ਸ਼ੌਕ ਦਾ ਹਿੱਸਾ ਹਨ। 'ਸਟੂਡੈਂਟ ਆਫ ਦਿ ਯੀਅਰ' ਦੇ ਨਿਰਮਾਤਾ ਕਰਨ ਜੌਹਰ ਨੇ ਇਸ ਫਿਲਮ ਲਈ ਘੱਟੋਂ-ਘੱਟ 400 ਕੁੜੀਆਂ ਦੀ ਇੰਟਰਵਿਊ ਲਈ ਸੀ। ਫਿਰ ਜਦੋਂ ਆਲੀਆ ਨੂੰ ਫਾਈਨਲ ਕਰਨ ਦੀ ਵਾਰੀ ਆਈ ਤਾਂ ਉਸ ਨੇ ਸ਼ਰਤ ਰੱਖੀ ਕਿ ਪਹਿਲਾਂ ਉਹ ਆਪਣਾ ਭਾਰ ਘੱਟ ਕਰੇ। ਅਸਲ 'ਚ ਫਿਲਮਾਂ 'ਚ ਆਉਣ ਤੋਂ ਪਹਿਲਾਂ ਆਲੀਆ ਖਾਣ-ਪੀਣ ਦੀ ਚੰਗੀ ਸ਼ੌਕੀਨ ਸੀ। ਆਲੀਆ ਨੇ ਸਿਰਫ਼ ਤਿੰਨ ਮਹੀਨਿਆਂ 'ਚ ਆਪਣਾ 16 ਕਿੱਲੋ ਵਜ਼ਨ ਇਸ ਫਿਲਮ ਲਈ ਘਟਾਇਆ ਸੀ। ਆਲੀਆ ਨੇ ਪੜ੍ਹਾਈ ਸਿਰਫ਼ ਦਸਵੀਂ ਕਲਾਸ ਤਕ ਕੀਤੀ ਹੈ। ਉਸ ਨੇ 19 ਸਾਲ ਦੀ ਉਮਰ 'ਚ ਹਿੱਟ ਫਿਲਮ ਦਿੱਤੀ ਸੀ।


ਆਉਣ ਵਾਲੀਆਂ ਫਿਲਮਾਂ

ਇਸ ਵਕਤ ਆਲੀਆ ਭੱਟ ਕੋਲ ਕਈ ਵੱਡੇ ਬਜਟ ਦੀਆਂ ਫਿਲਮਾਂ ਚੱਲ ਰਹੀਆਂ ਹਨ। ਇਨ੍ਹਾਂ 'ਚ 'ਬ੍ਰਹਮਾਸਤਰ', 'ਕਲੰਕ', 'ਤਖ਼ਤ' ਆਦਿ ਸ਼ਾਮਲ ਹਨ। ਇਹ ਤਿੰਨੋਂ ਮਲਟੀਸਟਾਰਜ਼ ਫਿਲਮਾਂ ਹਨ। ਇਨ੍ਹਾਂ ਤੋਂ ਇਲਾਵਾ ਅਗਲੇ ਸਾਲ ਉਹ ਵਰੁਣ ਧਵਨ ਨਾਲ ਹਿੱਟ ਫਿਲਮ 'ਕੁਲੀ ਨੰਬਰ 1' ਦੇ ਰੀਮੇਕ 'ਚ ਵੀ ਅਦਾਕਾਰੀ ਕਰੇਗੀ। ਹਾਲ ਹੀ 'ਚ ਆਲੀਆ ਤੇ ਰਣਵੀਰ ਸਿੰਘ ਦੀ ਫਿਲਮ 'ਗਲੀ ਬੁਆਏ' ਰਿਲੀਜ਼ ਹੋਈ ਹੈ ਜੋ ਬੇਹੱਦ ਕਾਮਯਾਬ ਰਹੀ। ਆਲੀਆ ਭੱਟ ਦਿਨੋਂ ਦਿਨ ਫਿਲਮ ਇੰਡਸਟਰੀ 'ਚ ਆਪਣੀ ਪਛਾਣ ਗੂੜ੍ਹੀ ਕਰਦੀ ਜਾ ਰਹੀ ਹੈ। ਇਸ ਨਾਲ ਹੀ ਹੁਣ ਉਹ ਚੁਣੌਤੀਪੂਰਨ ਕਿਰਦਾਰ ਦੀ ਵੀ ਚੋਣ ਕਰਨ ਲੱਗ ਪਈ ਹੈ।


Posted By: Harjinder Sodhi