ਨਵੀਂ ਦਿੱਲੀ : ਟੀਵੀ ਅਦਾਕਾਰਾ ਸ਼ਵੇਤਾ ਤਿਵਾੜੀ (Shweta Tiwari) ਦੇ ਪਤੀ ਅਭਿਨਵ ਕੋਹਲੀ ਨੂੰ ਜ਼ਮਾਨਤ ਮਿਲ ਗਈ ਹੈ। ਸ਼ਵੇਤਾ ਨੇ ਉਸ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਭਿਨਵ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਓਧਰ, ਅਭਿਨਵ ਦੀ ਮਾਂ ਪੂਨਮ ਕੋਹਲੀ (Poonam Kohli) ਖੁੱਲ੍ਹ ਕੇ ਬੇਟੇ ਦੀ ਹੱਕ 'ਚ ਆ ਗਈ ਹੈ।

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਿਕ, ਅਭਿਨਵ ਨੂੰ ਮੰਗਲਵਾਰ ਨੂੰ ਮੈਜਿਸਟ੍ਰੇਟ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਉਸ ਨੂੰ ਬੋਰੀਵਲੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਸ਼ਵੇਤਾ ਨੇ ਅਭਿਨਵ 'ਤੇ ਉਸ ਨਾਲ ਅਤੇ ਬੇਟੀ ਪਲਕ ਤਿਵਾੜੀ ਨਾਲ ਦੁਰਵਿਹਾਰ ਕਰਨ ਦਾ ਦੋਸ਼ ਲਗਾਇਆ ਸੀ। ਪਲਕ ਨੇ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਇਨ੍ਹਾਂ ਦੋਸ਼ਾਂ ਬਾਰੇ ਵਿਸਤਾਰ ਨਾਲ ਦੱਸਿਆ ਸੀ। ਪਲਕ ਨੇ ਕਿਹਾ ਸੀ ਕਿ ਅਭਿਨਵ ਨੇ ਉਸ ਨੂੰ ਅਜਿਹੇ ਸ਼ਬਦ ਕਹੇ ਹਨ ਜੋ ਬਰਦਾਸ਼ਤ ਤੋਂ ਬਾਹਰ ਹਨ। ਹਾਲਾਂਕਿ ਪਲਕ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਅਭਿਨਵ ਨੇ ਉਸ ਦਾ ਜਿਨਸੀ ਸ਼ੋਸ਼ਣ ਨਹੀਂ ਕੀਤਾ।

ਅਭਿਨਵ ਦੀ ਮਾਂ ਨੇ ਟੀਓਆਈ ਨਾਲ ਗੱਲਬਾਤ 'ਚ ਸ਼ਵੇਤਾ ਦੇ ਦੋਸ਼ਾਂ ਸਬੰਧੀ ਕਿਹਾ ਕਿ ਬੀਤੇ ਦੋ ਸਾਲਾਂ ਤੋਂ ਅਭਿਨਵ ਤੇ ਸ਼ਵੇਤਾ ਵਿਚਕਾਰ ਸਬੰਧ ਖ਼ਰਾਬ ਚੱਲ ਰਹੇ ਹਨ। ਅਭਿਨਵ ਨੇ ਚੀਜ਼ਾਂ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦਾ ਸੀ ਕਿਉਂਕਿ ਰਿਆਂਸ਼ ਛੋਟਾ ਸੀ, ਪਰ ਚੀਜ਼ਾਂ ਠੀਕ ਨਹੀਂ ਹੋ ਸਕੀਆਂ। ਪੂਨਮ ਨੇ ਕਿਹਾ ਕਿ ਅਭਿਨਵ ਨੇ ਪਲਕ ਦੀ ਪੂਰੀ ਦੇਖਭਾਲ ਕੀਤੀ ਸੀ। ਸਕੂਲ ਐਡਮਿਸ਼ਨ ਤੋਂ ਲੈ ਕੇ ਪੇਰੈਂਟਸ ਮੀਟਿੰਗ 'ਚ ਜਾਣਾ, ਸਭ ਕੁਝ ਕੀਤਾ। ਪਰ ਉਨ੍ਹਾਂ ਸਭ ਕੁਝ ਭੁਲਾ ਕੇ ਝੂਠੇ ਇਲਜ਼ਾਮ ਲਗਾ ਦਿੱਤੇ ਕਿਉਂਕਿ ਉਹ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਸ਼ਵੇਤਾ ਉਸ ਨੂੰ ਤਲਾਕ ਦੇਣਾ ਚਾਹੁੰਦੀ ਹੈ।

ਸ਼ਵੇਤਾ ਤਿਵਾੜੀ ਦਾ ਅਭਿਨਵ ਨਾਲ ਦੂਸਰਾ ਵਿਆਹ ਹੈ। ਰਾਜਾ ਚੌਧਰੀ ਨਾਲ ਤਲਾਕ ਤੋਂ ਬਾਅਦ ਸ਼ਵੇਤਾ ਨੇ ਅਭਿਨਵ ਨਾਲ ਵਿਆਹ ਕੀਤਾ ਸੀ। ਰਾਜਾ ਤੋਂ ਸ਼ਵੇਤਾ ਦੀ ਬੇਟੀ ਪਲਕ ਹੈ ਅਤੇ ਅਭਿਨਵ ਤੋਂ ਬੇਟਾ ਰਿਆਂਸ਼ ਹੈ।

Posted By: Seema Anand