ਨਵੀਂ ਦਿੱਲੀ, ਜੇਐੱਨਐੱਨ : ਸ਼ਾਹਰੁਖ ਖ਼ਾਨ ਦੀ ਫਿਲਮ ਪਠਾਣ ਨੇ ਬਾਕਸ ਆਫਿਸ ’ਤੇ ਧਮਾਲ ਮਚਾ ਦਿੱਤਾ ਹੈ। ਇਸ ਫਿਲਮ ਨੇ ਸਫਲਤਾ ਦੀ ਉਹ ਕਹਾਣੀ ਲਿਖੀ ਹੈ, ਜਿਸ ਬਾਰੇ ਸ਼ਾਇਦ ਹੀ ਕੋਈ ਸੋਚ ਸਕਦਾ ਸੀ। ਸ਼ਾਹਰੁਖ ਖਾਨ ਚਾਰ ਸਾਲ ਬਾਅਦ ਫਿਲਮ ‘ਪਠਾਣ’ ਨਾਲ ਵੱਡੇ ਪਰਦੇ ’ਤੇ ਵਾਪਸ ਆਏ ਹਨ ਅਤੇ ਆਉਂਦਿਆਂ ਇਸ ਫਿਲਮ ਨੇ ਜ਼ਬਰਦਸਤ ਕੁਲੈਕਸ਼ਨ ਦਾ ਰਿਕਾਰਡ ਕਾਇਮ ਕੀਤਾ ਹੈ।

ਚਾਰ ਸਾਲ ਪਹਿਲਾਂ ਰਿਲੀਜ਼ ਹੋਈਆਂ ਸ਼ਾਹਰੁਖ ਦੀਆਂ ਫਿਲਮਾਂ ਕੁਝ ਖਾਸ ਕਮਾਲ ਨਹੀਂ ਕਰ ਰਹੀਆਂ ਸਨ। ਫਿਰ ‘ਪਠਾਣ’ ਨੂੰ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਫਿਲਮ ਦਾ ਕੁੱਲ ਸੱਤ ਰਾਜਾਂ ਵਿਚ ਵਿਰੋਧ ਹੋਇਆ ਸੀ। ਇਸ ਸਭ ਦੇ ਬਾਵਜੂਦ ਜਦੋਂ ਫਿਲਮ 25 ਜਨਵਰੀ ਨੂੰ ਰਿਲੀਜ਼ ਹੋਈ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸ਼ਾਹਰੁਖ ਦਾ ਧਮਾਕਾ ਇੰਨਾ ਜ਼ਬਰਦਸਤ ਹੋਵੇਗਾ ਕਿ ਫਿਲਮ ਛੇ ਦਿਨਾਂ ’ਚ 600 ਕਰੋੜ ਤੋਂ ਵੱਧ ਦੀ ਕਮਾਈ ਕਰ ਲਵੇਗੀ। ਇਸ ਦੌਰਾਨ ‘ਪਠਾਣ-2’ ਨੂੰ ਲੈ ਕੇ ਵੀ ਖ਼ਬਰ ਆਈ ਹੈ।

‘ਪਠਾਣ-2’ ਬਾਰੇ ਇਹ ਕਿਹਾ ਸ਼ਾਹਰੁਖ ਖ਼ਾਨ ਨੇ

ਸੋਮਵਾਰ ਨੂੰ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਜਾਨ ਇਬਰਾਹਮ ਨੇ ਨਿਰਦੇਸ਼ਕ ਸਿਧਾਰਥ ਆਨੰਦ ਨਾਲ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿਚ ਕਿੰਗ ਖਾਨ ਅਤੇ ਪੂਰੀ ਟੀਮ ਨੇ ਮੀਡੀਆ ਨਾਲ ‘ਪਠਾਣ’ ਦੀ ਸਫਲਤਾ ਦਾ ਜਸ਼ਨ ਮਨਾਇਆ ਅਤੇ ਕਈ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ। ਇਸ ਦੌਰਾਨ ਸ਼ਾਹਰੁਖ ਨੂੰ ‘ਪਠਾਣ-2’ ਬਾਰੇ ਪੁੱਛਿਆ ਗਿਆ, ਜਿਸ ’ਤੇ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ, ਜਿਸ ਨੂੰ ਜਾਣ ਕੇ ਪ੍ਰਸ਼ੰਸਕ ਖੁਸੀ ਨਾਲ ਝੂਮ ਉੱਠਣਗੇ।

ਦਰਅਸਲ ਕਾਨਫਰੰਸ ਦੌਰਾਨ ਸਿਧਾਰਥ ਆਨੰਦ ਨੇ ‘ਪਠਾਣ-2’ ਬਾਰੇ ਹਿੰਟ ਦਿੱਤਾ ਸੀ। ਉਸ ਨੇ ਕਿਹਾ, ‘ਪਠਾਣ ਹਿੱਟ ਹੈ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ?’ ਉੱਥੇ ਮੌਜੂਦ ਲੋਕਾਂ ਨੇ ਜਵਾਬ ’ਚ ਪਠਾਣ-2 ਦਾ ਨਾਂ ਲਿਆ ਤਾਂ ਸਿਧਾਰਥ ਆਨੰਦ ਨੇ ਵੀ ‘ਇੰਸ਼ਾ ਅੱਲ੍ਹਾ’ ਕਿਹਾ। ਇਸ ਤੋਂ ਬਾਅਦ ਸ਼ਾਹਰੁਖ ਨੇ ਕਿਹਾ ਕਿ ਉਨ੍ਹਾਂ ਨੂੰ ਇੰਨੀ ਵੱਡੀ ਖੁਸ਼ੀ (ਫਿਲਮ ਦੇ ਲਿਹਾਜ਼ ਨਾਲ) ਇੰਨੇ ਸਾਲਾਂ ’ਚ ਨਹੀਂ ਮਿਲੀ। ਜਦੋਂ ਵੀ ਸਿਧਾਰਥ ਚਾਹੇਗਾ ਕਿ ਮੈਂ ਪਠਾਣ-2 ਵਿਚ ਕੰਮ ਕਰਾਂ, ਮੈਂ ਕਰਾਂਗਾ। ਸ਼ਾਹਰੁਖ ਨੇ ਕਿਹਾ ਕਿ ਪਠਾਣ-2 ਵਿਚ ਕੰਮ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ।

Posted By: Harjinder Sodhi