ਜੇਐੱਨਐੱਨ, ਨਵੀਂ ਦਿੱਲੀ : ਫੋਰਬਸ ਦੀ ਤਾਜ਼ਾ ਸੂਚੀ ਅਨੁਸਾਰ ਅਕਸ਼ੈ ਕੁਮਾਰ ਜਿਥੇ ਬਾਲੀਵੁੱਡ ਦੇ ਸਭ ਤੋਂ ਮਹਿੰਗੇ ਐਕਟਰ ਹਨ, ਉਥੇ ਹੀ ਦੁਨੀਆ ਭਰ ਦੇ ਅਦਾਕਾਰਾ 'ਚ ਅਕਸ਼ੈ ਛੇਵੇਂ ਨੰਬਰ 'ਤੇ ਹਨ। ਇਸ ਸੂਚੀ ਅਨੁਸਾਰ, ਅਕਸ਼ੈ ਦੀ ਪਿਛਲੇ ਸਾਲ ਕੁੱਲ ਆਮਦਨ 362 ਕਰੋੜ ਰਹੀ ਸੀ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅਕਸ਼ੈ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਫਿਲਮਾਂ ਤੋਂ ਨਹੀਂ ਬਲਕਿ ਵਿਗਿਆਪਨਾਂ ਤੋਂ ਆਉਂਦਾ ਹੈ।

ਫਿਲਮ ਫੇਅਰ ਵੈਬਸਾਈਟ ਅਨੁਸਾਰ, ਅਕਸ਼ੈ ਇਸ ਸਮੇਂ 30 ਉਤਪਾਦਾਂ ਦੇ ਵਿਗਿਆਪਨ ਕਰ ਰਹੇ ਹਨ, ਜਿਸ 'ਚ ਕੰਜਿਊਮਰ ਪ੍ਰੋਡਕਟਸ ਤੋਂ ਲੈ ਕੇ ਲਗਜ਼ਰੀ ਸਮਾਨ ਤਕ ਸ਼ਾਮਿਲ ਹੈ। ਇਸ ਰਿਪੋਰਟ ਅਨੁਸਾਰ, ਅਕਸ਼ੈ ਇਕ ਵਿਗਿਆਪਨ ਲਈ ਪ੍ਰਤੀਦਿਨ 2-3 ਕਰੋੜ ਲੈਂਦੇ ਹਨ। Duff and Phelps ਦੀ ਸਟੱਡੀ ਅਨੁਸਾਰ, ਅਕਸ਼ੈ ਦੀ ਬ੍ਰੈਂਡ ਵੈਲਿਊ 742 ਕਰੋੜ ਰੁਪਏ ਦੇ ਆਸਪਾਸ ਹੈ।

ਅਕਸ਼ੈ ਕੁਮਾਰ ਬਾਲੀਵੁੱਡ ਦੇ ਸਭ ਤੋਂ ਭਰੋਸੇਮੰਦ ਐਕਟਰਸ 'ਚ ਸ਼ਾਮਿਲ ਹਨ। 2019 'ਚ ਉਨ੍ਹਾਂ ਦੀਆਂ ਚਾਰ ਫਿਲਮਾਂ ਰਿਲੀਜ਼ ਹੋਈਆਂ ਸਨ ਅਤੇ ਚਾਰੋਂ ਹੀ ਸਫ਼ਲ ਰਹੀਆਂ ਹਨ। ਪਿਛਲੇ ਸਾਲ ਅਕਸ਼ੈ ਦੀ ਪਹਿਲੀ ਰਿਲੀਜ਼ ਫਿਲਮ ਕੇਸਰੀ ਸੀ, ਜਿਸਨੇ 153 ਕਰੋੜ ਦਾ ਕਲੈਕਸ਼ਨ ਘਰੇਲੂ ਬਾਕਸ ਆਫਿਸ 'ਤੇ ਕੀਤਾ ਸੀ। ਦੂਸਰੀ ਫਿਲਮ ਮਿਸ਼ਨ ਮੰਗਲ ਸੀ, ਜਿਸਨੇ 200 ਕਰੋੜ ਜਮ੍ਹਾਂ ਕੀਤੇ ਸਨ।

