ਰਾਸ਼ਿਦ ਅਲੀ, ਮੁਜ਼ੱਫਰਨਗਰ : ਫਿਲਮ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਤੋਂ ਉਨ੍ਹਾਂ ਦੀ ਪਤਨੀ ਆਲੀਆ ਉਰਫ਼ ਅੰਜਨਾ ਆਨੰਦ ਨੇ 2011 ਵਿਚ ਹੀ ਸਹਿਮਤੀ ਨਾਲ ਤਲਾਕ ਲੈ ਲਿਆ ਸੀ। ਦੋਵਾਂ ਵਿਚਾਲੇ ਆਪਸੀ ਗਿਲੇ-ਸ਼ਿਕਵੇ ਨੂੰ ਤਲਾਕ ਦਾ ਕਾਰਨ ਦੱਸਦੇ ਹੋਏ ਅੰਜਨਾ ਨੇ ਨਵਾਜ਼ੂਦੀਨ ਤੋਂ ਹੱਕ ਮੇਹਰ ਦੀ ਰਕਮ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਮੁੰਬਈ ਦੀ ਮੋਹਕਮ-ਏ-ਸ਼ਰੀਆ ਦਾਰੂਲ ਕਜ਼ਾ ਰਹਿਮਾਨੀਆ ਦੇ ਮੌਲਾਨਾ ਅਬੁਲ ਹਸਨ ਰਾਹੀ ਕਾਜ਼ੀ ਨੇ ਦੋਵਾਂ ਵਿਚਾਲੇ ਤਲਾਕ ਕਰਵਾਇਆ ਸੀ। ਤਲਾਕਨਾਮਾ ਬਕਾਇਦਾ ਨੋਟਰੀ ਵੀ ਕਰਵਾਇਆ ਗਿਆ ਸੀ।

ਬੁਢਾਨਾ ਦੇ ਮੂਲ ਨਿਵਾਸੀ ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਸਮੇਤ ਪਰਿਵਾਰ ਦੇ ਪੰਜ ਲੋਕਾਂ 'ਤੇ ਆਲੀਆ ਸਿੱਦੀਕੀ ਨੇ ਕੁਝ ਦਿਨ ਪਹਿਲਾਂ ਸੰਗੀਨ ਦੋਸ਼ ਲਾਉਂਦੇ ਹੋਏ ਮੁੰਬਈ ਦੇ ਵਰਸੋਵਾ ਥਾਣੇ ਵਿਚ ਮੁਕੱਦਮਾ ਦਰਜ ਕਰਵਾਇਆ ਸੀ। ਬਾਅਦ ਵਿਚ ਮੁਕੱਦਮਾ ਉੱਤਰ ਪ੍ਰਦੇਸ਼ ਵਿਚ ਮੁਜ਼ੱਫਰਨਗਰ ਦੇ ਬੁਢਾਨਾ ਥਾਣੇ ਵਿਚ ਟਰਾਂਸਫਰ ਹੋ ਗਿਆ ਸੀ। ਇਸ ਦੀ ਸਮੀਖਿਆ ਕਰ ਰਹੇ ਵੀਰਨਾਰਾਇਣ ਸਿੰਘ ਨੇ ਆਲੀਆ ਨੂੰ ਮੁੰਬਈ ਤੋਂ ਬੁਲਾ ਕੇ ਮੈਜਿਸਟ੍ਰੇਟ ਦੇ ਸਾਹਮਣੇ ਖ਼ੁਫ਼ੀਆ ਬਿਆਨ ਦਰਜ ਕਰਵਾਏ ਸਨ। ਮੁਕੱਦਮੇ ਵਿਚ ਆਲੀਆ ਨੇ ਨਵਾਜ਼ੂਦੀਨ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ 'ਤੇ ਬੁਢਾਨਾ ਵਿਚ ਦਸੰਬਰ, 2012 ਦੀ ਘਟਨਾ ਦਾ ਜ਼ਿਕਰ ਕਰਦੇ ਹੋਏ ਗੰਭੀਰ ਦੋਸ਼ ਲਗਾਏ ਸਨ। ਘਟਨਾ ਦੇ ਸਮੇਂ ਆਲੀਆ ਨੇ ਬੁਢਾਨਾ ਵਿਚ ਆਪਣੀ ਮੌਜੂਦਗੀ ਦਾ ਵੀ ਜ਼ਿਕਰ ਕੀਤਾ ਸੀ। ਨਵਾਜ਼ੂਦੀਨ ਦੇ ਵਕੀਲ ਸਈਦ ਨਦੀਮ ਜਾਫਰ ਜੈਦੀ ਨੇ ਦੱਸਿਆ ਕਿ ਦੱਸੀ ਗਈ ਘਟਨਾ ਤੋਂ ਪਹਿਲਾਂ ਹੀ ਆਲੀਆ ਮੁਸਲਿਮ ਪਰਸਨਲ ਕਾਨੂੰਨ ਤਹਿਤ 4 ਮਾਰਚ, 2011 ਨੂੰ ਨਵਾਜ਼ੂਦੀਨ ਤੋਂ ਤਲਾਕ ਲੈ ਚੁੱਕੀ ਸੀ।

ਧਰਮ ਪਰਿਵਰਤਨ ਕਰ ਕੇ ਕੀਤਾ ਸੀ ਨਿਕਾਹ

ਅੰਧੇਰੀ ਵੈਸਟ ਮੁੰਬਈ ਨਿਵਾਸੀ ਅੰਜਨਾ ਦੂਬੇ ਨੇ 17 ਮਾਰਚ, 2010 ਨੂੰ ਮੌਲਾਨਾ ਅਬੁਲ ਹਸਨ ਰਾਹੀ ਕਾਜ਼ੀ ਮੁੰਬਈ ਦੇ ਸਾਹਮਣੇ ਧਰਮ ਪਰਿਵਰਤਨ ਕਰ ਕੇ ਮੁਸਲਿਮ ਧਰਮ ਸਵੀਕਾਰ ਕੀਤਾ ਸੀ। ਅੰਜਨਾ ਨੇ ਆਪਣਾ ਨਾਂ ਬਦਲ ਕੇ ਜੈਨਬ ਉਰਫ਼ ਆਲੀਆ ਰੱਖ ਲਿਆ ਸੀ। ਇਸੇ ਦਿਨ ਨਵਾਜ਼ੂਦੀਨ ਨਾਲ ਉਨ੍ਹਾਂ ਦਾ ਨਿਕਾਹ ਪੜਿ੍ਹਆ ਗਿਆ। ਨਿਕਾਹਨਾਮੇ ਵਿਚ ਮੇਹਰ ਦੀ ਰਕਮ ਸਾਢੇ ਸੱਤ ਕਿੱਲੋ ਚਾਂਦੀ ਰੱਖੀ ਗਈ ਸੀ। ਧਰਮ ਤੇ ਨਾਂ ਪਰਿਵਰਤਨ ਦੀ ਕਾਰਵਾਈ ਨੂੰ 23 ਅਗਸਤ, 2010 ਨੂੰ ਨੋਟਰੀ ਕਰਵਾਇਆ ਗਿਆ ਸੀ।