ਤੀਸਰੀ ਫਿਲਮ ਸੀ ਹਾਊਸਫੁੱਲ 4,206 ਕਰੋੜ ਦਾ ਕਲੈਕਸ਼ਨ ਕੀਤਾ ਸੀ, ਜਦਕਿ ਚੌਥੀ ਫਿਲਮ ਗੁੱਡ ਨਿਊਜ਼ ਨੇ ਵੀ 201 ਕਰੋੜ ਜਮ੍ਹਾਂ ਕੀਤੇ ਸਨ। 2019 'ਚ ਅਕਸ਼ੈ ਕੁਮਾਰ ਦੀਆਂ ਚਾਰ ਫਿਲਮਾਂ ਨੇ ਘਰੇਲੂ ਬਾਕਸ ਆਫਿਸ 'ਤੇ 750 ਕਰੋੜ ਤੋਂ ਵੱਧ ਨੈੱਟ ਕਲੈਕਸ਼ਨ ਕੀਤਾ ਸੀ।

ਇਸ ਸਾਲ ਵੀ ਅਕਸ਼ੈ ਕੁਮਾਰ ਦੀਆਂ 4 ਫਿਲਮਾਂ ਰਿਲੀਜ਼ ਹੋਣ ਵਾਲੀਆਂ ਸਨ ਪਰ ਕੋਵਿਡ-19 ਪੈਨਡੇਮਿਕ ਦੇ ਚੱਲਦਿਆਂ ਸਿਨੇਮਾਘਰ ਬੰਦ ਹੋਣ ਕਾਰਨ ਕੁਝ ਰਿਲੀਜ਼ ਨਹੀਂ ਹੋ ਸਕੀਆਂ ਅਤੇ ਕੁਝ ਓਟੀਟੀ ਪਲੇਟਫਾਰਮ 'ਤੇ ਆ ਰਹੀਆਂ ਹਨ। ਅਕਸ਼ੈ ਕੁਮਾਰ ਦੀ ਸੂਰਿਆਵੰਸ਼ੀ ਇਸ ਸਾਲ ਮਾਰਚ 'ਚ ਆਉਣ ਵਾਲੀ ਸੀ। ਰੋਹਿਤ ਸ਼ੈਟੀ ਵੱਲੋਂ ਨਿਰਦੇਸ਼ਿਤ ਇਹ ਫਿਲਮ ਬਾਕਸ ਆਫਿਸ 'ਤੇ ਵੱਡਾ ਧਮਾਕਾ ਕਰ ਸਕਦੀ ਸੀ। ਫਿਲਮ ਹਾਲਾਤ ਠੀਕ ਹੋਣ ਤੋਂ ਬਾਅਦ ਸਿਨੇਮਾਘਰਾਂ 'ਚ ਹੀ ਰਿਲੀਜ਼ ਕੀਤੀ ਜਾਵੇਗੀ।

ਈਦ 'ਤੇ ਰਿਲੀਜ਼ ਲਈ ਨਿਰਧਾਰਿਤ ਅਕਸ਼ੈ ਦੀ ਦੂਸਰੀ ਫਿਲਮ ਲਕਸ਼ਮੀ ਬੰਬ ਹੁਣ ਡਿਜ਼ਨੀ ਪਲੱਸ ਹਾਟਸਟਾਰ 'ਤੇ ਰਿਲੀਜ਼ ਹੋਵੇਗੀ। ਫਿਲਮ ਸਤੰਬਰ 'ਚ ਰਿਲੀਜ਼ ਹੋ ਸਕਦੀ ਹੈ। 2020 ਦੀ ਦੀਵਾਲੀ 'ਤੇ ਪ੍ਰਿਥਵੀਰਾਜ ਅਤੇ ਦਸੰਬਰ 'ਚ ਬੱਚਨ ਪਾਂਡੇ ਰਿਲੀਜ਼ ਹੋਣ ਵਾਲੀ ਸੀ। ਬੱਚਨ ਪਾਂਡੇ ਅਗਲੇ ਸਾਲ ਲਈ ਸ਼ਿਫ਼ਟ ਕਰ ਦਿੱਤੀ ਗਈ ਹੈ।

Posted By: Ramanjit Kaur